ਪੀ. ਆਰ. 126 ਕਿਸਮ ਦਾ ਝੋਨਾ ਲੈਣ ’ਚ ਆਨਾਕਾਨੀ ਕਰ ਸਕਦੇ ਨੇ ਸ਼ੈਲਰ ਮਾਲਕ, ਸਰਕਾਰ ਨੂੰ ਆਉਣਗੀਆਂ ਮੁਸ਼ਕਿਲਾਂ
Thursday, Aug 29, 2024 - 11:03 AM (IST)
ਜਲੰਧਰ (ਖੁਰਾਣਾ)–ਪਾਣੀ ਦੀ ਘੱਟ ਖ਼ਪਤ ਅਤੇ ਜਲਦੀ ਤਿਆਰ ਹੋਣ ਵਾਲੇ ਝੋਨੇ ਦੀ ਕਿਸਮ ਪੀ. ਆਰ. 126 ਦੀ ਬਿਜਾਈ ਇਸ ਵਾਰ ਪੰਜਾਬ ਵਿਚ ਕਾਫ਼ੀ ਜ਼ਿਆਦਾ ਹੋਈ ਹੈ ਅਤੇ ਇਹ ਫ਼ਸਲ ਜਲਦ ਹੀ ਪੰਜਾਬ ਦੀਆਂ ਮੰਡੀਆਂ ਵਿਚ ਆਉਣ ਵਾਲੀ ਹੈ ਪਰ ਸੂਬੇ ਦੇ ਜ਼ਿਆਦਾਤਰ ਸ਼ੈਲਰ ਮਾਲਕ ਇਸ ਕਿਸਮ ਦਾ ਝੋਨਾ ਲੈਣ ਵਿਚ ਆਨਾਕਾਨੀ ਕਰ ਸਕਦੇ ਹਨ, ਜਿਸ ਕਾਰਨ ਆਉਣ ਵਾਲੇ ਦਿਨਾਂ ਵਿਚ ਪੰਜਾਬ ਸਰਕਾਰ ਸਾਹਮਣੇ ਮੁਸ਼ਕਲ ਹਾਲਾਤ ਪੈਦਾ ਹੋ ਸਕਦੇ ਹਨ। ਇਸ ਸਬੰਧੀ ਪੰਜਾਬ ਰਾਈਸ ਮਿੱਲਰਜ਼ ਵੈੱਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਾਕੇਸ਼ ਜੈਨ ਨੇ ਦੱਸਿਆ ਕਿ ਇਸ ਕਿਸਮ ਦੇ ਇਕ ਕੁਇੰਟਲ ਝੋਨੇ ਵਿਚੋਂ 60 ਕਿਲੋ ਚੌਲ ਨਿਕਲਦੇ ਹਨ, ਜਦਕਿ ਸ਼ੈਲਰ ਮਾਲਕਾਂ ਨੂੰ ਸਰਕਾਰ ਨੂੰ 67 ਕਿਲੋ ਚੌਲ ਵਾਪਸ ਕਰਨੇ ਹੁੰਦੇ ਹਨ। ਇੰਨਾ ਘਾਟਾ ਸ਼ੈਲਰ ਮਾਲਕ ਸਹਿਣ ਨਹੀਂ ਕਰ ਸਕਣਗੇ।
ਇਹ ਵੀ ਪੜ੍ਹੋ- ਡਿੰਪੀ ਢਿੱਲੋਂ ਦੇ 'ਆਪ' 'ਚ ਸ਼ਾਮਲ ਹੋਣ 'ਤੇ CM ਮਾਨ ਦਾ ਵੱਡਾ ਬਿਆਨ, ਸੁਖਬੀਰ ਬਾਦਲ ਨੂੰ ਦਿੱਤੀ ਚੁਣੌਤੀ
ਉਨ੍ਹਾਂ ਕਿਹਾ ਕਿ ਪੰਜਾਬ ਪਹਿਲਾਂ ਹੀ ਚੌਲਾਂ ਦੀ ਸਪੇਸ ਦੀ ਕਮੀ ਨਾਲ ਜੂਝ ਰਿਹਾ ਹੈ, ਜਿਸ ਕਾਰਨ ਪਿਛਲੇ ਸਾਲ ਦੀ ਮਿਲਿੰਗ ਦਾ ਕੰਮ ਹਾਲੇ ਤਕ ਚੱਲ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਨਵੀਂ ਮਿਲਿੰਗ ਪਾਲਿਸੀ ਬਣਾਉਣ ਲਈ ਸਰਕਾਰੀ ਅਧਿਕਾਰੀ ਵੱਖ-ਵੱਖ ਐਸੋਸੀਏਸ਼ਨਾਂ ਦੇ ਪ੍ਰਤੀਨਿਧੀਆਂ ਨੂੰ ਸੱਦਦੇ ਹਨ ਪਰ ਇਸ ਵਾਰ ਨਵੀਂ ਪਾਲਿਸੀ ਲਈ ਖ਼ੁਰਾਕ ਸਕੱਤਰ ਵਿਕਾਸ ਗਰਗ ਅਤੇ ਡਾਇਰੈਕਟਰ ਪੁਨੀਤ ਗੋਇਲ ਨੇ ਜੋ ਬੈਠਕ ਬੁਲਾਈ, ਉਸ ਦਾ ਐਸੋਸੀਏਸ਼ਨ ਦੇ ਮੈਂਬਰਾਂ ਨੇ ਬਾਈਕਾਟ ਕੀਤਾ।
ਉਨ੍ਹਾਂ ਕਿਹਾ ਕਿ ਪੀ. ਆਰ. 126 ਕਿਸਮ ਦੇ ਝੋਨੇ ਦੀ ਬਿਜਾਈ ਤੋਂ ਪਹਿਲਾਂ ਹੀ ਕਿਸਾਨ ਸੰਗਠਨਾਂ ਅਤੇ ਸਰਕਾਰ ਨੂੰ ਦੱਸ ਦਿੱਤਾ ਗਿਆ ਸੀ ਕਿ ਇਸ ਨੂੰ ਸ਼ੈਲਰ ਮਾਲਕ ਸਵੀਕਾਰ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਮਿੱਲਰਜ਼ ਸ਼ੈਲਰਾਂ ਵਿਚ ਝੋਨਾ ਸਟੋਰ ਨਹੀਂ ਕਰਵਾਉਣਗੇ ਕਿਉਂਕਿ ਸਪੇਸ ਦਾ ਮਸਲਾ ਹੱਲ ਨਹੀਂ ਹੋ ਰਿਹਾ। ਸਰਕਾਰ ਨੂੰ ਆਪਣੇ ਕੰਪਲੈਕਸਾਂ ਵਿਚ ਝੋਨਾ ਸਟੋਰ ਕਰਨਾ ਹੋਵੇਗਾ। ਮਿੱਲਰਜ਼ ਸਪੇਸ ਵੇਖ ਕੇ ਐਡਵਾਂਸ ਰਾਈਸ ਦੇ ਆਧਾਰ ’ਤੇ ਸਰਕਾਰੀ ਕੰਪਲੈਕਸਾਂ ਵਿਚੋਂ ਝੋਨਾ ਚੁੱਕ ਕੇ ਮਿਲਿੰਗ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਚੁਣੌਤੀਆਂ ’ਤੇ ਵਿਚਾਰ ਕਰਨ ਲਈ ਜਲਦ ਹੀ ਪੰਜਾਬ ਦੀਆਂ ਸਾਰੀਆਂ ਐਸੋਸੀਏਸ਼ਨਾਂ ਵੱਲੋਂ ਸਾਂਝੀ ਬੈਠਕ ਬੁਲਾਈ ਜਾ ਰਹੀ ਹੈ, ਜਿਸ ਵਿਚ ਅਗਲੀ ਰਣਨੀਤੀ ਤੈਅ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਵੱਡੀ ਖ਼ਬਰ: ਹਰਦੀਪ ਸਿੰਘ ਡਿੰਪੀ ਢਿੱਲੋਂ 'ਆਪ' 'ਚ ਸ਼ਾਮਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ