‘ਏਕਲਾ ਚਲੋ’ ਦੀ ਥਾਂ ਬਸਪਾ ਨਾਲ ਹੱਥ ਮਿਲਾ ਕੇ ‘ਹਮ ਸਾਥ-ਸਾਥ ਹੈਂ’ ਦੀ ਨੀਤੀ ’ਤੇ ਚੱਲੇਗਾ ਸ਼੍ਰੋਮਣੀ ਅਕਾਲੀ ਦਲ

Saturday, Jun 12, 2021 - 05:17 AM (IST)

‘ਏਕਲਾ ਚਲੋ’ ਦੀ ਥਾਂ ਬਸਪਾ ਨਾਲ ਹੱਥ ਮਿਲਾ ਕੇ ‘ਹਮ ਸਾਥ-ਸਾਥ ਹੈਂ’ ਦੀ ਨੀਤੀ ’ਤੇ ਚੱਲੇਗਾ ਸ਼੍ਰੋਮਣੀ ਅਕਾਲੀ ਦਲ

ਚੰਡੀਗੜ੍ਹ (ਅਸ਼ਵਨੀ) : ਸ਼੍ਰੋਮਣੀ ਅਕਾਲੀ ਦਲ ਅਗਲੀਆਂ ਵਿਧਾਨਸਭਾ ਚੋਣਾਂ ਵਿਚ ‘ਏਕਲਾ ਚਲੋ’ ਦੀ ਥਾਂ ਬਹੁਜਨ ਸਮਾਜ ਪਾਰਟੀ ਨਾਲ ਹੱਥ ਮਿਲਾ ਕੇ ‘ਹਮ ਸਾਥ-ਸਾਥ ਹੈਂ’ ਦੀ ਨੀਤੀ ’ਤੇ ਚੱਲੇਗਾ। ਸੰਭਵ ਹੈ ਕਿ ਇੱਕ-ਦੋ ਦਿਨਾਂ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਗਠਜੋੜ ਦਾ ਆਧਿਕਾਰਤ ਐਲਾਨ ਵੀ ਕਰ ਦਿੱਤਾ ਜਾਵੇ। ਸ਼੍ਰੋਮਣੀ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਨੂੰ ਲੈ ਕੇ ਸੀਟ ਸ਼ੇਅਰਿੰਗ ’ਤੇ ਵੀ ਸਹਿਮਤੀ ਬਣਾ ਲਈ ਹੈ। ਫਿਲਹਾਲ, ਬਹੁਜਨ ਸਮਾਜ ਪਾਰਟੀ ਨੂੰ 18 ਤੋਂ 20 ਸੀਟਾਂ ਦੇਣ ਦੀ ਚਰਚਾ ਹੈ। ਹਾਲਾਂਕਿ ਕੁਲ ਸੀਟਾਂ ਦੀ ਅਸਲ ਤਸਵੀਰ ਅਧਿਕਾਰਿਤ ਐਲਾਨ ਤੋਂ ਬਾਅਦ ਹੀ ਸਾਹਮਣੇ ਆ ਸਕੇਗੀ।

ਬਹੁਜਨ ਸਮਾਜ ਪਾਰਟੀ ਨਾਲ ਗਠਜੋੜ ਦਾ ਸਿਹਰਾ ਅਕਾਲੀ ਦਲ ਦੇ ਰਾਜ ਸਭਾ ਸੰਸਦ ਮੈਂਬਰ ਨਰੇਸ਼ ਗੁਜਰਾਲ ਦੇ ਸਿਰ ਬੰਨ੍ਹਿਆ ਜਾ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਗੁਜਰਾਲ ਨੇ ਹੀ ਇਸ ਗਠਜੋੜ ਨੂੰ ਅਮਲੀਜਾਮਾ ਪੁਆਉਣ ਵਿਚ ਸਭ ਤੋਂ ਅਹਿਮ ਭੂਮਿਕਾ ਨਿਭਾਈ ਹੈ। ਖਾਸ ਗੱਲ ਇਹ ਹੈ ਕਿ ਸ਼ੁੱਕਰਵਾਰ ਨੂੰ ਨਰੇਸ਼ ਗੁਜਰਾਲ ਨਾਲ ਬਸਪਾ ਦੇ ਕੌਮੀ ਜਨਰਲ ਸਕੱਤਰ ਅਤੇ ਰਾਜ ਸਭਾ ਸੰਸਦ ਮੈਂਬਰ ਸਤੀਸ਼ ਚੰਦਰ ਮਿਸ਼ਰਾ ਵੀ ਚੰਡੀਗੜ੍ਹ ਪਹੁੰਚੇ ਹਨ। ਪੇਸ਼ੇ ਤੋਂ ਵਕੀਲ ਸਤੀਸ਼ ਚੰਦਰ ਮਿਸ਼ਰਾ ਬਸਪਾ ਸੁਪਰੀਮੋ ਮਾਇਆਵਤੀ ਦੇ ਸਭ ਤੋਂ ਖਾਸ ਹਨ। ਕਰੀਬ ਪਿਛਲੇ ਦੋ ਦਹਾਕਿਆਂ ਤੋਂ ਉਹ ਬਸਪਾ ਦੇ ਸਭ ਤੋਂ ਅਹਿਮ ਰਣਨੀਤੀਕਾਰ ਹਨ। ਕਿਹਾ ਜਾ ਰਿਹਾ ਹੈ ਕਿ ਮਿਸ਼ਰਾ ਹੀ ਅਕਾਲੀ ਦਲ ਨੇਤਾਵਾਂ ਨਾਲ ਚੰਡੀਗੜ੍ਹ ਵਿਚ ਸ਼੍ਰੋਮਣੀ ਅਕਾਲੀ ਦਲ-ਬਸਪਾ ਦੇ ਅਧਿਕਾਰਿਤ ਗਠਜੋੜ ਦਾ ਐਲਾਨ ਕਰਨਗੇ।

 ਇਹ ਵੀ ਪੜ੍ਹੋ- ਅਮਰੀਕੀ ਇਮੀਗ੍ਰੇਸ਼ਨ ਏਜੰਸੀ ਨੇ ਟਰੰਪ ਦੀ ਐੱਚ1ਬੀ ਵੀਜ਼ਾ ਨੀਤੀ ਨੂੰ ਪਲਟਿਆ

ਪਹਿਲਾਂ ਚਰਚਾ ਸੀ ਕਿ ਅਕਾਲੀ ਦਲ-ਬਸਪਾ ਦੇ ਗਠਜੋੜ ਦੇ ਅਧਿਕਾਰਿਤ ਐਲਾਨ ਦੌਰਾਨ ਬਸਪਾ ਸੁਪਰੀਮੋ ਮਾਇਆਵਤੀ ਮੌਜੂਦ ਰਹਿਣਗੇ ਪਰ ਕਿਸੇ ਕਾਰਣ ਮਾਇਆਵਤੀ ਦਾ ਆਉਣਾ ਸੰਭਵ ਨਹੀਂ ਹੋ ਸਕਿਆ ਹੈ। ਕਿਹਾ ਜਾ ਰਿਹਾ ਹੈ ਕਿ ਪੰਜਾਬ ਦੇ ਨਾਲ ਉੱਤਰ ਪ੍ਰਦੇਸ਼ ਦੀਆਂ ਚੋਣਾਂ ਹੋਣ ਕਾਰਣ ਬਸਪਾ ਸੁਪਰੀਮੋ ਉੱਤਰ ਪ੍ਰਦੇਸ਼ ਵਿਚ ਨਵੇਂ ਸਿਰੇ ਤੋਂ ਸੋਸ਼ਲ ਇੰਜੀਨੀਅਰਿੰਗ ਦਾ ਫਾਰਮੂਲਾ ਤਿਆਰ ਕਰਨ ਵਿਚ ਮਸਰੂਫ ਹਨ। ਇਸ ਲਈ ਅਕਾਲੀ ਦਲ-ਬਸਪਾ ਦੇ ਗਠਜੋੜ ਦਾ ਆਧਿਕਾਰਿਤ ਐਲਾਨ ਦਾ ਜ਼ਿੰਮਾ ਸਤੀਸ਼ ਚੰਦਰ ਮਿਸ਼ਰਾ ਨੂੰ ਦਿੱਤਾ ਗਿਆ ਹੈ।

ਭਾਜਪਾ ਨਾਲ 23 ਸੀਟਾਂ ਦਾ ਸੀ ਰਿਸ਼ਤਾ
ਸ਼੍ਰੋਮਣੀ ਅਕਾਲੀ ਦਲ ਦਾ ਭਾਰਤੀ ਜਨਤਾ ਪਾਰਟੀ ਨਾਲ 23 ਸੀਟਾਂ ਦਾ ਰਿਸ਼ਤਾ ਸੀ। ਕੇਂਦਰੀ ਖੇਤੀਬਾੜੀ ਕਾਨੂੰਨਾਂ ਨੇ ਇਸ ਰਿਸ਼ਤੇ ਵਿਚ ਅਜਿਹੀ ਕੁੜੱਤਣ ਘੋਲੀ ਕਿ ਸਤੰਬਰ 2020 ਵਿਚ ਅਕਾਲੀ ਦਲ ਨੇ ਭਾਜਪਾ ਨਾਲੋਂ ਵੱਖ ਹੋਣ ਦਾ ਐਲਾਨ ਕਰ ਦਿੱਤਾ। ਉਂਝ ਤਾਂ ਕਈ ਨੇਤਾ ਭਾਜਪਾ ਨਾਲ 1997 ਤੋਂ ਰਿਸ਼ਤੇ ਦੀ ਗੱਲ ਕਹਿੰਦੇ ਹਨ ਪਰ ਸ਼੍ਰੋਮਣੀ ਅਕਾਲੀ ਦਲ ਨਾਲ ਭਾਜਪਾ ਦੇ ਪੁਰਾਣੇ ਸਵਰੂਪ ਜਨਸੰਘ ਦਾ ਬੇਹੱਦ ਪੁਰਾਣਾ ਰਿਸ਼ਤਾ ਰਿਹਾ ਹੈ। 1967 ਵਿਚ ਪੰਜਾਬ ਅਤੇ ਹਰਿਆਣਾ ਦੇ ਵੱਖ ਹੋਣ ’ਤੇ ਜਨਸੰਘ ਅਤੇ ਅਕਾਲੀ ਦਲ ਨੇ ਕੁਝ ਹੋਰ ਦਲਾਂ ਨਾਲ ਮਿਲ ਕੇ ਸਰਕਾਰ ਬਣਾਈ ਸੀ। ਇਸ ਤੋਂ ਬਾਅਦ ਦੋਵਾਂ ਦਲਾਂ ਵਿਚਾਲੇ ਦੂਰੀਆਂ ਵਧੀਆਂ ਪਰ 1997 ਵਿਚ ਦੋਵਾਂ ਪਾਰਟੀਆਂ ਨੇ ਫਿਰ ਸਾਥ ਆਉਣ ਦਾ ਫੈਸਲਾ ਕੀਤਾ। ਅਕਾਲੀ ਦਲ ਦੇ ਸਰਪ੍ਰਸਤ ਪ੍ਰਕਾਸ਼ ਸਿੰਘ ਬਾਦਲ ਅਕਾਲੀ ਦਲ-ਭਾਜਪਾ ਦੇ ਗਠਜੋੜ ਨੂੰ ਕਦੇ ਨਹੁੰ-ਮਾਸ ਦਾ ਰਿਸ਼ਤਾ ਕਹਿੰਦੇ ਰਹੇ ਸਨ।       

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News