ਸੀਵਰੇਜ ਲਾਈਨ ਦੀ ਖੁਦਾਈ ਦੌਰਾਨ ਵੱਡਾ ਹਾਦਸਾ, ਢਿੱਗ ਡਿੱਗਣ ਨਾਲ 2 ਮਜ਼ਦੂਰ ਮਿੱਟੀ ਹੇਠ ਦੱਬੇ

Saturday, Aug 22, 2026 - 03:17 PM (IST)

ਸੀਵਰੇਜ ਲਾਈਨ ਦੀ ਖੁਦਾਈ ਦੌਰਾਨ ਵੱਡਾ ਹਾਦਸਾ, ਢਿੱਗ ਡਿੱਗਣ ਨਾਲ 2 ਮਜ਼ਦੂਰ ਮਿੱਟੀ ਹੇਠ ਦੱਬੇ

ਮਲੋਟ (ਜੁਨੇਜਾ) : ਮਲੋਟ ਵਿਖੇ ਗਰੀਨ ਵੈਲੀ ਅਤੇ ਪਿੰਕ ਸਿਟੀ ਕਾਲੋਨੀ ਨੇੜੇ ਸੀਵਰੇਜ ਪਾਈਪ ਲਾਈਨ ਲਈ ਕਰੀਬ 8 ਫੁੱਟ ਡੂੰਘੀ ਖੁਦਾਈ ਦੌਰਾਨ ਇਕ ਵੱਡਾ ਹਾਦਸਾ ਵਾਪਰ ਗਿਆ। ਖੁਦਾਈ ਦੌਰਾਨ ਮਿੱਟੀ ਦੀ ਢਿੱਗ ਡਿੱਗਣ ਨਾਲ ਬਿਹਾਰ ਨਾਲ ਸਬੰਧਤ ਦੋ 19-19 ਸਾਲਾ ਪ੍ਰਵਾਸੀ ਮਜ਼ਦੂਰ, ਰਾਹੁਲ ਅਤੇ ਸੌਰਵ, ਮਿੱਟੀ ਹੇਠਾਂ ਦੱਬ ਗਏ। ਹਾਦਸਾ ਇੰਨਾ ਭਿਆਨਕ ਸੀ ਕਿ ਇਕ ਮਜ਼ਦੂਰ ਦਾ ਸਿਰਫ਼ ਸਿਰ ਹੀ ਬਾਹਰ ਸੀ, ਜਦਕਿ ਪੂਰਾ ਧੜ ਮਿੱਟੀ ਹੇਠਾਂ ਫਸ ਚੁੱਕਾ ਸੀ। ਹਾਦਸੇ ਤੋਂ ਬਾਅਦ ਮੌਕੇ ’ਤੇ ਮੌਜੂਦ ਮਜ਼ਦੂਰਾਂ ਦੀਆਂ ਚੀਕਾਂ ਸੁਣ ਕੇ ਸਥਾਨਕ ਲੋਕ ਅਤੇ ਸਮਾਜ ਸੇਵੀ ਕੇਵਲ ਅਰੋੜਾ ਤੁਰੰਤ ਮਦਦ ਲਈ ਪੁੱਜੇ। ਉਨ੍ਹਾਂ ਨੇ ਭਾਰੀ ਜੱਦੋ-ਜਹਿਦ ਤੋਂ ਬਾਅਦ ਦੋਵਾਂ ਮਜ਼ਦੂਰਾਂ ਨੂੰ ਬਾਹਰ ਕੱਢਿਆ। ਇਕ ਮਜ਼ਦੂਰ ਨੂੰ ਐੱਮ. ਸੀ. ਅਤੇ ਸਮਾਜ ਸੇਵੀ ਕੇਵਲ ਅਰੋੜਾ ਵੱਲੋਂ ਆਪਣੀ ਕਾਰ ਰਾਹੀਂ ਅਤੇ ਦੂਜੇ ਨੂੰ ਐਂਬੂਲੈਂਸ ਰਾਹੀਂ ਸਰਕਾਰੀ ਸਿਵਲ ਹਸਪਤਾਲ ਪਹੁੰਚਾਇਆ ਗਿਆ। ਹਸਪਤਾਲ ’ਚ ਡਾਕਟਰਾਂ ਨੇ ਦੋਵਾਂ ਦੀ ਜਾਂਚ ਕੀਤੀ ਅਤੇ ਐਕਸ-ਰੇਅ ਸਮੇਤ ਜ਼ਰੂਰੀ ਸਹਾਇਤਾ ਦਿੱਤੀ। ਫਿਲਹਾਲ ਦੋਵਾਂ ਦੀ ਹਾਲਤ ਖ਼ਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ ਪਰ ਸਥਾਨਕ ਲੋਕਾਂ ਮੁਤਾਬਕ ਵੱਡਾ ਜਾਨੀ ਨੁਕਸਾਨ ਹੋਣ ਤੋਂ ਬਚਾਅ ਹੋ ਗਿਆ।

ਇਸ ਘਟਨਾ ਨੇ ਸੀਵਰੇਜ ਵਿਭਾਗ ਅਤੇ ਠੇਕੇਦਾਰ ਵੱਲੋਂ ਵਰਤੀ ਜਾ ਰਹੀ ਲਾਪ੍ਰਵਾਹੀ ਅਤੇ ਸੁਰੱਖਿਆ ਪ੍ਰਬੰਧਾਂ ਦੀ ਘਾਟ ਦੀ ਪੋਲ ਖੋਲ੍ਹ ਦਿੱਤੀ ਹੈ। ਡੂੰਘੇ ਟੋਏ ’ਚ ਕੰਮ ਕਰਨ ਦੇ ਬਾਵਜੂਦ ਮਜ਼ਦੂਰਾਂ ਲਈ ਕੋਈ ਠੋਸ ਸੁਰੱਖਿਆ ਇੰਤਜ਼ਾਮ ਨਹੀਂ ਸਨ। ਹਾਦਸੇ ਤੋਂ ਬਾਅਦ ਠੇਕੇਦਾਰ ਦਾ ਕਰਮਚਾਰੀ ਮਾਮਲੇ ’ਤੇ ਕੁੱਝ ਵੀ ਬੋਲਣ ਤੋਂ ਗੁਰੇਜ਼ ਕਰਦਾ ਨਜ਼ਰ ਆਇਆ। ਅਫ਼ਸੋਸਜਨਕ ਗੱਲ ਇਹ ਰਹੀ ਕਿ ਵਿਭਾਗ ਦਾ ਕੋਈ ਅਧਿਕਾਰੀ ਨਾ ਤਾਂ ਮੌਕੇ ’ਤੇ ਪਹੁੰਚਿਆ ਅਤੇ ਨਾ ਹੀ ਹਸਪਤਾਲ। ਜਦੋਂ ਐੱਸ.ਡੀ.ਓ. ਪਾਰਸ ਵਰਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਮਾਮਲੇ ਨੂੰ ਹਲਕੇ ’ਚ ਲੈਂਦਿਆਂ ਕਿਹਾ ਕਿ ਲੜਕੇ ਸਿਰਫ਼ ਮਿੱਟੀ ਤੋਂ ਫਿਸਲੇ ਸਨ। ਸੁਰੱਖਿਆ ਕਿੱਟਾਂ ਅਤੇ ਬੂਟਾਂ ਬਾਰੇ ਉਨ੍ਹਾਂ ਦਾ ਦਾਅਵਾ ਸੀ ਕਿ ਪ੍ਰਬੰਧ ਪੂਰੇ ਹਨ ਪਰ ਗਰਮੀ ਕਰ ਕੇ ਮਜ਼ਦੂਰ ਇਨ੍ਹਾਂ ਦਾ ਇਸਤੇਮਾਲ ਨਹੀਂ ਕਰਦੇ।


author

Gurminder Singh

Content Editor

Related News