ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਤੇ ਪੰਜਾਬੀਆਂ ਤੋਂ ਇਕ ਮੌਕਾ ਮੰਗਣ ਨੂੰ ਲੈ ਕੇ ਕੇਜਰੀਵਾਲ ’ਤੇ ਵਿੰਨ੍ਹੇ ਤਿੱਖੇ ਨਿਸ਼ਾਨੇ

Tuesday, Feb 01, 2022 - 09:25 PM (IST)

ਚੰਡੀਗੜ੍ਹ (ਬਿਊਰੋ)-ਸ਼੍ਰੋਮਣੀ ਅਕਾਲੀ ਦਲ ਨੇ ਅੱਜ ਦਿੱਲੀ ਦੇ ਮੁੱਖ ਮੰਤਰੀ ਤੇ ‘ਆਪ’ ਦੇ ਕਨਵੀਨਰ ਅਰਵਿੰਦ ਕੇਜਰੀਵਾਲ ’ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਪੰਜਾਬ ਤੇ ਪੰਜਾਬੀਆਂ ਤੋਂ ਇਕ ਮੌਕਾ ਮੰਗਣ ਤੋਂ ਪਹਿਲਾਂ ਕੇਜਰੀਵਾਲ ਇਹ ਦੱਸਣ ਕਿ ਉਨ੍ਹਾਂ ਨੇ ਦਿੱਲੀ ’ਚ ਪੰਜਾਬੀਆਂ ਤੇ ਸਿੱਖਾਂ ਨੂੰ ਕਿੰਨੇ ਮੌਕੇ ਦਿੱਤੇ ਹਨ। ਅੱਜ ਇਥੇ ਪਾਰਟੀ ਮੁੱਖ ਦਫਤਰ ਵਿਚ ਇਕ ਪ੍ਰੈ੍ੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪ੍ਰਮੁੱਖ ਸਲਾਹਕਾਰ ਹਰਚਰਨ ਬੈਂਸ ਨੇ ਕਿਹਾ ਕਿ ਕੇਜਰੀਵਾਲ ਨੇ ਸਾਰੇ ਪੰਜਾਬ ਵਿਚ ਇਹ ਬੋਰਡ ਲਗਾ ਦਿੱਤੇ ਹਨ ਕਿ ਇਕ ਮੌਕਾ ਕੇਜਰੀਵਾਲ ਨੂੰ ਪਰ ਦਿੱਲੀ ਦੇ ਮਾਮਲੇ ’ਚ ਉਨ੍ਹਾਂ ਪੰਜਾਬੀਆਂ ਤੇ ਸਿੱਖਾਂ ਨਾਲ ਵਿਤਕਰਾ ਕੀਤਾ ਹੈ। ਉਨ੍ਹਾਂ ਕਿਹਾ ਕਿ ਕੇਜਰੀਵਾਲ ਦੀ ਵਜ਼ਾਰਤ ਵਿਚ ਕੋਈ ਵੀ ਸਿੱਖ ਜਾਂ ਪੰਜਾਬੀ ਨਹੀਂ ਹੈ। ਉਨ੍ਹਾਂ ਦੀ ਸਰਕਾਰ ਵਿਚ ਕੋਈ ਵੀ ਚੇਅਰਮੈਨ ਸਿੱਖ ਜਾਂ ਪੰਜਾਬੀ ਨਹੀਂ ਹੈ, ਸਰਕਾਰ ਦਾ ਕੋਈ ਵੀ ਪ੍ਰਮੁੱਖ ਅਫਸਰ ਸਿੱਖ ਜਾਂ ਪੰਜਾਬੀ ਨਹੀਂ ਹੈ, ਕਿਸੇ ਵੀ ਬੋਰਡ ਦਾ ਡਾਇਰੈਕਟਰ ਸਿੱਖ ਜਾਂ ਪੰਜਾਬੀ ਨਹੀਂ ਹੈ। ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਕੇਜਰੀਵਾਲ ਸਰਕਾਰ ਦੇ ਮੁੱਖ ਸਕੱਤਰ ਜਾਂ ਉਨ੍ਹਾਂ ਦੇ ਆਪਣੇ ਪ੍ਰਮੁੱਖ ਸਕੱਤਰਾਂ ’ਚੋਂ ਵੀ ਕੋਈ ਵੀ ਸਿੱਖ ਜਾਂ ਪੰਜਾਬੀ ਨਹੀਂ ਹੈ।

ਇਹ ਵੀ ਪੜ੍ਹੋ : ਸਰਕਾਰ ਆਉਣ 'ਤੇ CM ਚੰਨੀ ਦੀਆਂ ਗ਼ੈਰ-ਕਾਨੂੰਨੀ ਸਰਗਰਮੀਆਂ ਦੀ ਕਰਾਂਗੇ ਜਾਂਚ: ਸੁਖਬੀਰ ਬਾਦਲ

ਬੈਂਸ ਨੇ ਕਿਹਾ ਕਿ ਦਿੱਲੀ ਵਿਚ ਵੱਡੀ ਗਿਣਤੀ ਵਿਚ ਆਈ. ਏ. ਐੱਸ., ਆਈ. ਆਰ. ਐੱਸ. ਤੇ ਹੋਰ ਅਫ਼ਸਰ ਪੰਜਾਬੀ ਅਤੇ ਸਿੱਖ ਹਨ ਪਰ ਕੇਜਰੀਵਾਲ ਨੇ ਕਿਸੇ ਇਕ ਨੂੰ ਵੀ ਤਾਇਨਾਤ ਨਹੀਂ ਕੀਤਾ। ਉਨ੍ਹਾਂ ਕਿਹਾ ਕਿ ਹੋਰ ਤਾਂ ਹੋਰ ਕੇਜਰੀਵਾਲ ਸਰਕਾਰ ਨੇ ਸਿੱਖਿਆ ਨੀਤੀ ਦੇ ਮਾਮਲੇ ’ਚ ਬਣਾਏ ਬੋਰਡ ਵਿਚ ਕਿਸੇ ਪੰਜਾਬੀ ਨੂੰ ਸ਼ਾਮਲ ਨਹੀਂ ਕੀਤਾ ਤੇ ਨਾ ਹੀ ਇਸ ਬੋਰਡ ਵਿਚ ਪੰਜਾਬੀ ਭਾਸ਼ਾ ਬਾਰੇ ਹੀ ਕੋਈ ਫ਼ੈਸਲਾ ਹੋਇਆ। ਉਨ੍ਹਾਂ ਕਿਹਾ ਕਿ ਇੰਨਾ ਹੀ ਨਹੀਂ ਬਲਕਿ ਕੇਜਰੀਵਾਲ ਸਰਕਾਰ ਨੇ ਸਕੂਲਾਂ ਵਿਚ ਪਹਿਲੀ ਜਮਾਤ ਤੋਂ ਲੈ ਕੇ 12ਵੀਂ ਤੱਕ ਪੰਜਾਬੀ ਭਾਸ਼ਾ ਨੂੰ ਨਿਰਉਤਸ਼ਾਹਿਤ ਕੀਤਾ ਹੈ ਤੇ ਇਸ ਦੀ ਕੋਈ ਕਦਰ ਨਹੀਂ ਪਾਈ। ਉਨ੍ਹਾਂ ਕਿਹਾ ਕਿ ਪੰਜਾਬੀ ਭਾਸ਼ਾ ਪੜ੍ਹਾਉਣ ਵਾਲੇ ਅਧਿਆਪਕ ਭਰਤੀ ਨਹੀਂ ਕੀਤੇ ਗਏ ਤੇ ਜੋ ਭਰਤੀ ਹਨ, ਉਹ ਠੇਕੇ ’ਤੇ ਕੰਮ ਕਰਦੇ ਹਨ, ਉਹ ਰੈਗੂਲਰ ਨਹੀਂ ਕੀਤੇ ਗਏ। ਬੈਂਸ ਨੇ ਕਿਹਾ ਕਿ ਕੇਜਰੀਵਾਲ ਧੁਰ ਅੰਦਰੋਂ ਪੰਜਾਬੀਆਂ ਤੇ ਸਿੱਖਾਂ ਪ੍ਰਤੀ ਕੀ ਵਤੀਰਾ ਰੱਖਦੇ ਹਨ, ਇਹ ਇਸ ਗੱਲ ਤੋਂ ਹੀ ਸਪੱਸ਼ਟ ਹੋ ਜਾਵੇਗਾ ਕਿ ਉਨ੍ਹਾਂ ਨੇ ਪ੍ਰਮੁੱਖ ਸਿੱਖ ਆਗੂਆਂ ਸੁੱਚਾ ਸਿੰਘ ਛੋਟੇਪੁਰ, ਸੁਖਪਾਲ ਖਹਿਰਾ, ਐੱਚ. ਐੱਸ. ਫੂਲਕਾ, ਕੰਵਰ ਸੰਧੂ ਤੇ ਡਾ. ਦਲਜੀਤ ਸਿੰਘ ਵਰਗੇ ਪ੍ਰਮੁੱਖ ਆਗੂਆਂ ਦੀ ਬੇਕਦਰੀ ਕੀਤੀ ਤੇ ਉਨ੍ਹਾਂ ਨੂੰ ਖੁੱਡੇ ਲਗਾ ਦਿੱਤਾ।

 ਇਹ ਵੀ ਪੜ੍ਹੋ : ਵੱਡੀ ਖ਼ਬਰ : ਬਿਕਰਮ ਮਜੀਠੀਆ ਨੇ ਕਬੂਲੀ ਸਿੱਧੂ ਦੀ ਚੁਣੌਤੀ, ਸਿਰਫ ਅੰਮ੍ਰਿਤਸਰ ਪੂਰਬੀ ਤੋਂ ਲੜਨਗੇ ਚੋਣ (ਵੀਡੀਓ)

ਉਨ੍ਹਾਂ ਕਿਹਾ ਕਿ ਅੱਜ ‘ਆਪ’ ਇਹ ਦਾਅਵਾ ਕਰ ਰਹੀ ਹੈ ਕਿ ਉਨ੍ਹਾਂ ਦੇ ਆਗੂ ਰਾਘਵ ਚੱਢਾ ਦੇ ਨਾਨਕੇ ਤੇ ਦਾਦਕੇ ਪੰਜਾਬੀ ਪਰ ਬਦਕਿਸਮਤੀ ਨੂੰ ਉਹ ਜਦੋਂ ਪੰਜਾਬ ਆਉਂਦੇ ਹਨ ਤਾਂ ਕਦੇ ਪੰਜਾਬੀ ’ਚ ਗੱਲ ਨਹੀਂ ਕਰਦੇ। ਬੈਂਸ ਨੇ ਕਿਹਾ ਕਿ ਕੇਜਰੀਵਾਲ ਦੇ ਦਿਲ ਵਿਚ ਪੰਜਾਬੀਆਂ ਪ੍ਰਤੀ ਸਿਰਫ ਬੇਰੁਖ਼ੀ ਹੈ ਪਰ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕਿ ਕੇਜਰੀਵਾਲ ਪੰਜਾਬ ਤੋਂ ਮੌਕਾ ਮੰਗ ਰਹੇ ਹਨ। ਉਨ੍ਹਾਂ ਸਵਾਲ ਕੀਤਾ ਕਿ ਉਹ ਕਿਸ ਮੂੰਹ ਨਾਲ ਇਹ ਮੌਕਾ ਮੰਗ ਰਹੇ ਹਨ, ਜਦਕਿ ਉਹਨਾਂ ਕਦੇ ਪੰਜਾਬੀਆਂ ਤੇ ਸਿੱਖਾਂ ਦੀ ਕਦਰ ਨਹੀਂ ਪਾਈ।


Manoj

Content Editor

Related News