ਵਿਧਾਇਕ ਪਿੰਕੀ ਅਤੇ ਸਮੱਗਲਰ ਰਾਜਾ ਦੇ ਸਬੰਧਾਂ ਦੀ ਜਾਂਚ ਕਰੇ ਕੈਪਟਨ ਸਰਕਾਰ: ਚਰਨਜੀਤ ਸਿੰਘ

Thursday, Apr 22, 2021 - 10:27 AM (IST)

ਵਿਧਾਇਕ ਪਿੰਕੀ ਅਤੇ ਸਮੱਗਲਰ ਰਾਜਾ ਦੇ ਸਬੰਧਾਂ ਦੀ ਜਾਂਚ ਕਰੇ ਕੈਪਟਨ ਸਰਕਾਰ: ਚਰਨਜੀਤ ਸਿੰਘ

ਜਲੰਧਰ (ਬਿਊਰੋ)– ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਸਿਆਸੀ ਸਕੱਤਰ ਚਰਨਜੀਤ ਸਿੰਘ ਬਰਾੜ ਨੇ ਪ੍ਰੈੱਸ ਬਿਆਨ ਜਾਰੀ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਡੀ. ਜੀ. ਪੀ. ਤੋਂ ਮੰਗ ਕੀਤੀ ਹੈ ਕਿ ਫਿਰੋਜ਼ਪੁਰ ਪੁਲਸ ਵੱਲੋਂ 6 ਕਿੱਲੋ ਹੈਰੋਇਨ ਦੇ ਨਾਲ ਫੜੇ ਗਏ ਸਮੱਗਲਰ ਤੇ ਕਾਂਗਰਸੀ ਨੇਤਾ ਰਾਜ ਕੁਮਾਰ ਉਰਫ਼ ਰਾਜਾ ਤੇ ਫਿਰੋਜ਼ਪੁਰ ਦੇ ਐੱਮ. ਐੱਲ. ਏ. ਪਰਮਿੰਦਰ ਸਿੰਘ ਪਿੰਕੀ ਦੇ ਸਬੰਧਾਂ ਦੀ ਜਾਂਚ ਕਰਵਾਈ ਜਾਵੇ। ਉਨ੍ਹਾਂ ਕਿਹਾ ਕਿ ਫੜੇ ਗਏ ਸਮੱਗਲਰ ਰਾਜਾ ਦੀ ਐੱਮ. ਐੱਲ. ਏ. ਪਿੰਕੀ ਤੇ ਉਸ ਦੇ ਪਰਿਵਾਰ ਨਾਲ ਬਹੁਤ ਨੇੜਲੀ ਸਾਂਝ ਹੈ ਅਤੇ ਉਸ ਦੀ ਅਤੇ ਉਸ ਦੇ ਪਰਿਵਾਰ ਦੀਆਂ ਸਾਹਮਣੇ ਆਈਆਂ ਤਸਵੀਰਾਂ ਤੋਂ ਇਹ ਸਾਫ਼ ਪਤਾ ਲੱਗਦਾ ਹੈ ਕਿ ਐੱਮ. ਐੱਲ. ਏ. ਅਤੇ ਸਮੱਗਲਰ ਰਾਜਾ ਇਕ ਪਰਿਵਾਰ ਵਾਂਗ ਇਕੱਠੇ ਰਹਿੰਦੇ ਹਨ।

ਇਹ ਵੀ ਪੜ੍ਹੋ : ਜਲੰਧਰ ਤੋਂ ਦੁਖਦਾਇਕ ਖ਼ਬਰ: ਪਤਨੀ ਦੀ ਲਾਸ਼ ਨੂੰ ਵੇਖ ਪਤੀ ਨੇ ਖ਼ੁਦ ਨੂੰ ਗੋਲੀ ਮਾਰ ਕੀਤੀ ਖ਼ੁਦਕੁਸ਼ੀ

PunjabKesari
ਚਰਨਜੀਤ ਸਿੰਘ ਬਰਾੜ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਸਮੱਗਲਰ ਦੇ ਨਾਲ ਭਾਵੇਂ ਕਿਸੇ ਵੀ ਸਿਆਸੀ ਪਾਰਟੀ ਦੇ ਨੇਤਾ ਦੇ ਸਬੰਧ ਹੋਣ, ਉਸ ਦੀ ਜਾਂਚ ਹੋਣੀ ਬਹੁਤ ਜ਼ਰੂਰੀ ਹੈ ਅਤੇ ਅਜਿਹੇ ਸਮੱਗਲਰ ਅਤੇ ਉਨ੍ਹਾਂ ਦੇ ਸਿਆਸੀ ਆਕਿਆਂ ਨੂੰ ਕਿਸੇ ਵੀ ਹਾਲਤ ’ਚ ਬਖਸ਼ਿਆ ਨਹੀਂ ਜਾਣਾ ਚਾਹੀਦਾ। ਬਰਾੜ ਨੇ ਕਿਹਾ ਕਿ ਇਹ ਕਿੰਨੀ ਸ਼ਰਮ ਦੀ ਗੱਲ ਹੈ ਕਿ ਇਕ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਿਛਲੇ 4 ਸਾਲਾਂ ਤੋਂ ਪੰਜਾਬ ’ਚ ਨਸ਼ਾ ਖ਼ਤਮ ਕਰਨ ਦੀਆਂ ਵੱਡੀਆਂ-ਵੱਡੀਆਂ ਗੱਲਾਂ ਕਰ ਰਹੇ ਹਨ ਅਤੇ ਗੁਟਕਾ ਸਾਹਿਬ ਹੱਥ ’ਚ ਫੜ ਕੇ ਵੱਡੇ-ਵੱਡੇ ਦਾਅਵੇ ਕਰ ਰਹੇ ਹਨ ਕਿ ਪੰਜਾਬ ’ਚੋਂ ਨਸ਼ਾ ਪੂਰੀ ਤਰ੍ਹਾਂ ਖਤਮ ਕਰ ਦੇਵਾਂਗੇ ਪਰ ਦੂਜੇ ਪਾਸੇ ਉਨ੍ਹਾਂ ਦੇ ਆਪਣੇ ਐੱਮ. ਐੱਲ. ਏ. ਵੱਡੇ-ਵੱਡੇ ਸਮੱਗਲਰਾਂ ਦੇ ਨਾਲ ਉਠਦੇ-ਬਹਿੰਦੇ ਹਨ ਤੇ ਉਨ੍ਹਾਂ ਦਾ ਬਚਾਅ ਕਰਦੇ ਹਨ।

ਇਹ ਵੀ ਪੜ੍ਹੋ : ਕੋਰੋਨਾ ਦੇ ਵੱਧਦੇ ਕੇਸਾਂ ਨੂੰ ਵੇਖਦਿਆਂ ਜਲੰਧਰ ਦੇ ਡੀ. ਸੀ. ਨੇ ਇਹ ਇਲਾਕੇ ਐਲਾਨੇ ਮਾਈਕ੍ਰੋ ਕੰਟੇਨਮੈਂਟ ਜ਼ੋਨ

ਬਰਾੜ ਨੇ ਕਿਹਾ ਕਿ ਸਮੱਗਲਰ ਰਾਜਾ ਨੇ ਇਹ ਹੈਰੋਇਨ ਪਾਕਿਸਤਾਨ ਤੋਂ ਮੰਗਵਾਈ ਸੀ ਤੇ ਇੰਨਾ ਵੱਡਾ ਸਮੱਗਲਰ ਹਰ ਸਮੇਂ ਐੱਮ. ਐੱਲ. ਏ. ਅਤੇ ਉਸ ਦੇ ਪਰਿਵਾਰ ਦੇ ਮੈਂਬਰਾਂ ਨਾਲ ਰਹਿੰਦਾ ਹੈ, ਇਹ ਪੰਜਾਬ ਲਈ ਬਹੁਤ ਚਿੰਤਾ ਦੀ ਗੱਲ ਹੈ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਸ਼ਹਿਰ ’ਚ ਨਾਜਾਇਜ਼ ਅਤੇ ਝੂਠੇ ਮੁਕੱਦਮੇ ਦਰਜ ਕਰਵਾ ਕੇ ਹਰ ਵਿਅਕਤੀ ਦੀ ਜ਼ੁਬਾਨ ਬੰਦ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤੇ ਸ਼ਹਿਰ ’ਚ ਗੁੰਡਾਗਰਦੀ, ਚੋਰੀਆਂ ਤੇ ਲੁੱਟ ਦੀਆਂ ਘਟਨਾਵਾਂ ਇੰਨੀਆਂ ਵੱਧ ਗਈਆਂ ਹਨ ਕਿ ਆਮ ਲੋਕਾਂ ਦਾ ਘਰਾਂ ਤੋਂ ਨਿਕਲਣਾ ਮੁਸ਼ਕਿਲ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਹ ਮੰਗ ਕਰਦਾ ਹੈ ਕਿ ਇਮਾਨਦਾਰ ਅਤੇ ਨਿਰਪੱਖ ਅਧਿਕਾਰੀਆਂ ਦੀ ਟੀਮ ਗਠਿਤ ਕਰਕੇ ਐੱਮ. ਐੱਲ. ਏ. ਪਿੰਕੀ ਅਤੇ ਫੜੇ ਗਏ ਸਮੱਗਲਰ ਰਾਜਕੁਮਾਰ ਰਾਜਾ ਦੇ ਸਬੰਧਾਂ ਦੀ ਜਾਂਚ ਕੀਤੀ ਜਾਵੇ ਅਤੇ ਸੱਚਾਈ ਲੋਕਾਂ ਦੇ ਸਾਹਮਣੇ ਲਿਆਂਦੀ ਜਾਵੇ।

ਇਹ ਵੀ ਪੜ੍ਹੋ : ਮੁੜ ਪੈਰ ਪਸਾਰਣ ਲੱਗਾ 'ਕੋਰੋਨਾ', ਪੰਜਾਬ ’ਚ ਟੈਸਟਿੰਗ ਦੌਰਾਨ ਹਰ 10ਵਾਂ ਪੰਜਾਬੀ ਆ ਰਿਹਾ ਕੋਰੋਨਾ ਪਾਜ਼ੇਟਿਵ

ਉਨ੍ਹਾਂ ਦੋਸ਼ ਲਗਾਉਂਦੇ ਹੋਏ ਕਿਹਾ ਕਿ ਫਿਰੋਜ਼ਪੁਰ ’ਚ ਸੱਤਾਧਾਰੀਆਂ ਦੇ ਆਪਣੇ ਖਾਸ ਲੋਕ ਪਿਛਲੇ 4 ਸਾਲਾਂ ਤੋਂ ਰੇਤਾ ਚੋਰੀ ਕਰਕੇ ਖੁੱਲ੍ਹੇਆਮ ਵੇਚ ਰਹੇ ਹਨ ਅਤੇ ਦਿਨ-ਰਾਤ ਰੇਤ ਦੀ ਨਾਜਾਇਜ਼ ਨਿਕਾਸੀ ਹੋ ਰਹੀ ਹੈ ਪਰ ਅੱਜ ਤੱਕ ਉਨ੍ਹਾਂ ਨੂੰ ਪੁੱਛਣ ਵਾਲਾ ਕੋਈ ਨਹੀਂ ਹੈ। ਬਰਾੜ ਨੇ ਕਿਹਾ ਕਿ ਸ਼ਹਿਰ ’ਚ ਇੰਨਾ ਜ਼ਿਆਦਾ ਗੁੰਡਾਰਾਜ ਫੈਲਿਆ ਹੋਇਆ ਹੈ ਕਿ ਲੋਕ ਮਜਬੂਰ ਹੋ ਕੇ ਪੰਜਾਬ ਵਿਧਾਨ ਸਭਾ ਚੋਣਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਉਨ੍ਹਾਂ ਨੇ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜੇ ਐੱਮ. ਐੱਲ. ਏ. ਪਰਮਿੰਦਰ ਸਿੰਘ ਪਿੰਕੀ ਤੇ ਸਮੱਗਲਰ ਰਾਜਕੁਮਾਰ ਰਾਜਾ ਦੇ ਸਬੰਧਾਂ ਦੀ ਮੁੱਖ ਮੰਤਰੀ ਅਤੇ ਡੀ. ਜੀ. ਪੀ. ਵੱਲੋਂ ਜਾਂਚ ਨਹੀਂ ਕਰਵਾਈ ਗਈ ਅਤੇ ਸੱਚਾਈ ਲੋਕਾਂ ਦੇ ਸਾਹਮਣੇ ਨਹੀਂ ਲਿਆਂਦੀ ਗਈ ਤਾਂ ਅਕਾਲੀ ਦਲ ਸੰਘਰਸ਼ ਦਾ ਰਸਤਾ ਅਖਤਿਆਰ ਕਰੇਗਾ।

ਇਹ ਵੀ ਪੜ੍ਹੋ : ਜਲੰਧਰ 'ਚ ਉੱਡ ਰਹੀਆਂ ਕੋਰੋਨਾ ਨਿਯਮਾਂ ਦੀਆਂ ਧੱਜੀਆਂ, ਪਾਬੰਦੀਆਂ ਦੇ ਬਾਵਜੂਦ ਖੋਲ੍ਹੇ ਇਹ ਮਸ਼ਹੂਰ ਕਾਲਜ

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ? 


author

shivani attri

Content Editor

Related News