ਸ਼ਾਹਪੁਰ ਕੰਡੀ ਡੈਮ, ਰਾਜਸਥਾਨ ਤੇ ਸਰਹਿੰਦ ਫੀਡਰ ਨਹਿਰਾਂ ਨੂੰ ਤਰਜੀਹੀ ਸੂਚੀ ''ਚ ਰੱਖਿਆ ਜਾਏ : ਕੈਪਟਨ
Friday, Feb 09, 2018 - 06:53 AM (IST)

ਜਲੰਧਰ/ਚੰਡੀਗੜ੍ਹ (ਧਵਨ, ਬਿਊਰੋ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਾਹਪੁਰ ਕੰਡੀ ਡੈਮ ਪ੍ਰਾਜੈਕਟ ਨੂੰ ਫਾਸਟ ਟ੍ਰੈਕ ਤਰਜੀਹ ਵਾਲੀ ਸ਼੍ਰੇਣੀ ਵਿਚ ਸ਼ਾਮਲ ਕਰਨ ਦਾ ਮਾਮਲਾ ਅੱਜ ਦਿੱਲੀ ਵਿਚ ਕੇਂਦਰੀ ਸੜਕੀ ਆਵਾਜਾਈ ਤੇ ਹਾਈਵੇ ਮੰਤਰੀ ਨਿਤਿਨ ਗਡਕਰੀ ਦੇ ਸਾਹਮਣੇ ਉਠਾਇਆ ਹੈ। ਮੁੱਖ ਮੰਤਰੀ ਨੇ ਅੱਜ ਜਾਖੜ ਨਾਲ ਗਡਕਰੀ ਨਾਲ ਮੁਲਾਕਾਤ ਕੀਤੀ, ਜਿਸ ਵਿਚ ਸ਼ਾਹਪੁਰ ਕੰਡੀ ਡੈਮ ਲਈ 90 ਅਤੇ 40 ਅਨੁਪਾਤ ਵਾਲਾ ਫਾਰਮੂਲਾ ਜਾਰੀ ਰੱਖਣ ਦੀ ਮੰਗ ਕੀਤੀ ਗਈ। ਕੇਂਦਰ ਪ੍ਰਾਜੈਕਟ ਵਿਚ 90 ਫੀਸਦੀ ਹਿੱਸੇਦਾਰੀ ਪਾਵੇਗੀ, ਜਦਕਿ ਸੂਬਾ ਸਰਕਾਰ ਦੀ ਹਿੱਸੇਦਾਰੀ 10 ਫੀਸਦੀ ਰਹੇਗੀ। ਰਾਜਸਥਾਨ ਫੀਡਰ 'ਚ ਸਰਹਿੰਦ ਫੀਡਰ ਨਹਿਰਾਂ ਨੂੰ ਵੀ ਤਰਜੀਹ ਵਾਲੀ ਸੂਚੀ ਵਿਚ ਰੱਖਣ ਲਈ ਪ੍ਰਧਾਨ ਮੰਤਰੀ ਦਫਤਰ ਦਾ ਦਖਲ ਮੁੱਖ ਮੰਤਰੀ ਨੇ ਮੰਗਿਆ ਹੈ। ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਦੇ ਬਾਕੀ ਰਹਿੰਦੇ 4 ਜ਼ਿਲਿਆਂ ਲਈ ਵੀ ਫੋਰ ਲੇਨ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਕਿਹਾ। ਐੱਨ. ਐੱਚ.-703 ਅਤੇ ਐੱਨ. ਐੱਚ.-10 ਨੂੰ ਸੂਬੇ ਨਾਲ ਜੋੜਨ ਦੀ ਮੰਗ ਕੀਤੀ ਗਈ। ਉਨ੍ਹਾਂ ਨੇ ਸੂਬੇ ਦੇ ਪੀ. ਡਬਲਯੂ. ਡੀ. ਵਿਭਾਗ ਨੂੰ ਫੋਰ ਲੇਨ ਪ੍ਰਾਜੈਕਟਾਂ ਨੂੰ ਮਨਜ਼ੂਰੀ ਦੇਣ ਲਈ ਕੇਂਦਰ ਤੋਂ ਮੰਗ ਕੀਤੀ।
ਉਨ੍ਹਾਂ ਕਿਹਾ ਕਿ ਪੰਜਾਬ ਦੇ 22 ਜ਼ਿਲਿਆਂ 'ਚੋਂ 18 ਜ਼ਿਲੇ ਪਹਿਲਾਂ ਹੀ ਫੋਰ ਅਤੇ ਸਿਕਸ ਲੇਨ ਨੈਸ਼ਨਲ ਹਾਈਵੇ ਪ੍ਰਾਜੈਕਟਾਂ ਨਾਲ ਜੁੜ ਚੁੱਕੇ ਹਨ। ਸਿਰਫ ਫਿਰੋਜ਼ਪੁਰ, ਮਾਨਸਾ, ਸ੍ਰੀ ਮੁਕਤਸਰ ਸਾਹਿਬ ਅਤੇ ਫਾਜ਼ਿਲਕਾ ਹੀ ਟੂ ਲੇਨ ਨੈਸ਼ਨਲ ਹਾਈਵੇ ਨਾਲ ਜੁੜੇ ਹਨ। ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਅਤੇ ਸ੍ਰੀ ਮੁਕਤਸਰ ਸਾਹਿਬ ਦੇ ਕਨੈਕਟੀਵਿਟੀ ਵੀ ਨੈਸ਼ਨਲ ਹਾਈਵੇ ਦੇ ਵਿਚਾਰ ਅਧੀਨ ਹੈ। ਇਸ ਤਰ੍ਹਾਂ ਐੱਨ. ਐੱਚ.-703 ਦੇ ਬਰਨਾਲਾ, ਮਾਨਸਾ ਸੈਕਸ਼ਨ ਅਤੇ ਐੱਨ. ਐੱਚ.-10 ਦੇ ਡੱਬਵਾਲੀ-ਮਲੋਟ-ਅਬੋਹਰ-ਫਾਜ਼ਿਲਕਾ ਸੈਕਸ਼ਨ ਦੇ ਜ਼ਰੀਏ ਵੀ ਕਨੈਕਟੀਵਿਟੀ ਹੋਣੀ ਚਾਹੀਦੀ ਹੈ।
ਮੁੱਖ ਮੰਤਰੀ ਅਤੇ ਜਾਖੜ ਨੂੰ ਗਡਕਰੀ ਨੇ ਕਿਹਾ ਕਿ ਸ਼ਾਹਪੁਰ ਕੰਡੀ ਪ੍ਰਾਜੈਕਟ 'ਚ ਕੇਂਦਰ ਦੀ 90 ਫੀਸਦੀ ਹਿੱਸੇਦਾਰੀ ਨੂੰ ਲੈ ਕੇ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨੀ ਚਾਹੀ। ਗਡਕਰੀ ਨੇ ਕਿਹਾ ਕਿ ਉਹ ਖ਼ੁਦ ਚਾਹੁੰਦੇ ਹਨ ਕਿ ਕੇਂਦਰ ਆਪਣਾ 90 ਫੀਸਦੀ ਯੋਗਦਾਨ ਪਾਵੇ।
ਰਾਜਸਥਾਨ ਅਤੇ ਸਰਹਿੰਦ ਫੀਡਰ ਨਹਿਰਾਂ ਦੀ ਚਰਚਾ ਕਰਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦੋਹਾਂ ਪ੍ਰਾਜੈਕਟਾਂ ਨੂੰ ਵੀ ਕੇਂਦਰ ਦੇ ਤਰਜੀਹ ਵਾਲੇ ਪ੍ਰਾਜੈਕਟਾਂ ਵਿਚ ਸ਼ਾਮਲ ਕੀਤਾ ਜਾਵੇ। ਇਹ ਪ੍ਰਾਜੈਕਟ ਮਾਰਚ 2019 'ਚ ਸ਼ੁਰੂ ਹੋਣਗੇ। ਸ਼ਾਹਪੁਰ ਕੰਡੀ ਪ੍ਰਾਜੈਕਟ 'ਤੇ ਮੁੱਖ ਮੰਤਰੀ ਨੇ ਕਿਹਾ ਕਿ ਸ਼ਾਹਪੁਰ ਕੰਡੀ ਪ੍ਰਾਜੈਕਟ ਵਿਚ 60 ਅਤੇ 40 ਦੇ ਅਨੁਪਾਤ ਨੂੰ ਸੂਬਾ ਸਰਕਾਰ ਸਵੀਕਾਰ ਨਹੀਂ ਕਰੇਗੀ।
ਪਾਕਿਸਤਾਨ ਨੂੰ ਜਾ ਰਹੇ ਪਾਣੀ 'ਤੇ ਲੱਗੇਗੀ ਰੋਕ
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜੇਕਰ ਸ਼ਾਹਪੁਰ ਕੰਡੀ ਪ੍ਰਾਜੈਕਟ ਨੂੰ ਕੇਂਦਰ ਮਨਜ਼ੂਰ ਕਰ ਲੈਂਦਾ ਹੈ ਤਾਂ ਇਸ ਨਾਲ ਮਾਧੋਪੁਰ ਹੈੱਡਵਰਕਸ ਤੋਂ ਹੁੰਦੇ ਹੋਏ ਪਾਕਿਸਤਾਨ ਨੂੰ ਜਾ ਰਹੇ ਪਾਣੀ ਨੂੰ ਰੋਕਿਆ ਜਾ ਸਕੇਗਾ।
ਐੱਸ. ਵਾਈ. ਐੱਲ. ਮੁੱਦੇ 'ਤੇ ਚਰਚਾ ਨਹੀਂ ਹੋਈ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗਡਕਰੀ ਨਾਲ ਮੁਲਾਕਾਤ ਤੋਂ ਬਾਅਦ ਕਿਹਾ ਕਿ ਮੀਟਿੰਗ 'ਚ ਸਿਰਫ ਸੂਬੇ ਦੇ ਵਿਕਾਸ ਨਾਲ ਜੁੜੇ ਮਾਮਲਿਆਂ 'ਤੇ ਹੀ ਕੇਂਦਰੀ ਮੰਤਰੀ ਨਾਲ ਚਰਚਾ ਕੀਤੀ ਗਈ ਹੈ। ਐੱਸ. ਵਾਈ. ਐੱਲ. ਦੇ ਮੁੱਦੇ 'ਤੇ ਗਡਕਰੀ ਨਾਲ ਕੋਈ ਚਰਚਾ ਨਹੀਂ ਹੋਈ ਹੈ।