ਦੁਨੀਆ ਦੀ ਕੋਈ ਤਾਕਤ ਸ੍ਰੀ ਨਨਕਾਣਾ ਸਾਹਿਬ ਦਾ ਨਾਂ ਨਹੀਂ ਬਦਲ ਸਕਦੀ : ਸ਼ਾਹੀ ਇਮਾਮ
Sunday, Jan 05, 2020 - 02:46 PM (IST)
ਲੁਧਿਆਣਾ (ਸਲੂਜਾ) - ਸ੍ਰੀ ਨਨਕਾਣਾ ਸਾਹਿਬ ਦਾ ਨਾਂ ਦੁਨੀਆ ਦੀ ਕੋਈ ਤਾਕਤ ਵੀ ਬਦਲ ਨਹੀਂ ਸਕਦੀ। ਇਹ ਸ਼ਬਦ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ-ਉਰ-ਰਹਿਮਾਨ ਸਾਨੀ ਲੁਧਿਆਣਵੀ ਨੇ ਪਾਕਿਸਤਾਨ ਸਥਿਤ ਜਨਮ ਅਸਥਾਨ ਦੇ ਬਾਹਰ ਬੀਤੀ ਸ਼ਾਮ ਰਾਣਾ ਮੰਸੂਰ ਅਤੇ ਉਸ ਦੇ ਸਾਥੀਆਂ ਵੱਲੋਂ ਕੀਤੇ ਗਏ ਰੋਸ ਪ੍ਰਦਰਸ਼ਨ ਦੀ ਸਖਤ ਸ਼ਬਦਾਂ 'ਚ ਨਿੰਦਾ ਕਰਦਿਆਂ ਪ੍ਰਗਟਾਏ। ਲੁਧਿਆਣਾ ਜਾਮਾ ਮਸਜਿਦ 'ਚ ਜੌਹਰ ਦੀ ਨਮਾਜ਼ ਮਗਰੋਂ ਨਿੰਦਾ ਪ੍ਰਸਤਾਵ ਪਾਸ ਕਰਦੇ ਹੋਏ ਸ਼ਾਹੀ ਇਮਾਮ ਮੌਲਾਨਾ ਹਬੀਬ-ਉਰ-ਰਹਿਮਾਨ ਨੇ ਕਿਹਾ ਕਿ ਰਾਣਾ ਮੰਸੂਰ ਦੀ ਇਹ ਧਮਕੀ ਨਿੰਦਣਯੋਗ ਹੈ ਕਿ ਉਹ ਨਨਕਾਣਾ ਸਾਹਿਬ ਦਾ ਨਾਂ ਬਦਲ ਦੇਣਗੇ। ਸ੍ਰੀ ਨਨਕਾਣਾ ਸਾਹਿਬ ਦਾ ਨਾਂ 1947 ਵਿਚ ਵੀ ਬਦਲਣ ਦਾ ਨਹੀਂ ਸੋਚਿਆ ਗਿਆ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਿਰਫ ਸਿੱਖ ਭਰਾਵਾਂ ਦੇ ਲਈ ਹੀ ਨਹੀਂ, ਮੁਸਲਮਾਨਾਂ ਲਈ ਵੀ ਉਨੇ ਹੀ ਖਾਸ ਹਨ।
ਸ਼ਾਹੀ ਇਮਾਮ ਨੇ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਵਿਚ ਹੋਈ ਇਸ ਅਫਸੋਸਜਨਕ ਘਟਨਾ ਪਿੱਛੇ ਕੋਈ ਖਤਰਨਾਕ ਸਾਜ਼ਿਸ਼ ਹੈ ਜੋ ਕਿ ਦੁਨੀਆ ਭਰ ਵਿਚ ਬੈਠੇ ਸਿੱਖ, ਮੁਸਲਿਮ ਪੰਜਾਬੀਆਂ ਨੂੰ ਆਪਸ ਵਿਚ ਲੜਾਉਣਾ ਚਾਹੁੰਦੀ ਹੈ। ਸ਼ਾਹੀ ਇਮਾਮ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਭੜਕਾਓ ਭਾਸ਼ਣ ਦੇਣ ਵਾਲੇ ਕੰਨ ਖੋਲ੍ਹ ਕੇ ਸੁਣ ਲੈਣ ਅਜਿਹੀ ਹਰਕਤ ਨਾਲ ਪੰਜਾਬੀਆਂ ਦਾ ਸਦੀਆਂ ਪੁਰਾਣਾ ਰਿਸ਼ਤਾ ਕਮਜ਼ੋਰ ਹੋਣ ਵਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਗੁਸਤਾਖੀ ਕਰਨ ਵਾਲੇ 'ਤੇ ਮੁਕੱਦਮਾ ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਜਾਵੇ ਤਾਂ ਕਿ ਕੋਈ ਅਜਿਹੀ ਹਰਕਤ ਕਰਨ ਦੀ ਕੋਸ਼ਿਸ਼ ਨਾ ਕਰੇ।