ਸ਼ੇਰ ਸਿਘ ਘੁਬਾਇਆ ਨੇ ਸ਼੍ਰੋਮਣੀ ਅਕਾਲੀ ਦਲ ਤੋਂ ਦਿੱਤਾ ਅਸਤੀਫਾ
Monday, Mar 04, 2019 - 05:46 PM (IST)
ਜਲਾਲਾਬਾਦ (ਸੇਤੀਆ, ਸਨੀ) - ਫਿਰੋਜ਼ਪੁਰ ਤੋਂ ਪਾਰਲੀਮੈਂਟ ਮੈਂਬਰ ਸ਼ੇਰ ਸਿਘ ਘੁਬਾਇਆ ਨੇ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਤੇ ਸਾਰੇ ਅਹੁਦਿਆਂ ਤੋਂ ਅੱਜ ਅਸਤੀਫਾ ਦੇ ਦਿੱਤਾ ਹੈ। ਘੁਬਾਇਆ ਨੇ ਪਾਰਟੀ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਪਾਰਟੀ ਭਾਵ ਸੁਖਬੀਰ ਸਿੰਘ ਬਾਦਲ ਦੀਆਂ ਗਲਤ ਨੀਤੀਆਂ ਕਾਰਨ ਉਨ੍ਹਾਂ ਨੇ ਇਹ ਅਸਤੀਫਾ ਦਿੱਤਾ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਵੀ ਘੁਬਾਇਆ ਸੁਖਬੀਰ ਬਾਦਲ ਦੀ ਵਿਰੋਧਤਾ ਕਰ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸੁਖਬੀਰ ਬਾਦਲ ਅਕਾਲੀ ਦਲ ਦੇ ਪ੍ਰਧਾਨ ਰਹਿਣਗੇ ਤਾਂ ਉਹ ਪਾਰਟੀ ਤੋਂ ਅਸਤੀਫਾ ਦੇ ਦੇਣਗੇ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ ਪਾਰਟੀ 'ਚ ਰਹਿੰਦੇ ਹੋਏ ਉਨ੍ਹਾਂ ਨੂੰ ਲਗਾਤਾਰ ਅਣਗੋਲਿਆਂ ਕੀਤਾ ਜਾ ਰਿਹਾ ਸੀ ਅਤੇ ਉਹ ਕਈ ਵਾਰ ਪਾਰਟੀ ਆਗੂਆਂ ਨੂੰ ਅਕਾਲੀ ਦਲ ਤੋਂ ਕੱਢਣ ਲਈ ਕਹਿ ਚੁੱਕੇ ਸਨ। ਦੂਜੇ ਪਾਸੇ ਉਨ੍ਹਾਂ ਨੇ ਇਸ ਲਈ ਅਸਤੀਫਾ ਦੇਣਾ ਜਰੂਰੀ ਨਹੀਂ ਸਮਝਿਆ, ਕਿਉਂਕਿ ਲੋਕਾਂ ਨੇ ਉਨ੍ਹਾਂ ਨੂੰ ਚੁਣ ਕੇ ਪਾਰਲੀਮੈਂਟ ਦਾ ਮੈਂਬਰ ਬਣਾਇਆ ਸੀ। ਪਾਰਟੀ 'ਚ ਲਗਾਤਾਰ ਹੋ ਰਹੀ ਬੇਇਨਸਾਫੀ ਦੇ ਕਾਰਨ ਉਨ੍ਹਾਂ ਨੇ ਚੁੱਪ ਰਹਿਣਾ ਹੀ ਮੁਨਾਸਿਬ ਸਮਝਿਆ ਪਰ ਜਦੋਂ ਹੱਦਾਂ ਟੱਪਣ ਲੱਗੀਆਂ ਤਾਂ ਉਹ ਪਾਰਟੀ ਪ੍ਰਧਾਨ ਵਿਰੁੱਧ ਖੁੱਲ ਕੇ ਸਾਹਮਣੇ ਆਏ। ਸ਼ੇਰ ਸਿੰਘ ਘੁਬਾਇਆ ਨੇ ਕਿਹਾ ਕਿ 2009 'ਚ ਉਹ ਆਪਣੀ ਸੀਟ ਛੱਡ ਕੇ ਪਾਰਟੀ ਪ੍ਰਧਾਨ ਨੂੰ ਜਲਾਲਾਬਾਦ ਤੋਂ ਚੋਣ ਲੜਾਉਣ ਲਈ ਆਏ ਸਨ ਅਤੇ ਸੁਖਬੀਰ ਸਿੰਘ ਬਾਦਲ ਵੱਡੇ ਅੰਤਰ ਨਾਲ ਚੋਣ ਜਿੱਤੇ ਸਨ। ਇਸ ਤੋਂ ਬਾਅਦ ਲਗਾਤਾਰ ਉਨ੍ਹਾਂ ਦਾ ਵੋਟ ਅੰਤਰ ਹੇਠਾਂ ਡਿੱਗਦਾ ਗਿਆ ਅਤੇ 2017 ਦੀਆਂ ਵਿਧਾਨ ਸਭਾ ਚੋਣਾਂ ਦੌਰਾਨ ਸੁਖਬੀਰ ਸਿੰਘ ਬਾਦਲ ਨੇ 18500 ਵੋਟਾਂ ਨਾਲ ਜਿੱਤ ਹਾਸਲ ਕੀਤੀ।
ਘੁਬਾਇਆ ਨੇ ਕਿਹਾ ਕਿ ਵਰਤਮਾਨ ਸਮੇਂ ਅੰਦਰ ਲੋਕਾਂ ਦਾ ਸ਼੍ਰੋਮਣੀ ਅਕਾਲੀ ਦਲ ਤੋਂ ਮੋਹ ਭੰਗ ਹੋ ਚੁੱਕਿਆ ਹੈ ਅਤੇ ਪਾਰਟੀ ਪ੍ਰਧਾਨ ਦੀਆਂ ਮਨਮਾਨੀਆਂ ਕਾਰਨ ਟਕਸਾਲੀ ਅਕਾਲੀ ਆਗੂ ਪਾਰਟੀ ਛੱਡਣ ਲਈ ਮਜਬੂਰ ਹੋ ਗਏ। ਨਵੀਂ ਪਾਰਟੀ 'ਚ ਸ਼ਾਮਲ ਹੋਣ ਬਾਰੇ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਘੁਬਾਇਆ ਨੇ ਕਿਹਾ ਕਿ ਜੋ ਪਾਰਟੀ ਚੰਗਾ ਸਨਮਾਨ ਦੇਵੇਗੀ ਉਹ ਉਸ ਪਾਰਟੀ 'ਚ ਹੀ ਜਾਣਗੇ ਪਰ ਉਨ੍ਹਾਂ ਦੇ ਬੇਟੇ ਦਵਿੰਦਰ ਸਿੰਘ ਘੁਬਾਇਆ ਕਾਂਗਰਸ ਪਾਰਟੀ ਦੇ ਫਾਜ਼ਿਲਕਾ ਤੋਂ ਵਿਧਾਇਕ ਹਨ, ਜਿਸ ਕਾਰਨ ਉਨ੍ਹਾਂ ਦਾ ਝੁਕਾਅ ਕਾਂਗਰਸ ਵੱਲ ਹੈ ਪਰ ਆਖਰੀ ਫੈਸਲਾ ਹੋਣਾ ਅਜੇ ਬਾਕੀ ਹੈ। ਇਸ ਮੌਕੇ ਬਲਤੇਜ ਸਿੰਘ ਬਰਾੜ, ਅਮਨਦੀਪ ਸਿੰਘ ਧਾਰੀਵਾਲ ਪ੍ਰਧਾਨ ਬਾਰ ਐਸੋਸੀਏਸ਼ਨ, ਅਮ੍ਰਿਤਪਾਲ ਸਿੰਘ ਨੀਲਾ ਮਦਾਨ, ਰਾਜੀਵ ਪਸਰੀਚਾ ਐਡਵੋਕੇਟ, ਗੁਰਮੀਤ ਸਿੰਘ ਆਦਿ ਮੌਜੂਦ ਸਨ।
7 ਮਾਰਚ ਦੀ ਮੋਗਾ ਰੈਲੀ ਦੌਰਾਨ ਘੁਬਾਇਆ ਹੋ ਸਕਦੇ ਹਨ ਸ਼ਾਮਲ?
7 ਮਾਰਚ ਨੂੰ ਮੋਗਾ ਵਿਖੇ ਕਾਂਗਰਸ ਪਾਰਟੀ ਵਲੋਂ ਪਾਰਟੀ ਦੇ ਕੌਮੀ ਪ੍ਰਧਾਨ ਰਾਹੁਲ ਗਾਂਧੀ ਦੀ ਅਗੁਵਾਈ ਹੇਠ ਰੈਲੀ ਰੱਖੀ ਗਈ ਹੈ। ਇਸ ਰੈਲੀ 'ਚ ਸ਼ੇਰ ਸਿੰਘ ਘੁਬਾਇਆ ਵਲੋਂ ਕਾਂਗਰਸ ਪਾਰਟੀ ਦਾ ਪੱਲਾ ਫੜ੍ਹ ਲੈਣ ਦੀ ਉਮੀਦ ਜਤਾਈ ਜਾ ਰਹੀ ਹੈ।