ਤੀਜੀ ਵਾਰ ਐੱਸ. ਜੀ. ਪੀ. ਸੀ. ਦੀ ਪ੍ਰਧਾਨ ਬਣੀ ਬੀਬੀ ਜਗੀਰ ਕੌਰ ਦਾ ਜਾਣੋ ਕਿਹੋ ਜਿਹਾ ਰਿਹੈ ਸਿਆਸੀ ਸਫ਼ਰ

Friday, Nov 27, 2020 - 09:00 PM (IST)

ਤੀਜੀ ਵਾਰ ਐੱਸ. ਜੀ. ਪੀ. ਸੀ. ਦੀ ਪ੍ਰਧਾਨ ਬਣੀ ਬੀਬੀ ਜਗੀਰ ਕੌਰ ਦਾ ਜਾਣੋ ਕਿਹੋ ਜਿਹਾ ਰਿਹੈ ਸਿਆਸੀ ਸਫ਼ਰ

ਜਲੰਧਰ (ਵੈੱਬ ਡੈਸਕ) : ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਲਈ ਹੋਈ ਚੋਣ ਵਿਚ ਬੀਬੀ ਜਗੀਰ ਕੌਰ ਜੇਤੂ ਰਹਿ ਕੇ ਤੀਜੀ ਵਾਰ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਬਣ ਗਏ ਹਨ। ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਬੀਬੀ ਜਗੀਰ ਕੌਰ ਦਾ ਨਾਂ ਪੇਸ਼ ਕੀਤਾ ਗਿਆ ਸੀ ਜਦਕਿ ਵਿਰੋਧੀ ਧਿਰ ਨੇ ਮਾਸਟਰ ਮਿੱਠੂ ਸਿੰਘ ਕਾਹਨੇਕੇ ਦਾ ਨਾਂ ਦਿੱਤਾ ਸੀ। ਇਸ ਦੌਰਾਨ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਹੋਈ ਵੋਟਿੰਗ ਪ੍ਰਕਿਰਿਆ 'ਚ ਬੀਬੀ ਜਗੀਰ ਕੌਰ ਜੇਤੂ ਰਹਿ ਕੇ ਐੱਸ. ਜੀ. ਪੀ. ਸੀ. ਦੇ ਨਵੇਂ ਪ੍ਰਧਾਨ ਬਣ ਗਏ ਹਨ।

ਇਹ ਵੀ ਪੜ੍ਹੋ : ਦਿੱਲੀ ਦੀਆਂ ਬਰੂਹਾਂ 'ਤੇ ਪੁੱਜਣ ਤੋਂ ਪਹਿਲਾਂ ਕਿਸਾਨਾਂ ਲਈ ਆਮ ਆਦਮੀ ਪਾਰਟੀ ਦਾ ਵੱਡਾ ਐਲਾਨ

ਸਿਆਸੀ ਸਫ਼ਰ 'ਤੇ ਇਕ ਝਾਤ
ਇਸ ਤੋਂ ਪਹਿਲਾਂ ਬੀਬੀ ਜਗੀਰ ਕੌਰ 1999 ਤੋਂ 2000 ਅਤੇ 2004 ਤੋਂ 2005 ਤੱਕ ਦੋ ਵਾਰ ਐੱਸ. ਜੀ. ਪੀ. ਸੀ. ਦੇ ਪ੍ਰਧਾਨ ਰਹਿ ਚੁੱਕੇ ਹਨ। 1995 'ਚ ਅਕਾਲੀ ਦਲ ਦਾ ਹਿੱਸਾ ਬਣਨ ਵਾਲੀ ਬੀਬੀ ਜਗੀਰ ਕੌਰ ਚਾਰ ਵਾਰ ਭੁਲੱਥ ਹਲਕੇ ਤੋਂ ਚੋਣ ਲੜ ਚੁੱਕੀ ਹੈ ਜਦਕਿ ਤਿੰਨ ਵਾਰ ਚੋਣ ਮੈਦਾਨ ਵਿਚ ਸੁਖਪਾਲ ਖਹਿਰਾ ਨੂੰ ਮਾਤ ਦੇ ਚੁੱਕੀ ਹੈ। 1997 ਵਿਚ ਪਹਿਲੀ ਵਾਰ ਅਕਾਲੀ ਦਲ ਦੇ ਚੋਣ ਨਿਸ਼ਾਨ 'ਤੇ ਮੈਦਾਨ ਵਿਚ ਉਤਰੀ ਅਤੇ ਪਹਿਲੀ ਵਾਰ ਸੁਖਪਾਲ ਖਹਿਰਾ ਨੂੰ 28027 ਵੋਟਾਂ ਦੇ ਵੱਡੇ ਫਰਕ ਨਾਲ ਮਾਤ ਦਿੱਤੀ। 2002 ਵਿਚ ਅਕਾਲੀ ਦਲ ਵਲੋਂ ਮੁੜ ਬੀਬੀ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਅਤੇ ਫਿਰ ਬੀਬੀ ਸੁਖਪਾਲ ਖਹਿਰਾ ਤੋਂ 11378 ਵੋਟਾਂ ਦੇ ਫਰਕ ਨਾਲ ਜੇਤੂ ਰਹੇ। ਇਸ ਦਰਮਿਆਨ ਬੀਬੀ ਜਗੀਰ ਕੌਰ 'ਤੇ ਧੀ ਦੇ ਕਤਲ ਦੇ ਦੋਸ਼ ਲੱਗੇ। ਇਸੇ ਦੋਸ਼ਾਂ ਦੇ ਨਤੀਜਾ ਸੀ ਕਿ 2007 ਵਿਚ ਬੀਬੀ ਜਗੀਰ ਨੂੰ ਸੁਖਪਾਲ ਖਹਿਰਾ ਤੋਂ 8864 ਵੋਟਾਂ ਦੇ ਫਰਕ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। 2012 ਵਿਚ ਅਕਾਲੀ ਦਲ ਨੇ ਫਿਰ ਬੀਬੀ ਜਗੀਰ ਕੌਰ 'ਤੇ ਦਾਅ ਖੇਡਿਆ। ਇਨ੍ਹਾਂ ਚੋਣਾਂ ਵਿਚ ਬੀਬੀ ਨੇ ਫਿਰ ਇਤਿਹਾਸ ਦੁਹਰਾਇਆ ਅਤੇ 7005 ਵੋਟਾਂ ਫਰਕ ਨਾਲ ਮਾਤ ਦੇ ਕੇ ਜਿੱਤ ਦਾ ਝੰਡਾ ਲਹਿਰਾਇਆ। ਇਸ ਤੋਂ ਇਲਾਵਾ 2019 ਦੀਆਂ ਲੋਕ ਸਭਾ ਚੋਣਾਂ ਵਿਚ ਅਕਾਲੀ ਦਲ ਨੇ ਫਿਰ ਬੀਬੀ 'ਤੇ ਭਰੋਸਾ ਪ੍ਰਗਟਾਇਆ ਅਤੇ ਉਨ੍ਹਾਂ ਹਲਕਾ ਖਡੂਰ ਸਾਹਿਬ ਤੋਂ ਕਾਂਗਰਸ ਦੇ ਜਸਬੀਰ ਡਿੰਪਾ ਦੇ ਖ਼ਿਲਾਫ਼ ਮੈਦਾਨ ਵਿਚ ਉਤਾਰਿਆ ਗਿਆ। ਇਨ੍ਹਾਂ ਚੋਣਾਂ ਵਿਚ ਬੀਬੀ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਕਾਂਗਰਸ ਦੇ ਜਸਬੀਰ ਡਿੰਪਾ ਜੇਤੂ ਰਹਿ ਕੇ ਪਾਰਲੀਮੈਂਟ ਜਾਣ 'ਚ ਸਫ਼ਲ ਰਹੇ।

ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਕੇਂਦਰ ਨੂੰ ਫਿਰ ਦਿੱਤੀ ਚਿਤਾਵਨੀ

ਧੀ ਦੇ ਕਤਲ ਦੇ ਵੀ ਲੱਗੇ ਸਨ ਦੋਸ਼
ਬੀਬੀ ਜਗੀਰ ਕੌਰ 'ਤੇ ਆਪਣੀ ਗਰਭਵਤੀ ਧੀ ਦੇ ਕਤਲ ਦੇ ਦੋਸ਼ ਵੀ ਲੱਗੇ ਸਨ। ਇਨ੍ਹਾਂ ਦੋਸ਼ਾਂ ਕਰਕੇ ਹੀ ਬੀਬੀ ਨੂੰ ਬਾਦਲ ਸਰਕਾਰ ਦੀ ਕੈਬਨਿਟ 'ਚੋਂ ਅਸਤੀਫ਼ਾ ਵੀ ਦੇਣਾ ਪਿਆ ਸੀ। ਹਾਲਾਂਕਿ ਇਨ੍ਹਾਂ ਦੋਸ਼ਾਂ 'ਚੋਂ 4 ਦਸੰਬਰ 2018 ਨੂੰ ਹਾਈਕੋਰਟ ਨੇ ਬੀਬੀ ਨੂੰ ਬਰੀ ਕਰ ਦਿੱਤਾ ਸੀ ਪਰ ਧੀ ਦੇ ਕਤਲ ਦੇ ਦੋਸ਼ਾਂ ਨੇ ਬੀਬੀ ਦੇ ਸਿਆਸੀ ਸਫ਼ਰ ਡੂੰਘੀ ਸੱਟ ਮਾਰੀ। ਸੀਨੀਅਰ ਅਕਾਲੀ ਦਲ ਦੀ ਆਗੂ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੂੰ ਪਟਿਆਲਾ ਸੀ. ਬੀ. ਆਈ. ਕੋਰਟ ਨੇ 2012 'ਚ 5 ਸਾਲ ਦੀ ਸਜ਼ਾ ਸੁਣਾਈ ਸੀ ਜਿਸ ਖ਼ਿਲਾਫ ਬੀਬੀ ਨੇ ਹਾਈਕੋਰਟ 'ਚ ਅਪੀਲ ਦਾਇਰ ਕੀਤੀ ਹੋਈ ਸੀ ਤੇ ਜਿਸ 'ਤੇ ਹਾਈਕੋਰਟ ਨੇ ਲੰਬੀ ਪ੍ਰਕਿਰਿਆ ਤੋਂ ਬੀਬੀ ਨੂੰ ਇਨ੍ਹਾਂ ਦੋਸ਼ਾਂ ਤੋਂ ਮੁਕਤ ਕਰ ਦਿੱਤਾ ਸੀ।

ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਤੋਂ ਨਾਈਟ ਕਰਫਿਊ ਦਾ ਐਲਾਨ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼

ਆਖਿਰ ਕੀ ਸੀ ਸਾਰਾ ਮਾਮਲਾ
ਇਹ ਸਾਰਾ ਮਾਮਲਾ ਸ਼ੁਰੂ ਹੋਇਆ ਸਾਲ 2000 'ਚ ਜਦੋਂ 20-21 ਅਪ੍ਰੈਲ ਦੀ ਰਾਤ ਬੀਬੀ ਜਗੀਰ ਕੌਰ ਦੀ 19 ਸਾਲਾ ਧੀ ਹਰਪ੍ਰੀਤ ਕੌਰ ਦੀ ਸ਼ੱਕੀ ਹਾਲਾਤ 'ਚ ਮੌਤ ਹੋ ਗਈ। ਉਸ ਸਮੇਂ ਹਰਪ੍ਰੀਤ ਕੌਰ ਗਰਭਵਤੀ ਸੀ ਅਤੇ ਹਸਪਤਾਲ ਜਾ ਰਹੀ ਸੀ। ਹਰਪ੍ਰੀਤ ਦੇ ਕਤਲ ਦੀ ਗੱਲ ਸਾਹਮਣੇ ਆਈ ਅਤੇ ਇਲਜ਼ਾਮ ਲੱਗੇ ਬੀਬੀ ਜਗੀਰ ਕੌਰ 'ਤੇ ਕਿ ਉਸਨੇ ਮਰਜ਼ੀ ਦੇ ਖ਼ਿਲਾਫ਼ਵਿਆਹ ਕਰਵਾਉਣ ਵਾਲੀ ਧੀ ਨੂੰ ਮਰਵਾ ਦਿੱਤਾ। ਗੱਲ ਉਦੋਂ ਹੋਰ ਵੱਧ ਗਈ ਜਦੋਂ ਪਿੰਡ ਬੇਗੋਵਾਲ ਦੇ ਕਮਲਜੀਤ ਸਿੰਘ ਨਾਮ ਦੇ ਨੌਜਵਾਨ ਨੇ ਇਹ ਦਾਅਵਾ ਕੀਤਾ ਕਿ ਹਰਪ੍ਰੀਤ ਉਸਦੀ ਪਤਨੀ ਸੀ। ਇਨਸਾਫ਼ ਲਈ ਕਮਲਜੀਤ ਨੇ ਅਦਾਲਤ ਦਾ ਦਰਵਾਜ਼ਾ ਖੜਕਾਇਆ ਤੇ ਇਸ ਮਾਮਲੇ ਦੀ ਸੀ. ਬੀ. ਆਈ. ਜਾਂਚ ਮੰਗੀ। 9 ਜੂਨ 2000 ਨੂੰ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਮਾਮਲੇ ਦੀ ਜਾਂਚ ਸੀ. ਬੀ. ਆਈ. ਨੂੰ ਸੌਂਪ ਦਿੱਤੀ। ਸਬੂਤ ਵਜੋਂ ਕਮਲਜੀਤ ਨੇ ਕੁਝ ਵੀਡੀਓਜ਼, ਮੰਗਣੀ ਦੀਆਂ ਤਸਵੀਰਾਂ ਤੇ ਹੋਰ ਸਬੂਤ ਸੀ. ਬੀ. ਆਈ. ਨੂੰ ਦਿੱਤੇ ਜਿਸਦੇ ਆਧਾਰ 'ਤੇ 3 ਅਕਤੂਬਰ 2000 ਨੂੰ ਸੀ. ਬੀ. ਆਈ. ਨੇ ਬੀਬੀ ਜਗੀਰ ਕੌਰ ਤੇ ਉਸਦੇ ਨਜ਼ਦੀਕੀ 6 ਲੋਕਾਂ 'ਤੇ ਮਾਮਲਾ ਦਰਜ ਕਰ ਲਿਆ। 

ਇਹ ਵੀ ਪੜ੍ਹੋ : ਕਿਸਾਨਾਂ ਦੇ ਦਿੱਲੀ ਕੂਚ ਦੇ ਚੱਲਦੇ ਪੰਜਾਬ ਪੁਲਸ ਵਲੋਂ ਯਾਤਰੀਆਂ ਲਈ ਐਡਵਾਈਜ਼ਰੀ ਜਾਰੀ

ਮਾਮਲਾ ਦਰਜ ਹੋਣ ਤੋਂ ਦੋ ਦਿਨ ਬਾਅਦ ਹੀ ਸੀ. ਬੀ. ਆਈ. ਨੇ ਬੀਬੀ ਦੇ ਬੇਹੱਦ ਕਰੀਬੀ ਦਲਵਿੰਦਰ ਕੌਰ ਅਤੇ ਪਰਮਜੀਤ ਸਿੰਘ ਰਾਏਪੁਰ ਨੂੰ ਹਰਪ੍ਰੀਤ ਦਾ ਜ਼ਬਰੀ ਗਰਭਪਾਤ ਕਰਨ ਤੇ ਉਸਦੀ ਮੌਤ ਦੇ ਸਬੂਤ ਮਿਟਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕਰ ਲਿਆ।  12 ਸਾਲ ਚੱਲੇ ਕੇਸ ਦੇ ਕੋਰਟ ਟ੍ਰਾਇਲ 'ਚ ਕਈ ਉਤਾਰ-ਚੜ੍ਹਾਅ ਆਏ। 100 ਤੋਂ ਵੱਧ ਲੋਕਾਂ ਦੀਆਂ ਗਵਾਹੀਆਂ ਹੋਈਆਂ। 10 ਗਵਾਹਾਂ ਦੀ ਮੌਤ ਵੀ ਇਸ ਸਮੇਂ ਦੌਰਾਨ ਹੋ ਗਈ ਤੇ ਆਖਿਰਕਾਰ 2012 'ਚ ਪਟਿਆਲਾ ਸੀ. ਬੀ. ਆਈ. ਕੋਰਟ ਨੇ ਬੀਬੀ ਨੂੰ ਦੋਸ਼ੀ ਕਰਾਰ ਦਿੱਤਾ ਤੇ 5 ਸਾਲ ਦੀ ਸਜ਼ਾ ਸੁਣਾਈ। ਬੀਬੀ ਨੇ ਕੁਝ ਸਮਾਂ ਕਪੂਰਥਲਾ ਦੀ ਜੇਲ 'ਚ ਸਜ਼ਾ ਵੀ ਕੱਟੀ।

ਇਹ ਵੀ ਪੜ੍ਹੋ : ਚਰਚਿਤ ਡੇਰਾ ਪ੍ਰੇਮੀ ਕਤਲ ਕਾਂਡ 'ਚ ਪੁਲਸ ਦੇ ਹੱਥ ਲੱਗੇ ਅਹਿਮ ਸੁਰਾਗ, ਮੁਲਜ਼ਮਾਂ ਦੇ ਨੇੜੇ ਪੁੱਜੀ ਪੁਲਸ


author

Gurminder Singh

Content Editor

Related News