''ਬਾਦਲ ਪਰਿਵਾਰ ਵਲੋਂ ਚੱਕਾ ਜਾਮ ਕਰਨ ਦਾ ਰਚਿਆ ਜਾ ਰਿਹੈ ਡਰਾਮਾ''

09/24/2020 6:52:01 PM

ਸੰਗਰੂਰ,(ਸਿੰਗਲਾ) : ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੇਟਿਕ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਅਤੇ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪਰਮਿੰਦਰ ਸਿੰਘ ਢੀਂਡਸਾ ਵਿਧਾਇਕ ਲਹਿਰਾਗਾਗਾ ਨੇ ਸੂਬੇ ਦੀਆਂ ਸਾਰੀਆਂ ਕਿਸਾਨ ਜਥੇਬੰਦੀਆਂ ਦੇ ਪੰਜਾਬ ਬੰਦ ਦੇ ਸੱਦੇ ਦੇ ਸਮਾਨ-ਅੰਤਰ ਬਾਦਲ ਪਰਿਵਾਰ ਵਲੋਂ ਚੱਕਾ ਜਾਮ ਕਰਨ ਦੇ ਰਚੇ ਜਾ ਰਹੇ ਡਰਾਮੇ ਨੂੰ ਆਰਡੀਨੈੱਸਾਂ ਦੇ ਹੱਕ ਵਿੱਚ ਧੂੰਆਂਧਾਰ ਪ੍ਰਚਾਰ ਦੀ ਸਾਜਿਸ਼ ਕਰਾਰ ਦਿੱਤਾ । ਉਨ੍ਹਾਂ ਸਮੂਹ ਪੰਜਾਬੀਆਂ ਨੂੰ ਕਿਸਾਨ ਜਥੇਬੰਦੀਆਂ ਦੇ ਸਾਂਝੇ ਸੰਘਰਸ਼ ਨੂੰ ਹਰ ਹਾਲ ਸਫਲ ਬਣਾਉਣ ਦੀ ਲੋੜ 'ਤੇ ਜੋਰ ਦਿੱਤਾ।
ਢੀਂਡਸਾ ਨੇ ਜਾਰੀ ਇੱਕ ਬਿਆਨ ਰਾਹੀਂ ਕਿਹਾ ਕਿ ਬਾਦਲ ਦਲ ਦਾ ਇਹ ਫੈਸਲਾ ਕਿਸਾਨਾਂ ਦੇ ਦਿਨੋਂ-ਦਿਨ ਲਾਮਬੰਦ ਹੋ ਕੇ ਹੋਰ ਪ੍ਰਚੰਡ ਹੋ ਰਹੇ ਸੰਘਰਸ਼ ਨੂੰ ਢਾਹ ਲਾਉਣਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸਾਨਾਂ ਨੇ ਪੰਜਾਬ ਬੰਦ ਦਾ ਸੱਦਾ ਪਹਿਲਾਂ ਦਿੱਤਾ ਹੋਇਆ ਹੈ ਤੇ ਪੰਜਾਬ ਦੇ ਹਰ ਵਰਗ ਤੇ ਹਰ ਜਥੇਬੰਦੀ ਦੀ ਹਮਾਇਤ ਵੀ ਹੈ, ਫਿਰ ਅਜਿਹੇ ਮੌਕੇ ਚੱਕਾ ਜਾਮ ਦੀ ਕੋਈ ਤੁਕ ਹੀ ਨਹੀਂ ਰਹਿ ਜਾਂਦੀ ਕਿਉਂਕਿ ਪੰਜਾਬ ਬੰਦ ਦੌਰਾਨ ਕੋਈ ਸਰਕਾਰੀ ਵਹੀਕਲ ਚੱਲਣਾ ਹੀ ਨਹੀਂ। ਫਿਰ ਤਾਂ ਕਿਸਾਨਾਂ ਨੂੰ ਰੋਕਣ ਦੀ ਹੀ ਸਾਜਿਸ਼ ਹੈ ਕਿ ਇਕੱਠਾਂ 'ਚ ਨਾ ਜਾਣ । ਉਨ੍ਹਾਂ ਕਿਹਾ ਕਿ ਇਹ ਤਾਂ ਕੇਂਦਰ ਸਰਕਾਰ ਦੇ ਏਜੰਟ ਦੀ ਭੂਮਿਕਾ ਨਿਭਾਉਣ ਤੋਂ ਸਿਵਾਏ ਕੁਝ ਨਹੀਂ ਹੈ । ਉਨ੍ਹਾਂ ਪੰਜਾਬ ਦੇ ਲੋਕਾਂ ਨੂੰ ਸੱਦਾ ਦਿੱਤਾ ਕਿ ਕਿਸਾਨ ਅੰਦੋਲਨ ਨੂੰ ਤਾਰਪੀਡੋ ਕਰਨ ਲਈ ਰਚੀਆਂ ਜਾ ਰਹੀਆਂ ਸਾਜਿਸ਼ਾਂ ਤੋਂ ਸੁਚੇਤ ਰਹਿ ਕੇ ਕਿਸਾਨਾਂ ਦੇ ਪੰਜਾਬ ਬੰਦ ਨੂੰ ਭਰਪੂਰ ਹੁੰਗਾਰਾ ਦੇਣ ਲਈ ਅੱਗੇ ਆਉਣ। ਢੀਂਡਸਿਆਂ ਨੇ ਕਿਹਾ ਕਿ ਬਾਦਲ ਪਰਿਵਾਰ ਨੇ ਹਮੇਸ਼ਾਂ ਹੀ ਪੰਜਾਬ ਦੇ ਲੋਕਾਂ ਨਾਲ ਧੋਖਾ ਕੀਤਾ ਹੈ।  ਆਪਣੇ ਅਤੇ ਆਪਣੇ ਪਰਿਵਾਰ ਦੇ ਹਿੱਤਾਂ ਦੀ ਪੂਰਤੀ ਲਈ ਹਮੇਸ਼ਾ ਹੀ ਪੰਜਾਬ ਦੇ ਲੋਕਾਂ ਦੀ ਕੁਰਬਾਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਲੋਕ ਬਾਦਲ ਪਰਿਵਾਰ ਦੀਆਂ ਚਾਲਾਂ ਨੂੰ ਸਮਝ ਚੁੱਕੇ ਹਨ ਅਤੇ ਹੁਣ ਪੰਜਾਬ ਦੇ ਸੂਝਵਾਨ ਕਿਸਾਨ ਬਾਦਲ ਦੀਆਂ ਕਿਸੇ ਵੀ ਦਲੀਲ਼ਾ 'ਤੇ ਵਿਸ਼ਵਾਸ ਨਹੀਂ ਕਰਨਗੇ। ਇਸ ਮੌਕੇ ਉਨ੍ਹਾਂ ਦੇ ਨਾਲ ਜਸਵਿੰਦਰ ਸਿੰਘ ਖ਼ਾਲਸਾ ਪੀ.ਏ, ਗੁਰਮੀਤ ਸਿੰਘ ਜੌਹਲ ਮੀਡੀਆ ਸਲਾਹਕਾਰ, ਵਰਿੰਦਰਪਾਲ ਸਿੰਘ ਟੀਟੂ ਪੀ.ਏ, ਜਤਿੰਦਰ ਸਿੰਘ ਸੋਨੀ ਮੰਡੇਰ, ਤਲਵੀਰ ਸਿੰਘ ਧਨੇਸਰ, ਪਰਮਜੀਤ ਸਿੰਘ ਪੰਮਾ, ਸਤਿਗੁਰ ਸਿੰਘ ਨਮੋਲ ਆਦਿ ਆਗੂ ਹਾਜ਼ਰ ਸਨ।


Deepak Kumar

Content Editor

Related News