ਆਉਣ ਵਾਲੀਆਂ ਚੋਣਾਂ ’ਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਡੇ ਬਹੁਮਤ ਨਾਲ ਬਣਾਵੇਗਾ ਸਰਕਾਰ: ਸੰਦਲ
Sunday, Oct 31, 2021 - 12:11 PM (IST)
ਜਲੰਧਰ (ਪੁਨੀਤ)– ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਨਵ-ਨਿਯੁਕਤ ਮੀਤ ਪ੍ਰਧਾਨ ਰਾਜਿੰਦਰ ਸਿੰਘ ਸੰਦਲ ਨੇ ਪਾਰਟੀ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਅਤੇ ਸਰਪ੍ਰਸਤ ਰਣਜੀਤ ਸਿੰਘ ਬ੍ਰਹਮਪੁਰਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਪਾਰਟੀ ਵੱਲੋਂ ਮੀਤ ਪ੍ਰਧਾਨ ਬਣਾ ਕੇ ਉਨ੍ਹਾਂ ਨੂੰ ਜਿਹੜੀ ਜ਼ਿੰਮੇਵਾਰੀ ਸੌਂਪੀ ਗਈ ਹੈ, ਉਸ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਕਿਹਾ ਕਿ 2022 ਵਿਚ ਹੋਣ ਵਾਲੀਆਂ ਚੋਣਾਂ ਵਿਚ ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਵੱਡੇ ਬਹੁਮਤ ਨਾਲ ਸਰਕਾਰ ਬਣਾਵੇਗਾ ਕਿਉਂਕਿ ਲੋਕ ਬਦਲਾਅ ਚਾਹੁੰਦੇ ਹਨ।
ਸੰਦਲ ਨੇ ਕਿਹਾ ਕਿ ਅਕਾਲੀ ਦਲ ਬਾਦਲ ਨੇ ਲੋਕਾਂ ਦੀਆਂ ਉਮੀਦਾਂ ਨੂੰ ਹਮੇਸ਼ਾ ਠੇਸ ਪਹੁੰਚਾਈ ਹੈ, ਜਿਸ ਕਾਰਨ ਲੋਕ ਅਕਾਲੀ ਦਲ ਦੇ ਬਹਿਕਾਵੇ ਵਿਚ ਨਹੀਂ ਆਉਣਗੇ। ਕਾਂਗਰਸ ਦੀ ਸਾਢੇ 4 ਸਾਲ ਦੀ ਕਾਰਗੁਜ਼ਾਰੀ ਦੀ ਪੋਲ ਖੋਲ੍ਹਦਿਆਂ ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕੀਤੇ ਗਏ ਵਾਅਦੇ ਪੂਰੇ ਨਹੀਂ ਕਰ ਸਕੇ, ਜਿਸ ਨਾਲ ਲੋਕਾਂ ’ਤੇ ਕਈ ਤਰ੍ਹਾਂ ਦਾ ਆਰਥਿਕ ਬੋਝ ਪਿਆ ਹੈ।
ਇਹ ਵੀ ਪੜ੍ਹੋ: ਦਸੂਹਾ ਦਾ ਫ਼ੌਜੀ ਨੌਜਵਾਨ ਰਾਜੌਰੀ ਦੇ ਨੌਸ਼ਹਿਰਾ 'ਚ ਸ਼ਹੀਦ, ਇਕ ਮਹੀਨੇ ਬਾਅਦ ਛੁੱਟੀ 'ਤੇ ਆਉਣਾ ਸੀ ਘਰ
ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ’ਤੇ ਵਿਅੰਗ ਕਰਦਿਆਂ ਉਨ੍ਹਾਂ ਕਿਹਾ ਕਿ ਚੰਨੀ ਨੇ ਅਹੁਦਾ ਸੰਭਾਲਣ ਤੋਂ ਬਾਅਦ ਸਿਰਫ ਲੋਕ-ਲੁਭਾਊ ਵਾਅਦੇ ਕੀਤੇ ਹਨ, ਜਿਸ ਬਾਰੇ ਲੋਕ ਜਾਣ ਚੁੱਕੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਆਉਣ ਵਾਲੀਆਂ ਚੋਣਾਂ ਵਿਚ ਲੋਕ ਕਾਂਗਰਸ ਨੂੰ ਬਾਹਰ ਦਾ ਰਸਤਾ ਦਿਖਾ ਕੇ ਸੱਤਾ ਦੀ ਚਾਬੀ ਅਕਾਲੀ ਦਲ (ਸੰਯੁਕਤ) ਦੇ ਹੱਥ ਸੌਂਪਣਗੇ। ਸੰਦਲ ਨੇ ਸਾਬਕਾ ਕੈਬਨਿਟ ਮੰਤਰੀ ਅਤੇ ਪਾਰਟੀ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ, ਰਣਜੀਤ ਸਿੰਘ ਤਲਵੰਡੀ, ਮਹਿਲਾ ਅਕਾਲੀ ਦਲ ਦੀ ਪ੍ਰਧਾਨ ਬੀਬੀ ਹਰਜੀਤ ਕੌਰ, ਸਵਰੂਪ ਸਿੰਘ, ਕੁਲਵਿੰਦਰ ਉੱਪਲ ਸਮੇਤ ਪਾਰਟੀ ਦੀ ਕਾਰਜਕਾਰਨੀ ਦਾ ਉਨ੍ਹਾਂ ਨੂੰ ਮੀਤ ਬਣਾਉਣ ਲਈ ਧੰਨਵਾਦ ਕੀਤਾ।
ਇਹ ਵੀ ਪੜ੍ਹੋ: ਕਾਂਗਰਸੀ ਵਿਧਾਇਕਾਂ ਨਾਲ ਨੇੜਲੇ ਸੰਬੰਧ ਬਣਾਉਣ 'ਚ ਜੁਟੇ CM ਚੰਨੀ, ਅੱਜ ਕਰਨਗੇ ਜਲੰਧਰ 'ਚ ਦੌਰਾ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ