ਅਕਾਲੀ ਦਲ ਦਾ ਕਾਂਗਰਸ ''ਤੇ ਹਮਲਾ, ਜਬਰੀ ਸਭ ਕੁਝ ਬੰਦ ਕਰਵਾਉਣ ਦੀ ਥਾਂ ਸਿਹਤ ਸੇਵਾਵਾਂ ''ਚ ਕਰੇ ਸੁਧਾਰ

Sunday, Aug 23, 2020 - 10:23 AM (IST)

ਅਕਾਲੀ ਦਲ ਦਾ ਕਾਂਗਰਸ ''ਤੇ ਹਮਲਾ, ਜਬਰੀ ਸਭ ਕੁਝ ਬੰਦ ਕਰਵਾਉਣ ਦੀ ਥਾਂ ਸਿਹਤ ਸੇਵਾਵਾਂ ''ਚ ਕਰੇ ਸੁਧਾਰ

ਚੰਡੀਗੜ੍ਹ (ਅਸ਼ਵਨੀ)— ਸ਼੍ਰੋਮਣੀ ਅਕਾਲੀ ਦਲ ਨੇ ਕਾਂਗਰਸ ਸਰਕਾਰ ਨੂੰ ਆਖਿਆ ਕਿ ਉਹ ਸਿਹਤ ਸੇਵਾਵਾਂ 'ਚ ਸੁਧਾਰ ਕਰੇ ਨਾ ਕਿ ਜਬਰੀ ਸਭ ਕੁਝ ਬੰਦ ਕਰਵਾਉਣ ਦੇ ਰਾਹ ਪਵੇ, ਕਿਉਂਕਿ ਇਸ ਬੰਦੀ ਨਾਲ ਛੋਟੇ ਦੁਕਾਨਦਾਰਾਂ, ਵਪਾਰੀਆਂ ਅਤੇ ਹੁਨਰਮੰਦ ਵਰਕਰਾਂ 'ਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਇਥੇ ਜਾਰੀ ਕੀਤੇ ਇਕ ਬਿਆਨ 'ਚ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਕਾਂਗਰਸ ਸਰਕਾਰ ਆਪਣੀਆਂ ਅਸਫ਼ਲਤਾਵਾਂ 'ਤੇ ਪਰਦਾ ਪਾਉਣ ਅਤੇ ਇਸ ਦੇ ਮਾੜੇ ਪ੍ਰਸ਼ਾਸਨ ਖ਼ਿਲਾਫ਼ ਵੱਡੇ ਪੱਧਰ 'ਤੇ ਹੋ ਰਹੇ ਰੋਸ ਵਿਖਾਵਿਆਂ ਨੂੰ ਰੋਕਣ ਲਈ ਇਕ ਪਾਸੜ ਫੈਸਲੇ ਲੈ ਰਹੀ ਹੈ। 

ਉਨ੍ਹਾਂ ਸਰਕਾਰ ਨੂੰ ਆਖਿਆ ਕਿ ਉਹ ਲੋਕਾਂ ਦੇ ਜੀਵਨ ਅਤੇ ਰੋਜ਼ੀ-ਰੋਟੀ ਦਰਮਿਆਨ ਸੰਤੁਲਨ ਕਾਇਮ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਐਂਬੂਲੈਂਸ ਸੇਵਾਵਾਂ ਅਤੇ ਹਸਪਤਾਲਾਂ ਦੇ ਬੁਨਿਆਦੀ ਢਾਂਚੇ 'ਚ ਸੁਧਾਰ ਕਰਨਾ ਚਾਹੀਦਾ ਹੈ, ਬੈੱਡਾਂ ਦੀ ਗਿਣਤੀ ਵਧਾਉਣੀ ਚਾਹੀਦੀ ਹੈ ਅਤੇ ਹੋਰ ਡਾਕਟਰ ਅਤੇ ਨਰਸਾਂ ਭਰਤੀ ਕਰਨੀਆਂ ਚਾਹੀਦੀਆਂ ਹਨ। ਇਹ ਸਭ ਕੁਝ ਕਰਨ ਦੀ ਥਾਂ ਸਰਕਾਰ ਬਿਨਾਂ ਕਿਸੇ ਵਿਗਿਆਨਕ ਆਧਾਰ 'ਤੇ ਜਬਰੀ ਸਭ ਕੁਝ ਬੰਦ ਕਰਵਾਉਣ 'ਤੇ ਲੱਗੀ ਹੈ। ਇਸ ਬੰਦ ਨਾਲ ਦੁਕਾਨਦਾਰਾਂ ਤੇ ਵਪਾਰੀਆਂ ਦੋਵਾਂ ਨੂੰ ਮਾਰ ਪੈ ਰਹੀ ਹੈ। ਜੇਕਰ ਸਰਕਾਰ ਸੱਚਮੁਚ ਬੰਦ ਵਿਚ ਦਿਲਚਸਪੀ ਰੱਖਦੀ ਹੈ ਤਾਂ ਉਸ ਨੂੰ ਪ੍ਰਭਾਵਤ ਹੋਣ ਵਾਲੇ ਲੋਕਾਂ ਲਈ ਵਿੱਤੀ ਪੈਕੇਜ ਵੀ ਦੇਣਾ ਚਾਹੀਦਾ ਹੈ।

ਡਾ. ਚੀਮਾ ਨੇ ਕਿਹਾ ਕਿ ਪੰਜਾਬੀਆਂ ਨੂੰ ਆਸ ਸੀ ਕਿ ਸਰਕਾਰ ਆਰਥਿਕ ਗਤੀਵਿਧੀਆਂ ਤੇਜ਼ ਕਰੇਗੀ ਪਰ ਇਸ ਨੇ ਤਾਂ ਮਹਾਮਾਰੀ ਨਾਲ ਨਜਿੱਠਣ 'ਚ ਆਪਣੀ ਅਸਫਲਤਾ 'ਤੇ ਪਰਦਾ ਪਾਉਣ ਲਈ ਸਾਰੇ ਵਪਾਰ ਹੀ ਬੰਦ ਕਰ ਦਿੱਤੇ। ਉਨ੍ਹਾਂ ਕਿਹਾ ਕਿ ਲੋਕ ਸਰਕਾਰ ਤੋਂ ਜਾਨਣਾ ਚਾਹੁੰਦੇ ਹਨ ਕਿ ਉਹ ਜ਼ਹਿਰੀਲੀ ਸ਼ਰਾਬ ਦੀ ਵਿਕਰੀ ਦੀ ਆਗਿਆ ਕਿਉਂ ਦੇ ਰਹੀ ਹੈ ਜਦਕਿ ਇਸ ਨਾਲ 135 ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਉਸ ਨੇ 5600 ਕਰੋੜ ਰੁਪਏ ਦਾ ਆਬਕਾਰੀ ਮਾਲੀਆ ਗੁਆ ਲਿਆ ਹੈ।


author

shivani attri

Content Editor

Related News