''ਪੰਜਾਬ ਸਰਕਾਰ ਦੇ ਵਿਧਾਇਕਾਂ ਵਲੋਂ ਚੁੱਕੇ ਗਏ ਸਵਾਲ ਸਿਆਸਤ ਤੋਂ ਪ੍ਰੇਰਿਤ ਤੇ ਗੁੰਮਰਾਹਕੁੰਨ''

Tuesday, Oct 15, 2019 - 05:12 PM (IST)

''ਪੰਜਾਬ ਸਰਕਾਰ ਦੇ ਵਿਧਾਇਕਾਂ ਵਲੋਂ ਚੁੱਕੇ ਗਏ ਸਵਾਲ ਸਿਆਸਤ ਤੋਂ ਪ੍ਰੇਰਿਤ ਤੇ ਗੁੰਮਰਾਹਕੁੰਨ''

ਅੰਮ੍ਰਿਤਸਰ (ਦੀਪਕ ਸ਼ਰਮਾ) - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪੱਸ਼ਟ ਕੀਤਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਸੁਲਤਾਨਪੁਰ ਲੋਧੀ ਵਿਖੇ ਲਗਾਏ ਜਾਣ ਵਾਲੇ ਵਿਸ਼ਾਲ ਪੰਡਾਲ ਤੇ ਹੋਰ ਸੇਵਾਵਾਂ ਲਈ ਦਿੱਤਾ ਗਿਆ ਟੈਂਡਰ ਨਿਯਮਾਂ ਅਨੁਸਾਰ ਹੈ। ਇਸ ਲਈ ਬਕਾਇਦਾ ਤੌਰ 'ਤੇ ਅਖ਼ਬਾਰਾਂ 'ਚ ਇਸ਼ਤਿਹਾਰ ਦੇਣ ਮਗਰੋਂ ਪ੍ਰਕਿਰਿਆ ਮੁਕੰਮਲ ਕੀਤੀ ਗਈ ਹੈ। ਸ਼੍ਰੋਮਣੀ ਕਮੇਟੀ ਨੇ ਪੰਜਾਬ ਸਰਕਾਰ ਦੇ ਵਿਧਾਇਕਾਂ ਵਲੋਂ ਟੈਂਡਰ ਸਬੰਧੀ ਚੁੱਕੇ ਗਏ ਸਵਾਲਾਂ ਨੂੰ ਸਿਆਸਤ ਤੋਂ ਪ੍ਰੇਰਿਤ ਅਤੇ ਗੁੰਮਰਾਹਕੁੰਨ ਦੱਸਿਆ ਹੈ। ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਮਹਿੰਦਰ ਸਿੰਘ ਆਹਲੀ ਨੇ ਪ੍ਰੈੱਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਜਾਣ-ਬੁਝ ਕੇ ਸੰਗਤਾਂ ਨੂੰ ਗੁੰਮਰਾਹ ਕਰ ਰਹੀ ਹੈ, ਜਦਕਿ ਸ਼੍ਰੋਮਣੀ ਕਮੇਟੀ ਵਲੋਂ ਹਰ ਕੰਮ ਪਾਰਦਰਸ਼ੀ ਢੰਗ ਨਾਲ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਨੇ ਸੰਗਤਾਂ ਦੀ ਸਹੂਲਤ ਦੇ ਮੱਦੇਨਜ਼ਰ ਮੁੱਖ ਸਮਾਗਮ ਲਈ ਵਿਸ਼ਾਲ ਪੰਡਾਲ ਦੀ ਵਿਵਸਥਾ ਕਰਨ ਸਮੇਤ ਹੋਰ ਕਈ ਕਾਰਜਾਂ ਲਈ ਅਖ਼ਬਾਰਾਂ 'ਚ ਇਸ਼ਤਿਹਾਰ ਦੇ ਕੇ ਟੈਂਡਰ ਮੰਗੇ ਸਨ। ਇਸ ਸਬੰਧੀ ਮੁਕੰਮਲ ਸ਼ਰਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੈੱਬਸਾਈਟ 'ਤੇ ਪਾਈਆਂ ਗਈਆਂ ਸਨ। ਸ਼੍ਰੋਮਣੀ ਕਮੇਟੀ ਨੂੰ 10 ਫਰਮਾਂ ਵਲੋਂ ਕੁਟੇਸ਼ਨਾਂ (ਰੇਟ) ਭੇਜੀਆਂ ਗਈਆਂ, ਜਿਨਾਂ 'ਚੋਂ ਕੁਝ ਕੰਪਨੀਆਂ ਵਲੋਂ ਕੇਵਲ ਪੰਡਾਲ ਦਾ ਹੀ ਰੇਟ ਦਿੱਤੇ ਗਏ ਸਨ, ਜਦਕਿ ਸ਼੍ਰੋਮਣੀ ਕਮੇਟੀ ਵਲੋਂ ਸਾਰੀਆਂ ਸੇਵਾਵਾਂ ਲਈ ਟੈਂਡਰ ਮੰਗੇ ਸਨ। ਇਸ ਕਾਰਜ ਲਈ ਬਣਾਈ ਗਈ ਸਬ-ਕਮੇਟੀ ਵਲੋਂ ਬਕਾਇਦਾ ਨਿਯਮਾਂ ਅਨੁਸਾਰ ਵੱਖ-ਵੱਖ ਫਰਮਾਂ ਵਲੋਂ ਦਿੱਤੀਆਂ ਗਈਆਂ ਪ੍ਰੈਜਨਟੇਸ਼ਨਾਂ ਨੂੰ ਵੇਖਣ ਉਪਰੰਤ ਕਯੂ.ਸੀ.ਬੀ.ਐੱਸ. ਫਾਰਮੂਲੇ ਦੇ ਆਧਾਰ 'ਤੇ ਨੋਇਡਾ ਦੀ ਫਰਮ ਸ਼ੋਅ ਕਰਾਫ਼ਟ ਪ੍ਰੋਡਕਸ਼ਨ ਨੂੰ ਟੈਂਡਰ ਦਿੱਤਾ ਗਿਆ, ਜਿਸ 'ਚ ਕੋਈ ਬੇਨਿਯਮੀ ਨਹੀਂ।

ਉਨ੍ਹਾਂ ਕਿਹਾ ਕਿ ਫਰਮ ਵਲੋਂ ਵਿਸ਼ਾਲ ਪੰਡਾਲ ਜਰਮਨ ਹੈਂਗਰ ਤਕਨੀਕ ਨਾਲ ਤਿਆਰ ਕੀਤਾ ਜਾਵੇਗਾ, ਜਿਹੜਾ ਏਅਰਕੰਡੀਸ਼ਨਰ ਅਤੇ ਵਾਟਰਪਰੂਫ ਹੋਵੇਗਾ। ਪੰਡਾਲ 'ਚ 3ਡੀ ਐਂਟਰੀ ਗੇਟ, ਚਾਰ ਜੋੜੇਘਰ, 02 ਗਠੜੀ ਘਰ, ਮੀਡੀਆ ਸੈਂਟਰ, 02 ਲੌਂਜ, ਵੀ.ਆਈ.ਪੀ. ਟਾਇਲਟ ਬੱਸ, ਸੰਗਤਾਂ ਲਈ ਟਾਇਲਟਸ ਅਤੇ ਵਾਸ਼ਰੂਮ, 10 ਪਕੌਢਾ ਬਣਾਏ ਜਾਣਗੇ। ਮਿਤੀ 09 ਨਵੰਬਰ ਤੋਂ ਲੈ ਕੇ 12 ਨਵੰਬਰ ਤੱਕ ਅੰਤਰਰਾਸ਼ਟਰੀ ਸਟੈਂਡਰਡ ਦਾ ਲਾਈਟ ਐਂਡ ਸਾਉਂਡ ਸ਼ੋਅ, ਵੀਡੀਓ ਪ੍ਰੋਜੈਕਸ਼ਨ ਮੈਪਿੰਗ, ਰਸਤਿਆਂ ਦੀ ਸਜ਼ਾਵਟ, ਬੇਬੇ ਨਾਨਕੀ ਨਿਵਾਸ ਤੋਂ ਲੈ ਕੇ ਇੱਕ ਕਿਲੋਮੀਟਰ ਸੜਕ 'ਚ ਇਲੈਕਟਰੀਕਲ ਲਾਇਟਾਂ ਵਾਲੇ ਗੇਟ ਲਗਾ ਕੇ ਸੁੰਦਰ ਸਜਾਵਟ ਕੀਤੀ ਜਾਵੇਗੀ, ਜਿਸ 'ਚ ਸੜਕ ਦੇ ਦੋਵੇਂ ਪਾਸੇ ਐੱਲ.ਈ.ਡੀ. ਸਕਰੀਨਾਂ ਲਗਾਈਆਂ ਜਾਣਗੀਆਂ। ਇਸ ਤੋਂ ਇਲਾਵਾ ਇਸ ਫਰਮ ਵਲੋਂ ਈਕੋ ਫਰੈਂਡਲੀ ਆਤਿਸ਼ਬਾਜ਼ੀ, ਡਰੋਨ ਐਕਟ ਅਤੇ ਲੇਜਰ ਸ਼ੋਅ ਵੀ ਕੀਤਾ ਜਾਵੇਗਾ।  

ਆਹਲੀ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵਿਧਾਇਕਾਂ ਨੂੰ ਇਸ ਤਰ੍ਹਾਂ ਦੇ ਤਰਕਹੀਣ ਬਿਆਨ ਨਹੀਂ ਦੇਣੇ ਚਾਹੀਦੇ। ਉਨ੍ਹਾਂ ਸਵਾਲ ਕੀਤਾ ਕਿ ਜੇਕਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਾਇਆ ਜਾ ਰਿਹਾ ਪੈਸਾ ਸੰਗਤ ਦਾ ਹੈ ਤਾਂ ਇਹ ਵਿਧਾਇਕ ਦੱਸਣ ਕਿ ਪੰਜਾਬ ਸਰਕਾਰ ਕੋਲ ਪੈਸਾ ਕਿਸ ਦਾ ਆਉਂਦਾ ਹੈ। ਕੀ ਉਹ ਪੈਸਾ ਲੋਕਾਂ ਦਾ ਨਹੀਂ ਹੈ, ਜਾਂ ਇਹ ਵਿਧਾਇਕ ਆਪਣੀ ਜੇਬ 'ਚੋਂ ਖ਼ਰਚ ਕਰ ਰਹੇ ਹਨ। ਸ਼੍ਰੋਮਣੀ ਕਮੇਟੀ ਹਰ ਕੰਮ ਨਿਯਮਾਂ ਅਨੁਸਾਰ ਕਰਦੀ ਹੈ ਅਤੇ ਕੀਤੇ ਜਾਂਦੇ ਖਰਚਿਆਂ ਦਾ ਬਕਾਇਦਾ ਆਡਿਟ ਹੁੰਦਾ ਹੈ।


author

rajwinder kaur

Content Editor

Related News