ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ : ਅਟਕ ਦਰਿਆ ਵੀ ਜਿਸਨੂੰ 'ਅਟਕਾਅ' ਨਹੀਂ ਸਕਿਆ
Tuesday, Jun 29, 2021 - 11:37 AM (IST)
ਸ੍ਰੀ ਅਨੰਦਪੁਰ ਸਾਹਿਬ (ਸ਼ਮਸ਼ੇਰ ਸਿੰਘ ਡੂਮੇਵਾਲ) : 1839 ਨੂੰ ਲਾਹੌਰ ਦੀ ਧਰਤੀ ’ਤੇ ਇਕ ਸਿਵਾ ਬਲਿਆ ਜਿਸ ’ਚ ਮਹਾਨ ਪੰਜਾਬ ਦਾ ਨਾਇਕ ਮਹਾਰਾਜਾ ਰਣਜੀਤ ਸਿੰਘ ਪੰਜਾਬ ਦੀ ਤਕਦੀਰ ਨੂੰ ਨਾਲ ਲੈ ਕੇ ਰਾਖ ਹੋ ਗਿਆ। 1.45 ਹਜ਼ਾਰ ਮੁਰੱਬਾ ਮੀਲ ਅੰਦਰ ਫੈਲਿਆ ਅਤੇ ਸੂਹੇ ਗੁਲਾਬ ਵਾਂਗ ਖਿੜਿਆ ਪੰਜਾਬ ਜਿਸਨੂੰ ਕਦੇ ਸਰਕਾਰ-ਏ-ਖ਼ਾਲਸਾ ਨੇ ਕਾਬਲ ਕੰਧਾਰ ਦੀਆਂ ਚੋਟੀਆਂ ਤੱਕ ਕੇਸਰੀ ਪਰਚਮ ਲਹਿਰਾ ਕੇ ਆਪਣੇ ਆਗੋਸ਼ ’ਚ ਲਿਆ ਸੀ। ਇਸ ਦੀ ਤੇਗ ਦੀ ਨੋਕ ਨਾਲ ਤਕਦੀਰ ਉਕਰ ਕੇ ਇਸਨੂੰ ਫਿਰਕੂ ਰੰਗਤ ਤੋਂ ਮੁਕਤ ਕੀਤਾ ਸੀ, ਉਹ ਪੰਜਾਬ ਅੱਜ ਟੁਕੜਿਆਂ ’ਚ ਤਕਸੀਮ ਹੋਇਆ ਆਪਣੇ ਹਾਲ ’ਤੇ ਹੰਝੂ ਵਹਾ ਰਿਹਾ ਹੈ ਅਤੇ ਉਸ ਮਹਾਰਾਜੇ ਦੀ ਯਾਦ ’ਚ ਤੜਪ ਰਿਹਾ ਹੈ, ਜਿਸਨੇ ਕਦੇ 17 ਵਰ੍ਹਿਆਂ ਦੀ ਉਮਰ 'ਚ ਸ਼ਾਹ ਜਮਾਨ ਦੁਰਾਨੀ ਵਰਗਿਆਂ ਨੂੰ ਮਾਤ ਦੇ ਕੇ ਵੈਰੀਆਂ ਨੂੰ ਦਰਾ ਖੈਬਰ ਤੋਂ ਪਾਰ ਲੰਘਾਇਆ ਸੀ। ਜਿਸਦੀ ਸੱਤਾ ਦਾ ਪ੍ਰਭਾਵ 12 ਸਿੱਖ ਮਿਸਲਾਂ ਮੰਨਦੀਆਂ ਸਨ। ਮਹਾਰਾਜੇ ਦੀ ਦਲੇਰੀ ਅੱਗੇ ਕੋਈ ਟਿਕ ਨਾ ਸਕਿਆ, ਅਟਕ ਦਰਿਆ ਵੀ ਇਸ ਸ਼ੇਰ ਨੂੰ ਅਟਕਾਅ ਨਾ ਸਕਿਆ।
ਇਹ ਵੀ ਪੜ੍ਹੋ : ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਚਿਖ਼ਾ ਦੇ ਨਾਲ ਹੀ ਸੜ ਗਈ ਪੰਜਾਬ ਦੀ ਕਿਸਮਤ
ਜਿੱਥੇ ਹਿੰਦੂ, ਸਿੱਖ ਅਤੇ ਮੋਮਨਾਂ ਵਿਚਕਾਰ ਕੋਈ ਵਿਤਕਰਾ ਨਹੀਂ ਸੀ, ਜਿੱਥੇ ਹਾਰਨ ਵਾਲੇ ਹਾਕਮ ਵੀ ਗ਼ੁਲਾਮੀ ਦੀ ਥਾਂ ਆਜ਼ਾਦ ਫਿਜ਼ਾਵਾਂ ਮਾਣਦੇ ਸਨ। 40 ਵਰ੍ਹਿਆਂ ਦਾ ਇਹ ਲੋਕ ਹਿਤੈਸ਼ੀ ਸ਼ਾਸਨ ਮਹਾਰਾਜੇ ਦੇ ਅੱਖਾਂ ਮੀਟਣ ਬਾਅਦ ਲੜਖੜਾ ਗਿਆ। ਡੋਗਰਿਆਂ ਅਤੇ ਫਿਰੰਗੀਆਂ ਦਾ ਨਾਪਾਕ ਗਠਜੋੜ ਪੰਜਾਬ ਦੇ ਸਿਖਰੀ ਮਘਦੇ ਸੂਰਜ ਨੂੰ ਗ੍ਰਹਿਣ ਬਣ ਜਾ ਲੱਗਿਆ। ਸਿਆਸੀ ਅਤੇ ਸਾਜ਼ਿਸ਼ੀ ਸ਼ਤਰੰਜਬਾਜੀ ਮਹਾਰਾਜੇ ਦੇ ਆਪਣੇ ਕੁਟੰਬ ਨੂੰ ਹੀ ਲੀਰੋ ਲੀਰ ਕਰਕੇ ਧਰ ਗਈ।
ਇਹ ਵੀ ਪੜ੍ਹੋ : ਕਿਸਾਨੀ ਘੋਲ ਦੇ 7 ਮਹੀਨੇ ਪੂਰੇ, ਕੀ ਹੋਵੇਗਾ ਅੰਦੋਲਨ ਦਾ ਭਵਿੱਖ ? ਪੜ੍ਹੋ ਇਹ ਖ਼ਾਸ ਰਿਪੋਰਟ
ਮਹਾਰਾਜਾ ਖੜਕ ਸਿੰਘ ਅਤੇ ਕੰਵਰ ਨੌ ਨਿਹਾਲ ਸਿੰਘ ਵਰਗੇ ਦੂਰ ਅੰਦੇਸ਼ ਨਾਪਾਕ ਨਿਜ਼ਾਮ ਨੇ ਕਤਲ ਕਰਵਾ ਦਿੱਤੇ। ਸਿੱਖ ਮਿਸਲਾਂ ਦੇ ਜਰਨੈਲਾਂ ਅਤੇ ਮਹਾਰਾਜੇ ਦੇ ਵਫਾਪ੍ਰਸਤ ਸੈਨਿਕਾਂ ਨੂੰ ਨਾਪਾਕ ਗਠਜੋੜ ਦੇ ਇਰਾਦਿਆਂ ਨੇ ਤਸੀਹੇ ਦੇ ਦੇ ਕੇ ਮਾਰਿਆ। ਪੂਰੀ ਸਦੀ ਤੱਕ ਫਿਰੰਗੀ ਸੋਨਮੱਤੇ ਪੰਜਾਬ ਦਾ ਜੋਬਨ ਲੁੱਟ ਕੇ 1947 ’ਚ ਸ਼ੇਰੇ ਪੰਜਾਬ ਦੇ ਸਾਂਝੇ ਮਹਾਪੰਜਾਬ ਅਤੇ ਖ਼ਾਲਸਾ ਰਾਜ ਨੂੰ ਟੁਕੜਿਆਂ ’ਚ ਤਕਸੀਮ ਕਰ ਗਿਆ। ਸੰਨ 47 ਦੀ ਫਿਰਕੂ ਹਨੇਰੀ ਨੇ ਮਹਾਰਾਜੇ ਦੀ ਧਰਮ ਨਿਰਪੱਖ ਨੀਤੀ ਨੂੰ ਲਹੂ ਦੇ ਹੰਝੂ ਰੋਣ ਲਈ ਮਜਬੂਰ ਕਰ ਦਿੱਤਾ।
ਅੱਜ ਅਫਗਾਨਿਸਤਾਨ ਦੀਆਂ ਜੂਹਾਂ ਨਾਲ ਟਕਰਾਉਣ ਵਾਲੇ ਉਸ ਮਹਾਪੰਜਾਬ ’ਚੋਂ ਦੋ ਟੁਕੜੇ ਜੰਮੂ ਕਸ਼ਮੀਰ ਅਤੇ ਮਕਬੂਜਾ ਕਸ਼ਮੀਰ ਦੇ ਅੱਡ ਹੋਏ ਪਏ ਹਨ। ਲਹਿੰਦੇ ਅਤੇ ਚੜ੍ਹਦੇ ਪੰਜਾਬ ਦੀ ਤਕਸੀਮ ਕਰਨ ਉਪਰੰਤ 1966 ’ਚ ਹਰਿਆਣਾ ਅਤੇ ਹਿਮਾਚਲ ਪੰਜਾਬ ਨਾਲੋਂ ਤੋੜ ਕੇ ਚੜ੍ਹਦੇ ਪੰਜਾਬ ਨੂੰ ਚਿੜੀ ਦੇ ਖੰਭ ਜਿੱਡਾ ਬਣਾ ਦਿੱਤਾ। ਪੂਰਾ ਦਹਾਕਾ ਪੰਜਾਬ ਭਰ ’ਚ ਲਹੂ ਦੀ ਹੋਲੀ ਖੇਡੀ ਗਈ। ਟੋਟੋ-ਟੋਟੇ ਹੋਈ ਸ਼ੇਰੇ ਪੰਜਾਬ ਦੀ ਵਿਰਾਸਤ ਦਾ ਮੁੱਠੀ ਭਰ ਪੰਜਾਬ ਅੱਜ ਆਪਣੀ ਹੋਂਦ ਦੀ ਲੜਾਈ ਲੜ ਰਿਹਾ ਹੈ।
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ ?ਕੁਮੈਂਟ ਕਰਕੇ ਦੱਸੋ