ਅਮਿਤ ਸ਼ਾਹ ਨੇ ਨਹੀਂ ਦਿੱਤਾ ਬਾਦਲਾਂ ਨੂੰ ਮਿਲਣ ਦਾ ਸਮਾਂ

01/29/2020 10:21:28 AM

ਜਲੰਧਰ (ਬੁਲੰਦ)— ਦਿੱਲੀ ਵਿਧਾਨ ਸਭਾ ਚੋਣਾਂ ਦੌਰਾਨ ਵਿਗੜੇ ਸ਼੍ਰੋਅਦ-ਭਾਜਪਾ ਦੇ ਰਿਸ਼ਤਿਆਂ ਦਰਮਿਆਨ ਰਿਸ਼ਤੇ ਸੁਧਰਨ ਦੇ ਹਾਲਾਤ ਘੱਟ ਹੀ ਦਿਖਾਈ ਦੇ ਰਹੇ ਹਨ। ਇਸ ਦਰਮਿਆਨ ਦਿੱਲੀ ਦੀ ਸਿਆਸਤ ਨਾਲ ਜੁੜੇ ਸੂਤਰਾਂ ਦੀ ਮੰਨੀਏ ਤਾਂ ਪਿਛਲੇ ਦੋ ਦਿਨਾਂ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਵੱਲੋਂ ਭਾਜਪਾ ਦੇ ਸੀ. ਨੇਤਾ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲਣ ਲਈ ਸਮਾਂ ਮੰਗਿਆ ਜਾ ਰਿਹਾ ਹੈ ਪਰ ਉਨ੍ਹਾਂ ਨੂੰ ਅਮਿਤ ਸ਼ਾਹ ਵੱਲੋਂ ਸਮਾਂ ਨਹੀਂ ਦਿੱਤਾ ਜਾ ਰਿਹਾ। ਮਾਮਲੇ ਬਾਰੇ ਮਿਲੀ ਜਾਣਕਾਰੀ ਮੁਤਾਬਕ ਦਿੱਲੀ 'ਚ ਜਿਸ ਤਰ੍ਹਾਂ ਭਾਜਪਾ ਵੱਲੋਂ ਅਕਾਲੀ ਦਲ ਨੂੰ ਚੋਣ ਗਠਜੋੜ ਤੋਂ ਬਾਹਰ ਕਰਕੇ ਆਪਣੇ ਦਮ 'ਤੇ ਚੋਣ ਲੜਨ ਦਾ ਫੈਸਲਾ ਲਿਆ ਗਿਆ ਸੀ। ਉਸ ਤੋਂ ਬਾਅਦ ਅਕਾਲੀ ਦਲ ਲਈ ਹਾਲਤ ਸੱਪ ਦੇ ਮੂੰਹ 'ਚ ਕੋਹੜ ਕਿਰਲੀ ਵਾਲੀ ਬਣੀ ਹੋਈ ਹੈ। ਅਕਾਲੀ ਦਲ ਦੇ ਨਾਰਾਜ਼ ਨੇਤਾ ਸਿੱਧੇ ਤੌਰ 'ਤੇ ਭਾਜਪਾ ਦੇ ਵਿਰੋਧ 'ਚ ਡਟ ਚੁੱਕੇ ਹਨ ਅਤੇ ਆਪ ਪਾਰਟੀ ਦਾ ਸਮਰਥਨ ਕਰਨ 'ਚ ਲੱਗੇ ਹਨ। ਸਿੱਖ ਬਹੁ ਗਿਣਤੀ ਵਾਲੇ ਇਲਾਕਿਆਂ 'ਚ ਸ਼੍ਰੋਅਦ ਦੇ ਨੇਤਾ ਭਾਜਪਾ ਦੇ ਉਮੀਦਵਾਰ ਨੂੰ ਸਮਰਥਨ ਦੇਣ ਦੀ ਥਾਂ ਆਪ ਦੇ ਨੇਤਾਵਾਂ ਦਾ ਸਾਥ ਦਿੰਦੇ ਸਾਫ ਦੇਖੇ ਜਾ ਰਹੇ ਹਨ। ਇਸ ਨਾਲ ਭਾਜਪਾ 'ਚ ਅਕਾਲੀ ਦਲ ਦੇ ਪ੍ਰਤੀ ਨਾਰਾਜ਼ਗੀ ਹੋਰ ਵੱਧ ਚੁੱਕੀ ਹੈ।

ਉਥੇ ਹੀ ਪਾਰਟੀ ਦੀ ਦਿੱਲੀ ਇਕਾਈ ਵੱਲੋਂ ਪਾਰਟੀ ਹਾਈਕਮਾਨ 'ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਉਹ ਸਿੱਧੇ ਤੌਰ 'ਤੇ ਭਾਜਪਾ ਦੇ ਵਿਰੋਧ ਦਾ ਦਿੱਲੀ 'ਚ ਐਲਾਨ ਕਰਨ। ਅਜਿਹੇ 'ਚ ਸੁਖਬੀਰ ਲਈ ਸਥਿਤੀ ਬੇਹੱਦ ਦੁਚਿੱਤੀ ਵਾਲੀ ਬਣੀ ਹੋਈ ਹੈ। ਇਸ ਲਈ ਪਾਰਟੀ ਵੱਲੋਂ ਕੱਲ ਦਿੱਲੀ ਦੇ ਪਰਿਕਰਮਾ ਰੈਸਟੋਰੈਂਟ 'ਚ ਬੈਠਕ ਵੀ ਰੱਖੀ ਹੋਈ ਹੈ, ਜਿਸ 'ਚ ਅਗਲੀ ਰਣਨੀਤੀ ਬਾਰੇ ਫੈਸਲਾ ਲਿਆ ਜਾਵੇਗਾ ਪਰ ਸੁਖਬੀਰ ਦੀ ਪੂਰੀ ਕੋਸ਼ਿਸ਼ ਹੈ ਕਿ ਇਸ ਬੈਠਕ ਤੋਂ ਪਹਿਲਾਂ ਉਹ ਅਮਿਤ ਸ਼ਾਹ ਨਾਲ ਮਿਲ ਸਕਣ ਅਤੇ ਕੁਝ ਅਜਿਹਾ ਕਰ ਸਕਣ ਕਿ ਅਕਾਲੀ ਦਲ ਦਿੱਲੀ 'ਚ ਭਾਜਪਾ ਨੂੰ ਸਮਰਥਨ ਦਾ ਐਲਾਨ ਕਰਨ ਲਾਇਕ ਹੋ ਸਕੇ।

ਉਥੇ ਹੀ ਭਾਜਪਾ ਵੱਲੋਂ ਦਿੱਲੀ 'ਚ ਸਰਨਾ ਭਰਾਵਾਂ ਨਾਲ ਨਜ਼ਦੀਕੀ ਰਿਸ਼ਤਿਆਂ ਨਾਲ ਵੀ ਅਕਾਲੀ ਦਲ ਬਾਦਲ 'ਚ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਪੈਦਾ ਹੋ ਚੁੱਕੀਆਂ ਹਨ। ਦੇਖਣਾ ਹੋਵੇਗਾ ਕਿ ਕੀ ਅਮਿਤ ਸ਼ਾਹ ਸੁਖਬੀਰ ਨੂੰ ਮਿਲਣ ਦਾ ਸਮਾਂ ਦਿੰਦੇ ਹਨ ਜਾਂ ਬਿਨਾਂ ਉਨ੍ਹਾਂ ਨਾਲ ਮਿਲੇ ਹੀ ਅਕਾਲੀ ਦਲ ਦਿੱਲੀ ਇਕਾਈ ਨਾਲ ਬੈਠਕ ਕਰਕੇ ਕੋਈ ਫੈਸਲਾ ਲੈਂਦਾ ਹੈ। ਉਥੇ ਹੀ ਮਾਮਲੇ ਬਾਰੇ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨਾਲ ਤਾਂ ਗੱਲ ਨਹੀਂ ਹੋ ਸਕੀ ਪਰ ਪਾਰਟੀ ਬੁਲਾਰਾ ਦਲਜੀਤ ਚੀਮਾ ਦਾ ਕਹਿਣਾ ਹੈ ਕਿ ਉਹ ਸੁਖਬੀਰ ਨਾਲ ਹੀ ਹਨ ਅਤੇ ਕੱਲ ਹੀ ਦਿੱਲੀ ਪਹੁੰਚੇ ਹਨ। ਉਨ੍ਹਾਂ ਨੇ ਅਮਿਤ ਸ਼ਾਹ ਤੋਂ ਸਮਾਂ ਲੈਣ ਤੇ ਪਾਰਟੀ ਦੀ ਬੈਠਕ ਬਾਰੇ ਵੀ ਕੋਈ ਜਾਣਕਾਰੀ ਨਾ ਹੋਣ ਬਾਰੇ ਕਿਹਾ।


shivani attri

Content Editor

Related News