ਚੰਗੇ ਭਵਿੱਖ ਲਈ ਨੌਜਵਾਨਾਂ ਨੂੰ ਸਿਆਸਤ ’ਚ ਅੱਗੇ ਆਉਣਾ ਹੀ ਪਵੇਗਾ: ਹਰਜਾਪ ਸਿੰਘ ਸੰਘਾ
Thursday, Nov 09, 2023 - 02:43 PM (IST)
ਜਲੰਧਰ (ਰਮਨਦੀਪ ਸੋਢੀ)- ਨੌਜਵਾਨ ਲੀਡਰ ਹਰਜਾਪ ਸਿੰਘ ਸੰਘਾ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਹਾਲ ਹੀ ’ਚ ਜਲੰਧਰ ਕੈਂਟ ਤੋਂ ਹਲਕਾ ਇੰਚਾਰਜ ਲਗਾਇਆ ਹੈ। 'ਜਗ ਬਾਣੀ' ਦੇ ਪ੍ਰਤੀਨਿਧੀ ਰਮਨਦੀਪ ਸਿੰਘ ਸੋਢੀ ਵੱਲੋਂ ਉਨ੍ਹਾਂ ਨਾਲ ਇਕ ਵਿਸਥਾਰਤ ਇੰਟਰਵਿਊ ਕੀਤੀ ਗਈ, ਜਿਸ ਵਿਚ ਉਹ ਦੱਸਦੇ ਹਨ ਕਿ ਉਨ੍ਹਾਂ ਦਾ ਅਕਾਲੀ ਦਲ ਅਤੇ ਸਿਆਸਤ ਨਾਲ ਪੁਰਾਣਾ ਰਿਸ਼ਤਾ ਹੈ। ਉਨ੍ਹਾਂ ਨੇ ਪਹਿਲੀ ਵਾਰ 2012 ’ਚ ਘਰ ਵਿਚ ਚੋਣਾਂ ਵੇਖੀਆਂ। ਉਦੋਂ ਪਰਗਟ ਸਿੰਘ ਨੇ ਅਕਾਲੀ ਦਲ ਵੱਲੋਂ ਚੋਣਾਂ ਲੜੀਆਂ ਤੇ ਵਿਧਾਇਕ ਬਣੇ। ਹਰਜਾਪ ਨੇ ਦੱਸਿਆ ਕਿ ਉਦੋਂ ਮੈਂ ਨੋਇਡਾ ਵਿਖੇ ਬੀ. ਬੀ. ਏ. ਕਰਦਾ ਸੀ। ਉਸ ਤੋਂ ਪਿੱਛੇ ਜਾਈਏ ਤਾਂ ਮੇਰੇ ਨਾਨਾ ਜੀ ਸਰਦਾਰ ਦਰਬਾਰਾ ਸਿੰਘ ਰਾਜਸਥਾਨ ਦੇ ਗਵਰਨਰ ਸਨ ਪਰ ਉਦੋਂ ਮੈਂ ਛੋਟਾ ਸੀ। ਸਾਡਾ ਪਰਿਵਾਰ ਮੇਰੇ ਦਾਦਾ ਜੀ ਦੇ ਸਮੇਂ ਤੋਂ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ। ਮੇਰੇ ਦਾਦੀ ਜੀ ਪੰਜਾਬ ਵੁਮੈਨ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਹਨ। ਮੇਰਾ ਨਾਨਕਾ ਤੇ ਦਾਦਕਾ ਪਰਿਵਾਰ ਵੀ ਸਿਆਸਤ ’ਚ ਸਰਗਰਮ ਹੈ। ਦਰਅਸਲ ਮੈਂ ਮਹਿਸੂਸ ਕਰਦਾ ਹਾਂ ਕਿ ਸਮਾਜ ਨੂੰ ਇਕ ਸੇਧ ਦੇਣ ਦੀ ਲੋੜ ਹਮੇਸ਼ਾ ਰਹਿੰਦੀ ਹੈ। ਮੇਰਾ ਮੰਨਣਾ ਹੈ ਕਿ ਪੜ੍ਹੇ-ਲਿਖੇ ਨੌਜਵਾਨ ਸਿਆਸਤ ’ਚ ਅੱਗੇ ਆਉਣ ਤਾਂ ਹੀ ਨੌਜਵਾਨਾਂ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਗੱਲ ਹੋਵੇਗੀ। ਬਜ਼ੁਰਗਾਂ ਤੋਂ ਅੱਜ ਦੀ ਪੀੜ੍ਹੀ ਦੇ ਪੱਖ ਦੀ ਬਹੁਤੀ ਉਮੀਦ ਨਹੀਂ ਹੈ। ਪੇਸ਼ ਹਨ ਜਗ ਬਾਣੀ ਵੱਲੋਂ ਪਟੈਟੋ ਕਿੰਗ ਵਜੋਂ ਜਾਣੇ ਜਾਂਦੇ ਸਿਆਸਤਦਾਨ ਹਰਜਾਪ ਸਿੰਘ ਨਾਲ ਕੀਤੀ ਮੁਲਾਕਾਤ ਦੇ ਖ਼ਾਸ ਅੰਸ਼-
ਸੁਖਬੀਰ ਬਾਦਲ ਕਹਿੰਦੇ ਹਨ ਕਿ ਨੌਜਵਾਨ ਨਵੀਆਂ ਪਾਰਟੀਆਂ ਦੇ ਵਾਅਦਿਆਂ ਤੋਂ ਹਿਪਨੋਟਾਈਜ਼ ਹੋ ਗਏ। ਫਿਰ ਤੁਸੀਂ ਕਿਵੇਂ ਬਚ ਗਏ?
ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਖੇਤਰੀ ਪਾਰਟੀ ਹੈ। ਸੁਖਬੀਰ ਬਾਦਲ ਦਾ ਜੋ ਪੰਜਾਬ ਵਿਜ਼ਨ ਹੈ ਜਾਂ ਜੋ ਪਾਰਟੀ ਨੇ ਕੀਤਾ ਤੇ ਕਰਨਾ ਚਾਹੁੰਦੀ ਹੈ, ਉਹ ਲੋਕਾਂ ਤੱਕ ਨਹੀਂ ਪਹੁੰਚ ਸਕਿਆ। ਬਾਦਲ ਸਾਬ੍ਹ ਨੇ ਪੰਜਾਬ ਦੇ ਮੁੱਢਲੇ ਢਾਂਚੇ ’ਤੇ ਜ਼ੋਰ ਦਿੱਤਾ ਹੈ। ਸਾਡੇ ਮੈਨੀਫੈਸਟੋ ਵਿਚ ਵੀ ਸੀ ਕਿ ਅਸੀਂ ਨੌਜਵਾਨਾਂ ਨੂੰ 10 ਲੱਖ ਰੁਪਏ ਦੇਵਾਂਗੇ ਤਾਂ ਜੋ ਉਹ ਬਾਹਰ ਪੜ੍ਹਣ ਤੇ ਉਥੋਂ ਕੁਝ ਸਿੱਖ ਕੇ ਪੰਜਾਬ ਆਉਣ। ਮੈਂ ਖ਼ੁਦ ਦੋ ਮਾਸਟਰ ਡਿਗਰੀਆਂ ਇੰਗਲੈਂਡ ਕੀਤੀਆਂ ਹਨ ਤੇ ਹੁਣ ਇਥੇ ਆ ਕੇ ਖੇਤੀ ਵੀ ਕਰ ਰਿਹਾ ਹਾਂ ਤੇ ਸਿਆਸਤ ਵਿਚ ਵੀ ਹਾਂ। ਅਸਲ ਵਿਚ ਸਾਡਾ ਇਹ ਫਰਜ਼ ਵੀ ਬਣਦਾ ਕਿ ਜਿਥੇ ਜੰਮੇ-ਪਲੇ ਉਸ ਖਿੱਤੇ ਲਈ ਜ਼ਰੂਰ ਕੁਝ ਕੀਤਾ ਜਾਵੇ।
ਇਹ ਵੀ ਪੜ੍ਹੋ: ਜਲੰਧਰ 'ਚ ਵੱਡੀ ਵਾਰਦਾਤ, ਗੰਨ ਪੁਆਇੰਟ 'ਤੇ ਕਿਡਨੈਪ ਕਰਕੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ
ਤੁਹਾਨੂੰ ਜ਼ਿੰਮੇਵਾਰੀ ਦੇਣਾ ਪਾਰਟੀ ਦੀ ਮਜ਼ਬੂਰੀ ਹੈ ਜਾਂ ਤੁਹਾਡੀ ਕਾਬਲੀਅਤ?
ਪਾਰਟੀ ਕੋਲ ਜਲੰਧਰ ਕੈਂਟ ਵਿਚ 7-8 ਦਾਅਵੇਦਾਰ ਸਨ। ਪਾਰਟੀ ਨੇ ਸੋਚ ਸਮਝ ਕੇ ਇਕ ਰਵਾਇਤ ਚਲਾਈ। 2007 ਵਿਚ ਸ਼੍ਰੋਮਣੀ ਅਕਾਲੀ ਦਲ ਨੇ ਨੌਜਵਾਨਾਂ ਨੂੰ ਜ਼ਿੰਮੇਵਾਰੀ ਦਿੱਤੀ ਤੇ ਸਰਕਾਰ ਬਣੀ । ਹੁਣ ਫਿਰ ਨੌਜਵਾਨਾਂ ਨੂੰ ਮੂਹਰੇ ਕੀਤਾ ਹੈ। ਪਿਛਲੀਆਂ ਚੋਣਾਂ ਵਿਚ ਕਈ ਮੇਰੇ ਨੌਜਵਾਨ ਵੀਰ ਤੇ ਕੁਰਬਾਨੀਆਂ ਕਰਨ ਵਾਲੇ ਅਕਾਲੀ ਦਲ ਨਾਲ ਪੱਕੇ ਜੁੜੇ ਪਰਿਵਾਰ ਵੀ ਵਿਰੋਧੀਆਂ ਦੇ ਵਾਅਦਿਆਂ ਅੱਗੇ ਥਿੜਕ ਗਏ। ਹੁਣ ਉਨ੍ਹਾਂ ਨੇ ਮੌਕਾ ਦੇ ਕੇ ਵੇਖ ਲਿਆ, ਇਸੇ ਕਰ ਕੇ ਹੁਣ ਅਕਾਲੀ ਦਲ ਵਿਚ ਤਬਦੀਲੀ ਆਈ ਹੈ।
ਲੋਕ ਕਹਿੰਦੇ ਹਨ ਕਿ ਰਈਸ ਸਿਆਸਤਦਾਨ ਉਨ੍ਹਾਂ ਦੀਆਂ ਸਮੱਸਿਆਵਾਂ ਨਹੀਂ ਸਮਝਦੇ। ਤੁਸੀਂ ਇਸ ਸਬੰਧੀ ਕੀ ਸੋਚਦੇ ਹੋ?
ਮੈਂ ਲੋਕਾਂ ਦੀਆਂ ਜ਼ਮੀਨੀ ਸਮੱਸਿਆਵਾਂ ਚੰਗੀ ਤਰ੍ਹਾਂ ਸਮਝਦਾ ਹਾਂ। ਸਾਡਾ ਪਰਿਵਾਰ 70-80 ਸਾਲਾਂ ਤੋਂ ਅਕਾਲੀ ਦਲ ਦੀ ਸੇਵਾ ਕਰ ਰਿਹਾ ਹੈ। ਮੈਨੂੰ ਜ਼ਿੰਮੇਵਾਰੀ ਇਸ ਕਰ ਕੇ ਨਹੀਂ ਮਿਲੀ ਕਿ ਮੈਂ ਅਮੀਰ ਪਰਿਵਾਰ ਨਾਲ ਸਬੰਧ ਰੱਖਦਾਂ ਸਾਂ। ਇਸ ਦਾ ਕਾਰਨ ਇਕ ਮਾਹੌਲ ਦਾ ਪੈਦਾ ਹੋਣਾ ਹੈ। ਪਹਿਲਾਂ ਸਰਬਜੀਤ ਸਿੰਘ ਮੱਕੜ ਭਾਜਪਾ ਵਿਚ ਚਲੇ ਗਏ। ਫਿਰ ਜਗਮੀਤ ਬਰਾੜ ‘ਆਪ’ ਵਿਚ ਚਲੇ ਗਏ। ਇਸ ਤੋਂ ਬਾਅਦ ਲੋਕ ਸਭਾ ਦੀ ਜ਼ਿਮਨੀ ਚੋਣ ਹੋਈ ਉਦੋਂ ਵੀ ਮੈਂ ਪਾਰਟੀ ਲਈ ਜ਼ਿੰਮੇਵਾਰੀ ਨਿਭਾਉਂਦਾ ਰਿਹਾ। ਸਾਡੇ ਆਲੇ-ਦੁਆਲੇ 62 ਪਿੰਡ, ਸ਼ਹਿਰ ਤੇ ਕੰਟੋਨਮੈਂਟ ਹਨ। ਸਾਡੇ ਬਜ਼ੁਰਗਾਂ ਦਾ ਸ਼ੁਰੂ ਤੋਂ ਹੀ ਸਾਰਿਆਂ ਨਾਲ ਮੇਲ-ਮਿਲਾਪ ਵੀ ਰਿਹਾ ਤੇ ਕੰਮ-ਕਾਰ ਵੀ ਕਰਵਾਉਂਦੇ ਰਹੇ। ਜਦੋਂ ਅਕਾਲੀ ਦਲ ਦੀ ਸਰਕਾਰ ਵੇਲੇ ਕੋਈ ਗ੍ਰਾਂਟ ਆਉਂਦੀ ਸੀ ਤਾਂ ਸਾਡੇ ਬਜ਼ੁਰਗਾਂ ਨੂੰ ਮੁੱਢ ਬਣਾ ਕੇ ਗ੍ਰਾਂਟ ਆਉਂਦੀ ਰਹੀ। ਪਿੰਡਾਂ ਦਾ ਕੋਈ ਕੰਮ ਹੋਣਾ ਤਾਂ ਬਾਦਲ ਸਾਬ੍ਹ ਨੂੰ ਕਹਿਣਾ ਤੇ ਸ਼ਾਮ ਤੱਕ ਕੰਮ ਹੋ ਜਾਣ ਦੀ ਖ਼ਬਰ ਮਿਲ ਜਾਣੀ। ਸੋ ਮੈਨੂੰ ਇਹ ਜ਼ਿੰਮੇਵਾਰੀ ਸਾਡੇ ਪਰਿਵਾਰ ਦੀ ਸੇਵਾ ਕਰ ਕੇ ਮਿਲੀ।
ਇਹ ਵੀ ਪੜ੍ਹੋ: ਹੱਥੀਂ ਉਜਾੜ ਲਿਆ ਘਰ, ਸ਼ਾਹਕੋਟ ਵਿਖੇ ਪਤਨੀ ਨੇ ਪ੍ਰੇਮੀ ਨਾਲ ਮਿਲ ਕੇ ਪਤੀ ਨੂੰ ਦਿੱਤੀ ਬੇਰਹਿਮ ਮੌਤ
ਕੀ ਤੁਹਾਨੂੰ ਅਕਾਲੀ ਦਲ ਦੇ ‘ਕਾਕਿਆਂ’ ਦੀ ਸ਼੍ਰੇਣੀ ’ਚੋਂ ਤਾਂ ਨਹੀਂ ਗਿਣਿਆ ਜਾਵੇਗਾ?
ਮੈਂ ਕਦੇ ਹਨ੍ਹੇਰਾ-ਸਵੇਰਾ, ਅਮੀਰ-ਗਰੀਬ, ਪਾਰਟੀ ਜਾਂ ਵਿਰੋਧੀ ਪਾਰਟੀ ਦਾ ਬੰਦਾ ਨਹੀਂ ਵੇਖਿਆ। ਜਿਸ ਨੇ ਵੀ ਆਵਾਜ਼ ਮਾਰੀ ਮੈਂ ਤੇ ਮੇਰਾ ਪਰਿਵਾਰ ਉਸ ਲਈ ਖੜ੍ਹੇ ਹਾਂ । ਮੈਂ ਦਿਨ-ਰਾਤ ਪਾਰਟੀ ਦੀ ਚੜ੍ਹਦੀ ਕਲਾ ਲਈ ਮਿਹਨਤ ਕੀਤੀ। ਭਾਵੇਂ ਸਰਕਾਰੀ ਜਾਂ ਨਿੱਜੀ ਹਸਪਤਾਲਾਂ ਵਿਚ, ਭਾਵੇਂ ਥਾਣਿਆਂ ਜਾਂ ਹੋਰ ਕਿਤੇ ਕੰਮ ਹੋਣ। ਭਾਵੇਂ ਕੁੜੀਆਂ ਦੇ ਵਿਆਹ ਹੋਣ ਜਾਂ ਕਿਸੇ ਦੀ ਪੜ੍ਹਾਈ ਨਾਲ ਜੁੜਿਆ ਮਸਲਾ ਹੋਵੇ, ਅਸੀਂ ਹਮੇਸ਼ਾ ਐਕਟਿਵ ਰਹੇ ਹਾਂ।
ਤੁਹਾਡੇ ਮੁਤਾਬਕ ਨਿੱਜੀ ਅਕਸ ਜਿੱਤ ਦਵਾਉਂਦਾ ਹੈ ਜਾਂ ਪਾਰਟੀ ਦੀ ਕਾਰਗੁਜ਼ਾਰੀ ?
ਦੋਵਾਂ ਦਾ ਕਾਂਬੀਨੇਸ਼ਨ ਜਿੱਤ ਲਈ ਜ਼ਰੂਰੀ ਹੈ। ਅਕਾਲੀ ਦਲ ਦਾ ਕਾਡਰ ਬਹੁਤ ਮਜ਼ਬੂਤ ਹੈ, ਉਹ ਕਈ ਵਾਰ ਡੋਲ ਸਕਦਾ ਪਰ ਹਿੱਲਦਾ ਨਹੀਂ। ਬੇਸ਼ੱਕ ਪਿਛਲੀਆਂ ਚੋਣਾਂ ਦੇ ਨਤੀਜੇ ਸਾਡੇ ਹੱਕ ਵਿਚ ਨਹੀਂ ਸਨ ਪਰ ਅੱਜ ਦੇ ਸਮੇਂ ਵਿੱਚ ਜਦੋਂ ਅਸੀਂ ਲੋਕਾਂ ਵਿਚ ਵਿਚਰਦੇ ਹਾਂ ਤਾਂ ਲੋਕ ਮਹਿਸੂਸ ਕਰਦੇ ਹਨ ਕਿ ਉਨ੍ਹਾਂ ਨਾਲ ਧੋਖਾ ਹੋਇਆ। ਅਸੀਂ ਤਾਂ ਜੰਮੇ ਵੀ ਅਕਾਲੀ ਤੇ ਮਰਨਾ ਵੀ ਅਕਾਲੀ ਹੈ। ਜੇ ਸਿਰਫ਼ ਕੰਮਾਂ ਨੂੰ ਵੋਟ ਪੈਂਦੀ ਤਾਂ ਬਾਦਲ ਸਾਬ੍ਹ ਕਦੇ ਹਾਰਦੇ ਨਾ। ਜਿੰਨੇ ਕੰਮ ਅਕਾਲੀ ਸਰਕਾਰ ਵੇਲੇ ਹੋਏ ਉਹ ਕਿਸੇ ਕੋਲੋਂ ਨਹੀਂ ਹੋਏ।
ਅਕਾਲੀ ਦਲ ਦੀ ਹਾਰ ਦਾ ਵੱਡਾ ਕਾਰਨ ਕੀ ਹੈ?
ਲਗਾਤਾਰ ਦੋ ਵਾਰ ਜਿੱਤ ਦਾ ਰਿਕਾਰਡ ਅਕਾਲੀ ਦਲ ਨੇ ਕਾਇਮ ਕੀਤਾ ਹੈ ਪਰ ਸਾਡਾ ਪੁਰਾਣਾ ਵਰਕਰ ਮਹਿਸੂਸ ਕਰਦਾ ਸੀ ਕਿ ਉਨ੍ਹਾਂ ਦੀ ਸੁਣਵਾਈ ਨਹੀਂ ਹੋਈ। ਦਰਅਸਲ ਉਹ ਸੁਣਵਾਈ ਲੋਕਲ ਲੀਡਰ ਨਹੀਂ ਹੋਣ ਦਿੰਦੇ ਸਨ। ਉਹ ਆਪਣੇ ਕੁਝ ਚਹੇਤਿਆਂ ਨੂੰ ਹੀ ਬਾਦਲ ਸਾਬ੍ਹ ਨੂੰ ਮਿਲਾਉਂਦੇ ਸਨ। ਉਂਝ ਤਾਂ ਬਾਦਲ ਸਾਬ੍ਹ ਇੰਨੇ ਮਿਲਣਸਾਰ ਸਨ ਕਿ ਲੋਕ ਗੁੱਟ ਫੜ ਕੇ ਵੀ ਕੰਮ ਕਰਵਾ ਲੈਂਦੇ ਸਨ ਪਰ ਉਹਦੇ ਲਈ ਘਰੋਂ ਨਿਕਲਣਾ ਪੈਂਦਾ ਸੀ।
ਪੰਜਾਬ ਦੇ ਮੌਜੂਦਾ ਹਾਲਾਤ ਬਾਰੇ ਕੀ ਸੋਚਦੇ ਹੋ?
ਪੰਜਾਬ ਸਰਹੱਦੀ ਸੂਬਾ ਹੈ। ਜੋ ਪਿਛਲੇ 3 ਸਾਲਾਂ ਤੋਂ ਰਿਵਾਇਤ ਵੇਖ ਰਹੇ ਹਾਂ ਉਹ ਬੜੀ ਚਿੰਤਾਜਨਕ ਹੈ। ਸਾਡੀ ਭਾਈਚਾਰਕ ਸਾਂਝ ਨੂੰ ਤੋੜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਅਜਿਹੀ ਸਾਂਝ ਤੋੜਣ ਵਾਲੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਹੁੰਦੀ। ਕਿਸਾਨ ਜਾਂ ਵਪਾਰੀ ਘਰੋਂ ਨਿਕਲਣ ਲੱਗਿਆਂ ਸੋਚਦਾ ਹੈ ਕਿ ਕੀ ਮੈਂ ਵਾਪਸ ਸੁਰੱਖਿਅਤ ਘਰੇ ਆਵਾਂਗਾ ਜਾਂ ਨਹੀਂ।
ਇਹ ਵੀ ਪੜ੍ਹੋ: ਪੰਜਾਬ 'ਚ 16 ਨਵੰਬਰ ਨੂੰ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਸਾਰੇ ਦਫ਼ਤਰ ਤੇ ਵਿਦਿਅਕ ਅਦਾਰੇ
ਕਦੇ ਵਿਦੇਸ਼ ਸੈੱਟਲ ਹੋਣ ਦਾ ਵਿਚਾਰ ਆਇਆ?
ਮੈਨੂੰ ਮੇਰੀ ਮਿੱਟੀ ਨਾਲ ਮੋਹ ਹੈ। ਜਦੋਂ ਮੈਂ ਪੜ੍ਹਨ ਗਿਆ ਤਾਂ ਮੇਰੇ ਘਰਦਿਆਂ ਨੇ ਕਿਹਾ ਵੀ ਤੂੰ ਆਪਣੇ ਸੁਫ਼ਨਿਆਂ ਲਈ ਆਪਣੇ ਰਸਤੇ ਖ਼ੁਦ ਚੁਣ। ਸਾਡਾ ਕੰਮ ਖੇਤੀਬਾੜੀ ਹੈ। ਦਸਾਂ ਨਹੁੰਆਂ ਦੀ ਕਿਰਤ ਕਰਦੇ ਹਾਂ। ਅੱਜ ਕੱਲ੍ਲ ਮੈਂ ਖੇਤੀਬਾੜੀ ਵੱਲ ਘੱਟ ਤੇ ਇਲਾਕੇ ਵਿਚ ਵੱਧ ਵਿਚਰ ਰਿਹਾ ਹਾਂ। ਸਾਡਾ ਇਕੱਠਾ ਪਰਿਵਾਰ ਹੈ।
ਜਲੰਧਰ ਕੈਂਟ ’ਚ ਅਕਾਲੀ ਦਲ ਦੇ ਹਲਾਤ ਕੀ ਹਨ?
ਅਕਾਲੀ ਦਲ ਨੇ ਇਥੇ ਰਿਵਾਈਵਲ ਕੀਤਾ ਹੈ। ਜਗਬੀਰ ਸਿੰਘ ਤੇ ਪਰਗਟ ਸਿੰਘ ਅਕਾਲੀ ਦਲ ਤੋਂ ਵਿਧਾਇਕ ਚੁਣੇ ਗਏ ਸਨ ਪਰ ਅਕਾਲੀ ਦਲ ਦਾ ਵਰਕਰ ਧੜਿਆਂ ਵਿਚ ਵੰਡਿਆ ਗਿਆ। ਮੇਰੀ ਪਹਿਲੀ ਕੋਸ਼ਿਸ਼ ਹੈ ਕਿ ਧੜੇ ਖ਼ਤਮ ਕਰ ਕੇ ਸਾਰਿਆਂ ਨੂੰ ਇਕੋ ਜਿਹਾ ਸਤਿਕਾਰ ਦਿੱਤਾ ਜਾਵੇ। ਚਾਹੇ ਉਹ ਬਜ਼ੁਰਗ, ਟਕਸਾਲੀ ਜਾਂ ਕਿਸੇ ਦੇ ਧੜੇ ਹੋਣ।
4500 ਏਕੜ ’ਚ ਖੇਤੀ ਕਰਦੇ ਹਨ ਪਟੈਟੋ ਕਿੰਗ
ਮੇਰਾ ਪੜਦਾਦਾ ਜੀ ਡਾਕਟਰ ਸਨ ਤੇ ਦਾਦਾ ਜੀ ਐੱਮ. ਐੱਸ. ਸੀ. ਐਗਰੀਕਲਚਰ ਸਨ। ਸਾਨੂੰ ਕਾਦੀਆਂ ਵਿਚ ਜ਼ਮੀਨ ਅਲਾਟ ਹੋਈ ਸੀ। 1962-63 ਵਿਚ ਉਥੇ ਉਨ੍ਹਾਂ ਆਲੂਆਂ ਤੇ ਹੋਰ ਸਬਜ਼ੀਆਂ ਦੀ ਕਾਸ਼ਤ ਸ਼ੁਰੂ ਕੀਤੀ। ਮੇਰੇ ਦਾਦਾ ਜੀ ਨੂੰ ਕਿਸੇ ਪ੍ਰੋਫੈਸਰ ਨੇ ਕਿਹਾ ਵੀ ਕਿ ਦੋਆਬੇ ਦੀ ਮਿੱਟੀ ਆਲੂਆਂ ਦੀ ਫਸਲ ਲਈ ਢੁੱਕਵੀਂ ਹੈ। 1965 ਵਿਚ ਅਸੀਂ ਵਿਗਿਆਨਿਕ ਤੌਰ ’ਤੇ ਆਲੂਆਂ ਦੀ ਕਾਸ਼ਤ ਸ਼ੁਰੂ ਕਰ ਦਿੱਤੀ ਸੀ। ਠੇਕੇ ’ਤੇ ਜ਼ਮੀਨ ਲੈ ਕੇ 1 ਏਕੜ ਤੋਂ ਆਲੂਆਂ ਦੀ ਕਾਸ਼ਤ ਸ਼ੁਰੂ ਕੀਤੀ ਸੀ ਤੇ ਅੱਜ 4500 ਏਕੜ ਵਿਚ ਕਾਸ਼ਤ ਕਰ ਰਹੇ ਹਾਂ। ਬਹੁਤੀ ਜ਼ਮੀਨ ਠੇਕੇ ’ਤੇ ਹੈ। ਜਲੰਧਰ ਸਾਡਾ ਹੈੱਡਕੁਆਰਟਰ ਹੈ ਤੇ ਕੁੱਲ 13 ਟਿਕਾਣੇ ਹਨ। ਤਕਰੀਬਨ 350 ਟਰੈਕਟਰ ਤੇ ਇੰਨੇ ਕੁ ਟਰਾਲੇ ਹਨ। ਕਰੀਬ 400 ਮੁਲਾਜ਼ਮ ਹਨ। 13 ਕੋਲਡ ਸਟੋਰ ਹਨ ਤੇ ਆਲੂਆਂ ਦੀ ਟੋਟਲ ਕੰਪੈਸਟੀ ਇਕ ਲੱਖ ਮੀਟ੍ਰਿਕ ਟਨ ਹੈ। ਅਸੀਂ ਆਪਣੇ ਟ੍ਰੇਡ ਦੇ ਮਾਸਟਰ ਹਾਂ। ਕੋਈ ਵੀ ਨਵਾਂ ਵਪਾਰੀ ਆਵੇਗਾ ਤਾਂ ਸਾਡਾ ਉਸ ਦੇ ਨਾਲ ਮੁਕਾਬਲਾ ਹੋਵੇਗਾ ਤੇ ਲੋਕ ਤੈਅ ਕਰਦੇ ਹਨ ਕਿ ਕਿਸ ਦੀ ਚੀਜ਼ ਵਧੀਆ ਹੈ। ਆਲੂਆਂ ਦਾ ਕੰਮ ਮੌਸਮੀ ਹੈ। ਸੀਜ਼ਨ ਚੰਗਾ ਲੱਗ ਜਾਵੇ ਤਾਂ ਕਰਜ਼ਾ ਲੱਥ ਜਾਂਦਾ ਹੈ ਤੇ ਜੇ ਮਾੜਾ ਹੋਵੇ ਤਾਂ ਚੜ੍ਹ ਜਾਂਦਾ ਹੈ।
ਇਹ ਵੀ ਪੜ੍ਹੋ: PM ਮੋਦੀ ਤੇ ਭਾਜਪਾ ਨੇਤਾਵਾਂ ਨੇ ਦੇਸ਼ ਦੇ ਲੋਕਾਂ ਨਾਲ ਸਿਰਫ਼ ਜੁਮਲੇਬਾਜ਼ੀ ਕੀਤੀ: ਭਗਵੰਤ ਮਾਨ
ਅੱਜ ਮਾਰਕੀਟ ’ਚ ਆਲੂਆਂ ਦੀ ਵੈਲਿਊ ਕੀ ਹੈ?
ਅੱਜ ਨਾ ਤਾਂ ਆਲੂ ਬਹੁਤ ਜ਼ਿਆਦਾ ਮਾੜਾ ਨਾ ਬਹੁਤ ਜ਼ਿਆਦਾ ਚੰਗਾ ਵਿਕ ਰਿਹਾ ਹੈ। ਸੀਜ਼ਨ ਸਟੇਬਲ ਚੱਲ ਰਿਹਾ ਹੈ ਪਰ ਕਈ ਵਾਰ ਬਹੁਤ ਮੰਦਾ ਵੀ ਲੱਗ ਜਾਂਦਾ ਹੈ। ਜਦੋਂ ਸੀਜ਼ਨ ਮੰਦਾ ਹੁੰਦਾ ਤਾਂ ਵਪਾਰੀ ਤੁਹਾਡੇ ਤੋਂ ਖਰਚੇ ਤੋਂ ਵੀ ਸਸਤਾ ਆਲੂ ਭਾਲਦਾ ਹੈ। ਇਹ ਡਿਮਾਂਡ ਐਂਡ ਸਪਲਾਈ ਦੀ ਖੇਡ ਹੈ। ਆਲੂਆਂ ਦੀਆਂ ਦੁਨੀਆ ਭਰ ਵਿਚ ਬਹੁਤ ਕਿਸਮਾਂ ਹਨ ਤੇ ਤਕਰੀਬਨ 300 ਤਰ੍ਹਾਂ ਦੀਆਂ ਕਿਸਮਾਂ ਤਾਂ ਅਸੀਂ ਹੀ ਬੀਜਦੇ ਹਾਂ। ਕਿਸੇ ਆਲੂ ਦੀ ਸ਼ੇਪ ਵਿਚ ਫਰਕ ਹੁੰਦਾ ਹੈ ਤੇ ਕਿਸੇ ਦੀ ਸਟਾਰਚ ਵੈਲਿਓ ਦਾ ਫਰਕ ਹੈ। ਜੋ ਵਰਾਇਟੀ ਅਸੀਂ ਬੀਜਦੇ ਹਾਂ ਉਹ ਕਿਸਾਨ ਲੈ ਕੇ ਜਾਂਦਾ ਹੈ ਤੇ ਫਿਰ ਉਗਾ ਕੇ ਮੰਡੀ ਵਿਚ ਵੇਚਦਾ ਹੈ।
ਕੀ ਆਲੂਆਂ ਦੀ ਫ਼ਸਲ ਕੁਦਰਤੀ ਤਰੀਕੇ ਨਾਲ ਤਿਆਰ ਹੋ ਸਕਦੀ ਹੈ?
ਨਹੀਂ, ਸਪੇਰਅ ਨਾਲ ਹੀ ਆਲੂ ਦੀ ਕਾਸ਼ਤ ਹੁੰਦੀ ਹੈ। ਇਹ ਮਿੱਠੀ ਫਸਲ ਹੈ, ਇਸ ਵਿਚ ਸਟਾਰਚ ਹੁੰਦਾ ਹੈ, ਇਸ ਕਰ ਕੇ ਆਲੂ ਨੂੰ ਸੁੰਡੀ ਵੀ ਪੈਂਦੀ ਹੈ। ਕੋਰਾ, ਟੈਂਪਰੇਚਰ ਬਦਲ ਜਾਵੇ ਜਾਂ ਹੋਰ ਵੀ ਬਹੁਤ ਅਜਿਹੀਆਂ ਸਮੱਸਿਆਵਾਂ ਹਨ, ਜਿਨ੍ਹਾਂ ਨਾਲ ਰਾਤੋ-ਰਾਤ ਫ਼ਸਲ ਖ਼ਰਾਬ ਹੋ ਜਾਂਦੀ ਹੈ। ਦਰਅਸਲ ਜੋ ਸਪਰੇਆਂ ਹੁੰਦੀਆਂ, ਉਹ ਵੀ ਆਲੂਆਂ ’ਤੇ ਕੋਈ ਅਸਰ ਨਹੀਂ ਕਰਦੀਆਂ ਕਿਉਂਕਿ ਉਹ ਉਪਰਲੇ ਹਿੱਸੇ ’ਤੇ ਕੀਤੀਆਂ ਜਾਂਦੀਆਂ ਹਨ ਤੇ ਕਿਸੇ ਤਰ੍ਹਾਂ ਵੀ ਆਲੂਆਂ ਨੂੰ ਟੱਚ ਨਹੀਂ ਕਰਦੀਆਂ। ਇਸ ਕਰ ਕੇ ਆਲੂਆਂ ਵਿਚ ਸਪਰੇਅ ਦਾ ਅਸਰ ਨਹੀਂ ਜਾਂਦਾ। ਖੇਤੀ ਅੱਜ ਵੀ ਲਾਹੇਵੰਦ ਧੰਦਾ ਹੈ ਪਰ ਇਸ ਨੂੰ ਲਾਹੇਵੰਦ ਬਣਾਉਣਾ ਪੈਂਦਾ ਹੈ। ਦਰਅਸਲ ਸਾਨੂੰ ਰਵਾਇਤ ਬਦਲਣੀ ਪੈਣੀ ਹੈ। ਖੇਤੀਬਾੜੀ ਨੂੰ ਸਸਟੇਨਏਬਲ ਬਣਾਉਣਾ ਪੈਣਾ ਹੈ। ਜਿਮੀਂਦਾਰ ਦੇ ਮੁੰਡੇ ਨੂੰ 5 ਲੱਖ ਦਾ ਟਰੈਕਟਰ ਚਲਾਉਣ ਨਾਲੋਂ ਬੁਲਟ ਦੀ ਸੈਲਫ ਮਾਰਨਾ ਚੰਗਾ ਲੱਗਦਾ ਹੈ।
ਇਹ ਵੀ ਪੜ੍ਹੋ: ਲਾਈਵ ਸਟ੍ਰੀਮਿੰਗ ਦੌਰਾਨ ਰੇਡੀਓ ਜਰਨਲਿਸਟ ਦਾ ਗੋਲ਼ੀ ਮਾਰ ਕੇ ਕਤਲ, ਗੋਲ਼ੀ ਬੁੱਲ੍ਹ ’ਤੇ ਲੱਗ ਸਿਰ ਤੋਂ ਹੋਈ ਪਾਰ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711