ਸੈਕਸ ਸਕੈਡਲ ''ਚ ਲਿਪਤ ਪੁਲਸ ਅਫਸਰਾਂ ਅਤੇ ਜ਼ਿੰਮੇਵਾਰ ਆਗੂਆਂ ਦੀ ਨੀਂਦ ਉੱਡੀ
Monday, May 18, 2020 - 10:52 AM (IST)
ਨਿਹਾਲ ਸਿੰਘ ਵਾਲਾ/ਮੋਗਾ (ਬਾਵਾ/ਗੋਪੀ ਰਾਊਕੇ): ਮੋਗਾ ਜ਼ਿਲੇ ਦੀ ਪੁਲਸ ਲਈ ਨਿਹਾਲ ਸਿੰਘ ਵਾਲਾ ਸੈਕਸ ਸਕੈਂਡਲ ਵੱਡੀ ਨਮੋਸ਼ੀ ਬਣਿਆ ਹੋਇਆ ਹੈ। ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਲੱਗੇ ਕਰਫਿਊ ਦੌਰਾਨ ਜਿਥੇ ਪੰਜਾਬ ਪੁਲਸ ਆਪਣੀ ਦਾਗਦਾਰ ਵਰਦੀ ਨੂੰ ਸਾਫ ਕਰਨ ਲਈ ਫਰੰਟ ਲਾਇਨ 'ਤੇ ਕੰਮ ਕਰਦੀ ਹੋਈ ਕਈ ਸਮਾਜ ਸੇਵੀ ਕਾਰਜਾਂ ਲਈ ਮੀਡੀਆਂ ਦੀਆਂ ਸੁਰਖੀਆਂ ਖੱਟਣ 'ਚ ਕਾਮਯਾਬ ਹੋਈ ਉੱਥੇ ਪੁਲਸ ਦੇ ਕੁਝ ਅਧਿਕਾਰੀ ਖਾਕੀ ਨੂੰ ਦਾਗਦਾਰ ਕਰਦੇ ਰਹੇ। ਥਾਣਾ ਨਿਹਾਲ ਸਿੰਘ ਵਾਲਾ ਦੇ ਦੋ ਸਹਾਇਕ ਥਾਣੇਦਾਰ ਵੀ ਇਸ ਕਰਫਿਊ ਦੌਰਾਨ ਗੋਰਖਧੰਦੇ ਰਾਹੀ ਆਪਣੇ ਹੱਥ ਰੰਗਦੇ ਰਹੇ ਅਤੇ ਨਿਹਾਲ ਸਿੰਘ ਵਾਲਾ ਅੰਦਰ ਹੀ ਔਰਤਾਂ ਨਾਲ ਮਿਲ ਕੇ ਸੈਕਸ ਰੈਕਟ ਚਲਾਉਂਦੇ ਰਹੇ। ਅਖੀਰ ਆਪਣੇ ਹੀ ਬੁਣੇ ਜਾਲ 'ਚ ਫਸ ਕੇ ਉਸੇ ਪੁਲਸ ਸਟੇਸ਼ਨ ਦੀ ਹਵਾਲਾਤ 'ਚ ਬੰਦ ਹੋ ਗਏ ਜਿਥੇ ਕਿਸੇ ਸਮੇਂ ਮੁਜ਼ਰਮਾਂ ਨੂੰ ਬੰਦ ਕਰਦੇ ਸਨ।
ਪੁਲਸ ਵੱਲੋਂ ਹੁਣ ਤੱਕ ਦੋ ਥਾਣੇਦਾਰਾਂ ਸਮੇਤ 5 ਵਿਅਕਤੀ ਕਾਬੂ ਕੀਤੇ ਜਾ ਚੁੱਕੇ ਹਨ, ਜੋ ਕਿ ਪੁਲਸ ਰਿਮਾਂਡ 'ਤੇ ਹਨ।ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫਸਰ 'ਤੇ ਵੀ ਗਾਜ ਡਿੱਗ ਚੁੱਕੀ ਹੈ, ਜਿਸ ਦੀ ਬਦਲੀ ਕਰ ਦਿੱਤੀ ਗਈ ਹੈ। ਪਤਾ ਲੱਗਾ ਹੈ ਕਿ ਪੁਲਸ ਦੇ ਇਨ੍ਹਾਂ ਸਹਾਇਕ ਥਾਣੇਦਾਰਾਂ ਦੀ ਮਿਲੀਭੁਗਤ ਨਾਲ ਕਈ ਸਾਲਾਂ ਤੋਂ ਨਿਹਾਲ ਸਿੰਘ ਵਾਲਾ ਅੰਦਰ ਇਹ ਸੈਕਸ ਰੈਕਟ ਚੱਲ ਰਿਹਾ ਸੀ। ਇਸ ਰੈਕਟ ਵਿਚ ਸ਼ਾਮਲ ਕੁਝ ਔਰਤਾਂ ਵੱਲੋਂ ਅਮੀਰ ਅਤੇ ਸਰਦੇ ਪੁੱਜਦੇ ਸ਼ਰੀਫ ਲੋਕਾਂ ਨੂੰ ਆਪਣੇ ਜਾਲ 'ਚ ਫਸਾ ਕੇ ਥਾਣੇ ਲਿਜਾਇਆ ਜਾਂਦਾ ਸੀ ਅਤੇ ਉਸ 'ਤੇ ਪਰਚਾ ਦਰਜ ਕਰਨ ਦੀਆਂ ਧਮਕੀਆਂ ਦੇ ਕੇ ਉਸ ਨੂੰ ਡਰਾ ਧਮਕਾ ਕੇ ਬਲੈਕਮੇਲ ਕਰ ਕੇ ਉਸ ਤੋਂ ਲੱਖਾ ਰੁਪਏ ਵਟੋਰੇ ਜਾਂਦੇ ਸਨ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਇਹ ਸੈਕਸ ਰੈਕਟ ਰਾਹੀ ਨਿਹਾਲ ਸਿੰਘ ਵਾਲਾ ਅਤੇ ਆਸ-ਪਾਸ ਦੇ ਮੰਨੇ ਪਰਮੰਨੇ ਮੋਹਤਬਰ ਵਿਅਕਤੀਆਂ ਤੋਂ ਬਲੈਕਮੇਲ ਕਰ ਕੇ ਲੱਖਾ ਰੁਪਏ ਵਟੋਰੇ ਜਾ ਚੁੱਕੇ ਹਨ। ਹੁਣ ਵੀ ਉਕਤ ਵਿਅਕਤੀਆਂ ਦੀ ਨਾਮ ਨਸਰ ਹੋਣ ਦੇ ਡਰ ਕਾਰਨ ਨੀਂਦ ਹਰਾਮ ਹੋ ਚੁੱਕੀ ਹੈ। ਇਥੇ ਹੀ ਨਹੀਂ ਇਹ ਚਰਚਾਵਾਂ ਦਾ ਦੌਰ ਵੀ ਗਰਮ ਹੈ ਕਿ ਇਸ ਸੈਕਸ ਰੈਕਟ 'ਚ ਹੋਰ ਵੀ ਪੁਲਸ ਅਧਿਕਾਰੀਆਂ ਦਾ ਨਾਮ ਨਸਰ ਹੋ ਸਕਦਾ।
ਇਸ ਸੈਕਸ ਰੈਕਟ ਦੀ ਜਾਂਚ ਕਰ ਰਹੇ ਡੀ. ਐੱਸ. ਪੀ. ਨਿਹਾਲ ਸਿੰਘ ਵਾਲਾ ਮਨਜੀਤ ਸਿੰਘ ਢੇਸੀ ਅਤੇ ਮੁੱਖ ਅਫਸਰ ਥਾਣਾ ਨਿਹਾਲ ਸਿੰਘ ਵਾਲਾ ਪਲਵਿੰਦਰ ਸਿੰਘ ਨੇ ਕਿਹਾ ਕਿ ਇਸ ਸੈਕਸ ਰੈਕਟ 'ਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਬੇਸ਼ੱਕ ਉਸਦਾ ਰੁਤਬਾ ਕੋਈ ਵੀ ਹੋਵੇ। ਜ਼ਿਕਰਯੋਗ ਹੈ ਕਿ ਬਾਰਾਂ ਸਾਲ ਪਹਿਲਾਂ ਵੀ ਮੋਗਾ ਵਿਖੇ 2007 ਵਿਚ ਇਕ ਵੱਡਾ ਸੈਕਸ ਸਕੈਂਡਲ ਸਾਹਮਣੇ ਆਇਆ ਸੀ ਜਿਸ 'ਚ ਵੱਡੀ ਗਿਣਤੀ 'ਚ ਪੁਲਸ ਦੇ ਉੱਚ ਅਧਿਕਾਰੀ ਅਤੇ ਸਿਆਸੀ ਆਗੂਆਂ ਦੀ ਸ਼ਮੂਲੀਅਤ ਪਾਈ ਗਈ ਸੀ। ਮੋਗਾ ਸੈਕਸ ਸਕੈਂਡਲ ਦੇ ਨਾਮ ਨਾਲ ਮਸ਼ਹੂਰ ਹੋਏ ਉਸ ਸੈਕਸ ਸਕੈਂਡਲ ਦੀ ਜਾਂਚ ਅੱਜ ਵੀ ਸੀ. ਬੀ. ਆਈ. ਵੱਲੋਂ ਜਾਰੀ ਹੈ। ਜੇਕਰ ਪੁਲਸ ਦੇ ਉੱਚ ਅਧਿਕਾਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਇਮਾਨਦਾਰੀ ਨਾਲ ਜਾਂਚ-ਪੜਤਾਲ ਕਰਨਗੇ ਤਾਂ ਆਉਣ ਵਾਲੇ ਦਿਨਾਂ 'ਚ ਇਸ ਤਰ੍ਹਾਂ ਦੇ ਚਲਾਏ ਜਾ ਰਹੇ ਨਾਜਾਇਜ਼ ਧੰਦੇ ਦੀਆਂ ਹੋਰ ਵੀ ਪਰਤਾਂ ਖੁੱਲ ਸਕਦੀਆਂ ਹਨ।