ਰੇਤ ਮਾਫੀਆ ਖਿਲਾਫ ਅਕਾਲੀ ਦਲ ਵੱਲੋਂ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ

Wednesday, Dec 18, 2019 - 10:33 AM (IST)

ਰੇਤ ਮਾਫੀਆ ਖਿਲਾਫ ਅਕਾਲੀ ਦਲ ਵੱਲੋਂ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ

ਧਰਮਕੋਟ (ਅਕਾਲੀਆਂਵਾਲਾ): ਸ਼੍ਰੋਮਣੀ ਅਕਾਲੀ ਦਲ ਦੇ ਹਲਕੇ ਧਰਮਕੋਟ ਦੇ ਆਗੂਆਂ ਨੇ ਵਕਤ ਦੀ ਹਕੂਮਤ ਦੇ ਆਗੂਆਂ ਦੀ ਸਰਪ੍ਰਸਤੀ ਹੇਠ ਹੋ ਰਹੀ ਰੇਤੇ ਦੀ ਮਾਈਨਿੰਗ ਕਾਰਣ ਸੜਕਾਂ ਅਤੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਦੇ ਹੋ ਰਹੇ ਨੁਕਸਾਨ ਨੂੰ ਠੱਲ੍ਹਣ ਲਈ ਪੂਰੀ ਤਰ੍ਹਾਂ ਹਿੱਕ ਤਾਣ ਲਈ ਹੈ ਅਤੇ ਆਰ-ਪਾਰ ਦੀ ਲੜਾਈ ਲੜਨ ਦਾ ਐਲਾਨ ਕਰ ਦਿੱਤਾ ਹੈ, ਜੇਕਰ ਪੰਜਾਬ ਸਰਕਾਰ ਦਾ ਪ੍ਰਸ਼ਾਸਨ ਇਸ ਰੇਤ ਮਾਫੀਆ ਨੂੰ ਰੋਕਣ 'ਚ 20 ਦਸੰਬਰ ਤੱਕ ਕੋਈ ਵੀ ਕਾਰਵਾਈ ਨਹੀਂ ਕਰਦਾ ਤਾਂ ਸੰਘਰਸ਼ ਵਿੱਢਣ ਲਈ ਨਵੀਂ ਰਣਨੀਤੀ ਉਲੀਕੀ ਜਾਵੇਗੀ।

ਇਸ ਸਬੰਧੀ ਅੱਜ ਪਿੰਡ ਢੋਲੇਵਾਲਾ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਸੰਬੋਧਨ ਕਰਦਿਆਂ ਸਰਕਲ ਪ੍ਰਧਾਨ ਗੁਰਦੇਵ ਸਿੰਘ ਭੋਲਾ, ਜੋਗਿੰਦਰ ਸਿੰਘ ਪੱਪੂ ਕਾਹਨੇਵਾਲਾ ਸਕੱਤਰ ਕਿਸਾਨ ਵਿੰਗ ਪੰਜਾਬ, ਸਾਬਕਾ ਚੇਅਰਮੈਨ ਕਸ਼ਮੀਰ ਸਿੰਘ ਬਾਜੇਕੇ, ਸੀਨੀਅਰ ਆਗੂ ਸਕੱਤਰ ਸਿੰਘ ਪੰਨੂੰ ਢੋਲੇਵਾਲਾ, ਸਰਪੰਚ ਅਨੂਪ ਸਿੰਘ ਢੋਲੇਵਾਲਾ, ਸਾਬਕਾ ਸਰਪੰਚ ਦਵਿੰਦਰ ਸਿੰਘ ਬੱਗੇ, ਯੂਥ ਆਗੂ ਇੰਦਰ ਸਿੰਘ ਸ਼ੇਰੇਵਾਲਾ, ਝਰਮਲ ਸਿੰਘ, ਬਲਰਾਮ ਸਿੰਘ ਆਦਿ ਆਗੂਆਂ ਨੇ ਕਿਹਾ ਕਿ ਰੇਤ ਮਾਫੀਆ ਵੱਲੋਂ ਸਮੇਂ ਦੀ ਹਕੂਮਤ ਦੇ ਕੁਝ ਸਰਪੰਚਾਂ ਅਤੇ ਆਗੂਆਂ ਨੂੰ ਮੁਫਤ ਰੇਤ ਦੇਣ ਦਾ ਲਾਲਚ ਦੇ ਕੇ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਅਤੇ ਇਲਾਕੇ ਦੀਆਂ ਸੜਕਾਂ ਨੂੰ ਸ਼ਰੇਆਮ ਖਰਾਬ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਰੇਤਾ ਦੇ ਜੋ ਖੱਡ ਅਲਾਟ ਹੋਏ ਹਨ ਉਹ ਜਲੰਧਰ ਜ਼ਿਲੇ ਦੇ ਪਿੰਡ ਪਿੱਪਲੀ ਦੇ ਰਕਬੇ 'ਚ ਹਨ ਅਤੇ ਰੇਤਾ ਨੂੰ ਇੱਧਰ-ਉੱਧਰ ਲਿਜਾਣ ਲਈ ਜਲੰਧਰ ਜ਼ਿਲੇ ਦੇ ਹੀ ਰਸਤੇ ਅਲਾਟ ਕੀਤੇ ਗਏ ਹਨ ਪਰ ਮਾਈਨਿੰਗ ਕਰ ਰਹੇ ਠੇਕੇਦਾਰਾਂ ਵੱਲੋਂ ਇਸ ਇਲਾਕੇ 'ਚੋਂ ਲੰਘਾਏ ਜਾ ਰਹੇ ਟਿੱਪਰ ਅਤੇ ਟਰਾਲਿਆਂ ਨਾਲ ਸੜਕਾਂ ਅਤੇ ਸਤਲੁਜ ਦਰਿਆ ਦਾ ਬੰਨ੍ਹ ਓਵਰਲੋਡ ਟਰਾਲਿਆਂ-ਟਿੱਪਰਾਂ ਨਾਲ ਪੂਰੀ ਤਰ੍ਹਾਂ ਖਰਾਬ ਹੋ ਚੁੱਕਾ ਹੈ, ਜੇਕਰ ਇਹ ਸਿਲਸਿਲਾ ਨਾ ਰੁਕਿਆ ਤਾਂ ਆਉਣ ਵਾਲੇ ਸਮੇਂ 'ਚ ਲੋਕਾਂ ਨੂੰ ਸਤਲੁਜ ਦਰਿਆ ਦੇ ਪਾਣੀ ਦੀ ਮਾਰ ਸਹਿਣੀ ਪੈ ਸਕਦੀ ਹੈ।

ਨਿਯਮਾਂ ਨੂੰ ਛਿੱਕੇ ਟੰਗ ਕੇ ਕੀਤੀ ਜਾ ਰਹੀ ਹੈ ਮਾਈਨਿੰਗ
ਜ਼ਿਲੇ 'ਚ ਸਤਲੁਜ ਦਰਿਆ ਨੇੜਲੇ ਪਿੰਡਾਂ 'ਚ ਕੁੱਲ ਅੱਠ ਖੱਡਾਂ ਹਨ ਅਤੇ ਠੇਕੇਦਾਰ ਡਿਫਾਲਟਰ ਹੋਣ ਕਾਰਣ ਇਨ੍ਹਾਂ 'ਚੋਂ ਸਿਰਫ ਇਕ ਖੱਡ ਹੀ ਚੱਲ ਰਹੀ ਹੈ। ਰੇਤ ਮਾਫੀਆ ਨਿਯਮਾਂ ਨੂੰ ਛਿੱਕੇ ਟੰਗ ਕੇ ਇਨ੍ਹਾਂ ਖੱਡਾਂ 'ਚੋਂ ਆਧੁਨਿਕ ਤਕਨੀਕ ਪੋਕਲੇਨ ਮਸ਼ੀਨਾਂ ਨਾਲ 40 ਫੁੱਟ ਤੱਕ ਪੁਟਾਈ ਕੀਤੀ ਹੈ, ਜਦਕਿ ਨਿਯਮਾਂ ਅਨੁਸਾਰ ਸਿਰਫ 10 ਫੁੱਟ ਤੱਕ ਰੇਤਾ ਦੀ ਪੁਟਾਈ ਹੋ ਸਕਦੀ ਹੈ। ਜੇ. ਸੀ. ਬੀ. ਮਸ਼ੀਨਾਂ ਨਾਲ ਹਰ ਰੋਜ਼ ਦਿਨ-ਰਾਤ ਸੈਂਕੜੇ ਵੱਡੇ ਟਿੱਪਰ ਟਰੱਕਾਂ ਤੋਂ ਇਲਾਵਾ ਟਰਾਲੀਆਂ 'ਚ ਵੱਧ ਰੇਤਾ ਲੋਡ ਕਰ ਕੇ ਸਰਕਾਰ ਨੂੰ ਕਰੋੜਾਂ ਰੁਪਏ ਦਾ ਰਗੜਾ ਲਾਇਆ ਜਾ ਰਿਹਾ ਹੈ।
ਇਲਾਕੇ ਦੇ ਲੋਕਾਂ ਨੇ ਇਹ ਵੀ ਦੋਸ਼ ਲਾਇਆ ਕਿ ਜੋ ਟਰਾਲੇ ਅਤੇ ਟਿੱਪਰ ਇਸ ਇਲਾਕੇ 'ਚ ਆਉਂਦੇ ਹਨ ਉਹ ਮਾਲਵਾ ਅਤੇ ਹੋਰਾਂ ਖੇਤਰਾਂ 'ਚੋਂ ਬੇਸਹਾਰਾ ਪਸ਼ੂਆਂ ਨੂੰ ਲਿਆ ਕੇ ਇਸ ਇਲਾਕੇ 'ਚ ਛੱਡ ਦਿੰਦੇ ਹਨ, ਜਿਸ ਨਾਲ ਕਿਸਾਨਾਂ ਦੀਆਂ ਫਸਲਾਂ ਦਾ ਉਜਾੜਾ ਵੀ ਹੋ ਰਿਹਾ ਹੈ।

ਸਕੂਲਾਂ ਵਾਲਿਆਂ ਨੇ ਪ੍ਰਸ਼ਾਸਨ ਤੋਂ ਕੀਤੀ ਮੰਗ
ਇਸ ਸਬੰਧੀ ਸਰਕਾਰੀ ਹਾਈ ਸਕੂਲ ਢੋਲੇਵਾਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਢੋਲੇਵਾਲਾ ਅਤੇ ਸਮੁੱਚੀ ਗ੍ਰਾਮ ਪੰਚਾਇਤ ਨੇ ਮਤਾ ਪਾਸ ਕਰ ਕੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਰੇਤੇ ਦੀ ਹੋ ਰਹੀ ਲਗਾਤਾਰ ਢੋਆ-ਢੁਆਈ ਨਾਲ ਬੱਚਿਆਂ ਦੀ ਜਾਨ ਨੂੰ ਖਤਰਾ ਬਣਿਆ ਹੋਇਆ ਹੈ ਅਤੇ ਸੜਕਾਂ ਵੀ ਬੁਰੀ ਤਰ੍ਹਾਂ ਟੁੱਟ ਗਈਆਂ ਹਨ।

ਜਲਦ ਹੋਵੇਗੀ ਜਾਂਚ : ਗੁਪਤਾ
ਇਸ ਸਬੰਧੀ ਸੰਜੀਵ ਗੁਪਤਾ ਚੀਫ ਮਾਈਨਿੰਗ ਪੰਜਾਬ ਨੇ 'ਜਗ ਬਾਣੀ' ਨਾਲ ਗੱਲਬਾਤ ਕਰਦਿਆਂ ਆਖਿਆ ਕਿ ਇਸ ਸਬੰਧੀ ਜਾਂਚ ਕੀਤੀ ਜਾਵੇਗੀ। ਜ਼ਿਲਾ ਐਕਸੀਅਨ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਹਨ। ਇਸ ਸਬੰਧੀ ਐਕਸੀਅਨ ਸੰਜੀਵ ਗੋਇਲ ਨਾਲ ਜਦੋਂ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਆਖਿਆ ਕਿ ਜੇਕਰ ਗਲਤ ਹੋਇਆ ਤਾਂ ਠੇਕੇਦਾਰਾਂ ਵਿਰੁੱਧ ਕਾਰਵਾਈ ਹੋਵੇਗੀ।


author

Shyna

Content Editor

Related News