ਬਿਜਲੀ ਰੇਟ ਵਧਾ ਕੇ ਆਪਣਿਆਂ ''ਚ ਘਿਰੀ ਕੈਪਟਨ ਸਰਕਾਰ, ਦੂਲੋ ਨੇ ਚੁੱਕੇ ਸਵਾਲ
Wednesday, Dec 25, 2019 - 06:49 PM (IST)

ਨਵੀਂ ਦਿੱਲੀ/ਚੰਡੀਗੜ੍ਹ (ਕਮਲ) : ਬਿਜਲੀ ਦੇ ਰੇਟ ਵਧਾਉਣ ਕਾਰਨ ਜਿੱਥੇ ਵਿਰੋਧੀਆਂ ਵਲੋਂ ਕਾਂਗਰਸ 'ਤੇ ਹਮਲੇ ਬੋਲੇ ਜਾ ਰਹੇ ਹਨ, ਉਥੇ ਹੀ ਹੁਣ ਕਾਂਗਰਸ ਦੇ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਨੇ ਆਪਣੀ ਹੀ ਸਰਕਾਰ 'ਤੇ ਸਵਾਲ ਖੜ੍ਹੇ ਕੀਤੇ ਹਨ। ਦੂਲੋ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਲਗਾਤਾਰ ਬਿਜਲੀ ਦੇ ਰੇਟ ਵਧਾ ਰਹੀ ਹੈ, ਜਿਸ ਨਾਲ ਪੰਜਾਬ ਦੀ ਜਨਤਾ 'ਤੇ ਬੋਝ ਵਧੇਗਾ, ਲਿਹਾਜ਼ਾ ਪੰਜਾਬ ਸਰਕਾਰ ਨੂੰ ਬਿਜਲੀ ਦੇ ਵਧੇ ਰੇਟ ਵਾਪਸ ਲੈਣੇ ਚਾਹੀਦੇ ਹਨ।
ਇਸ ਦੇ ਨਾਲ ਹੀ ਦੂਲੋ ਨੇ ਪੰਜਾਬ ਸਰਕਾਰ ਨੂੰ ਬਿਜਲੀ ਦੇ ਰੇਟ ਵਧਾਉਣ ਦੀ ਬਜਾਏ ਆਪਣੇ ਖਰਚ ਘਟਾਉਣ ਦੀ ਸਲਾਹ ਦਿੱਤੀ ਹੈ। ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਸਰਕਾਰ ਨੇ ਇਕ ਹੀ ਪਰਿਵਾਰ ਨੂੰ ਕਈ-ਕਈ ਗਨ ਮੈਨ ਦਿੱਤੇ ਹੋਏ, ਇਸ ਤੋਂ ਇਲਾਵਾ ਸਰਕਾਰੀ ਕੋਠੀਆਂ 'ਤੇ ਵੀ ਵਧੇਰੇ ਖਰਚ ਕੀਤਾ ਜਾ ਰਿਹਾ ਹੈ।
ਸ਼ਮਸ਼ੇਰ ਦੂਲੋ ਦਾ ਕਹਿਣਾ ਹੈ ਕਿ ਚੋਣਾਂ ਸਮੇਂ ਪੰਜਾਬ ਸਰਕਾਰ ਵੱਡੇ-ਵੱਡੇ ਵਾਅਦੇ ਕਰਕੇ ਸੱਤਾ ਵਿਚ ਆਈ ਸੀ, ਜਿਨ੍ਹਾਂ ਨੂੰ ਅਜੇ ਤਕ ਪੂਰਾ ਨਹੀਂ ਕੀਤਾ ਗਿਆ ਹੈ। ਲਿਹਾਜ਼ਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਜਲਦੀ ਤੋਂ ਜਲਦੀ ਇਨ੍ਹਾਂ ਵਾਅਦਿਆਂ ਨੂੰ ਪੂਰਾ ਕਰੇ ਨਹੀਂ ਤਾਂ 2022 ਦੀਆਂ ਚੋਣਾਂ ਵਿਚ ਲੋਕ ਸਰਕਾਰ ਬਦਲ ਦੇਣਗੇ।