ਨਵੰਬਰ 84 ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ’ਚ SGPC ਵੱਲੋਂ ਸਮਾਗਮ
Tuesday, Nov 02, 2021 - 08:55 PM (IST)
ਅੰਮ੍ਰਿਤਸਰ (ਦੀਪਕ ਸ਼ਰਮਾ)-ਨਵੰਬਰ 1984 ’ਚ ਦਿੱਲੀ ਸਮੇਤ ਦੇਸ਼ ਦੇ ਵੱਖ-ਵੱਖ ਸ਼ਹਿਰਾਂ ਵਿਚ ਕੀਤੇ ਗਏ ਸਿੱਖ ਕਤਲੇਆਮ ਦੇ ਸ਼ਹੀਦਾਂ ਦੀ ਯਾਦ ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੂਹ ਵਿਖੇ ਗੁਰਦੁਆਰਾ ਝੰਡਾ ਬੁੰਗਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਦੌਰਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਨੇ ਕੀਰਤਨ ਕੀਤਾ ਅਤੇ ਅਰਦਾਸ ਭਾਈ ਬਲਜੀਤ ਸਿੰਘ ਨੇ ਕੀਤੀ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਜੀਤ ਸਿੰਘ ਨੇ ਨਵੰਬਰ 1984 ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਇਸ ਨੂੰ ਸਿੱਖ ਕੌਮ ’ਤੇ ਹੋਇਆ ਵੱਡਾ ਹਮਲਾ ਕਿਹਾ। ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ ਅਤੇ ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਗੱਲਬਾਤ ਕਰਦਿਆਂ ਕਿਹਾ ਕਿ ਨਵੰਬਰ 1984 ਦਾ ਦੁਖਾਂਤ ਅਤਿ ਦੁਖਦਾਈ ਸੀ, ਜਿਸ ਨੂੰ ਕੌਮ ਕਦੇ ਵੀ ਭੁਲਾ ਨਹੀਂ ਸਕਦੀ।
ਇਹ ਵੀ ਪੜ੍ਹੋ : ਫਤਿਹਗੜ੍ਹ ਸਾਹਿਬ : ਵਿਵਾਦਾਂ ’ਚ ਘਿਰਿਆ ਫੂਡ ਸਿਵਲ ਸਪਲਾਈਜ਼ ਵਿਭਾਗ, ਮ੍ਰਿਤਕ ਵਿਅਕਤੀਆਂ ਦੇ ਨਾਂ ’ਤੇ ਕਢਵਾ ਰਿਹੈ ਕਣਕ
ਸਿੱਖ ਕਤਲੇਆਮ ਦੇ 37 ਸਾਲ ਬਾਅਦ ਵੀ ਕੌਮ ਦੇ ਜ਼ਖ਼ਮ ਨਹੀਂ ਭਰੇ : ਬੀਬੀ ਜਗੀਰ ਕੌਰ
ਦਿੱਲੀ, ਕਾਨਪੁਰ ਤੇ ਬੋਕਾਰੋ ਆਦਿ ਥਾਵਾਂ ’ਤੇ ਨਵੰਬਰ 1984 ’ਚ ਹਕੂਮਤੀ ਸ਼ਹਿ ਹੇਠ ਕੀਤੇ ਗਏ ਸਿੱਖ ਕਤਲੇਆਮ ਦੇ ਜ਼ਖ਼ਮ 37 ਸਾਲ ਬੀਤਣ ਬਾਅਦ ਵੀ ਨਹੀਂ ਭਰੇ ਹਨ ਅਤੇ ਦੁੱਖ ਦੀ ਗੱਲ ਹੈ ਕਿ ਕੌਮ ਨੂੰ ਇੰਨੇ ਲੰਮੇ ਸਮੇਂ ਮਗਰੋਂ ਵੀ ਇਨਸਾਫ਼ ਨਹੀਂ ਮਿਲਿਆ। ਇਹ ਪ੍ਰਗਟਾਵਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਸਿੱਖ ਕਤਲੇਆਮ ਦੀ ਵਰ੍ਹੇਗੰਢ ਮੌਕੇ ਕੀਤਾ। ਉਨ੍ਹਾਂ ਕਿਹਾ ਕਿ ਨਵੰਬਰ 1984 ’ਚ ਸਮੇਂ ਦੀ ਕਾਂਗਰਸ ਸਰਕਾਰ ਦੀ ਸ਼ਹਿ ’ਤੇ ਕਈ ਦਿਨ ਸਿੱਖਾਂ ’ਤੇ ਕਹਿਰ ਢਾਹਿਆ ਗਿਆ, ਜਿਸ ਨੇ ਦੁਨੀਆ ਦੇ ਹਰ ਸੰਵੇਦਨਸ਼ੀਲ ਮਨੁੱਖ ਨੂੰ ਧੁਰ ਅੰਦਰ ਤੱਕ ਹਿਲਾ ਕੇ ਰੱਖ ਦਿੱਤਾ। ਇਹ ਮਾਨਵਤਾ ਵਿਰੋਧੀ ਕਰੂਰ ਕਾਰਾ ਸੀ, ਜਿਸ ਤੋਂ ਕਾਂਗਰਸ ਕਦੇ ਵੀ ਬਰੀ ਨਹੀਂ ਹੋ ਸਕਦੀ। ਉਨ੍ਹਾਂ ਕਿਹਾ ਕਿ ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਤਾਂ ਕੀ ਮਿਲਣੀਆਂ ਸਨ, ਉਲਟਾ ਅੱਜ ਵੀ ਕਾਂਗਰਸ ਦੋਸ਼ੀਆਂ ਦੀ ਪੁਸ਼ਤ-ਪਨਾਹੀ ਕਰ ਰਹੀ ਹੈ। ਹੁਣੇ ਹੀ ਮੁੱਖ ਦੋਸ਼ੀ ਜਗਦੀਸ਼ ਟਾਈਟਲਰ ਨੂੰ ਕਾਂਗਰਸ ’ਚ ਵੱਡਾ ਅਹੁਦਾ ਦੇ ਕੇ ਨਿਵਾਜਿਆ ਗਿਆ ਹੈ। ਇਹ ਸਿੱਖਾਂ ਦੇ ਜ਼ਖ਼ਮਾਂ ਨੂੰ ਹੋਰ ਕੁਰੇਦਣ ਵਾਲੀ ਕਾਰਵਾਈ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀ ਆਜ਼ਾਦੀ ’ਚ 80 ਫੀਸਦੀ ਤੋਂ ਵੱਧ ਕੁਰਬਾਨੀਆਂ ਦੇਣ ਵਾਲੇ ਸਿੱਖਾਂ ਨਾਲ ਵਾਰ-ਵਾਰ ਧੋਖਾ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਹਰ ਸਾਲ ਨਵੰਬਰ ਮਹੀਨਾ ਆਉਂਦੇ ਹੀ ਸਿੱਖ ਕੌਮ ਦੇ ਜ਼ਖ਼ਮ ਰਿਸਦੇ ਹਨ ਪਰ ਸਰਕਾਰਾਂ ਵੱਲੋਂ ਅੱਜ ਤੱਕ ਦੋਸ਼ੀਆਂ ਨੂੰ ਸਜ਼ਾਵਾਂ ਨਹੀਂ ਦਿੱਤੀਆਂ ਗਈਆਂ।
ਇਹ ਵੀ ਪੜ੍ਹੋ : ਚੰਨੀ ਸਰਕਾਰ ਨੇ ਦੀਵਾਲੀ ਦੇ ਤੋਹਫ਼ੇ ਦੇ ਨਾਂ ’ਤੇ ਪੰਜਾਬ ਵਾਸੀਆਂ ਨੂੰ ਚਾਸ਼ਣੀ ’ਚ ਘੋਲ ਕੇ ਦਿੱਤੀ ਸਲਫ਼ਾਸ : ਅਮਨ ਅਰੋੜਾ