ਪਾਵਨ ਸਰੂਪਾਂ ਦੀ ਛਪਾਈ ਦਾ ਮਾਮਲਾ: ਐਡਵੋਕੇਟ ਧਾਮੀ ਦੀ ਅਗਵਾਈ ’ਚ ਜਲਦ ਅਮਰੀਕਾ ਜਾਵੇਗਾ SGPC ਦਾ ਵਫ਼ਦ

Thursday, Sep 07, 2023 - 05:48 PM (IST)

ਪਾਵਨ ਸਰੂਪਾਂ ਦੀ ਛਪਾਈ ਦਾ ਮਾਮਲਾ: ਐਡਵੋਕੇਟ ਧਾਮੀ ਦੀ ਅਗਵਾਈ ’ਚ ਜਲਦ ਅਮਰੀਕਾ ਜਾਵੇਗਾ SGPC ਦਾ ਵਫ਼ਦ

ਅੰਮ੍ਰਿਤਸਰ (ਦੀਪਕ ਸ਼ਰਮਾ) : ਅਮਰੀਕਾ ਦੇ ਕੈਲੀਫੋਰਨੀਆ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਲਈ ਪ੍ਰੈੱਸ ਲਗਾਉਣ ਵਾਸਤੇ ਸ਼੍ਰੋਮਣੀ ਕਮੇਟੀ ਦਾ ਇਕ ਉੱਚ ਪੱਧਰੀ ਵਫ਼ਦ ਜਲਦ ਹੀ ਅਮਰੀਕਾ ਜਾਵੇਗਾ। ਇਸ ਵਫ਼ਦ ਦੀ ਅਗਵਾਈ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕਰਨਗੇ। ਸ਼੍ਰੋਮਣੀ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੱਲੋਂ ਬੀਤੇ ਦਿਨੀਂ ਕੈਲੀਫੋਰਨੀਆ ਦੇ ਸ਼ਹਿਰ ਟ੍ਰੇਸੀ ਵਿਖੇ ਇਹ ਪ੍ਰੈੱਸ ਲਗਾਉਣ ਦਾ ਫੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਇਥੇ ਧਰਮ ਪ੍ਰਚਾਰ ਕੇਂਦਰ ਅਤੇ ਗੁਰਦੁਆਰਾ ਸਾਹਿਬ ਸਥਾਪਤ ਕਰਨ ਦੀ ਵੀ ਯੋਜਨਾ ਹੈ। 

ਇਹ ਵੀ ਪੜ੍ਹੋ : ਟਾਂਡਾ ਇਲਾਕੇ ਵਿੱਚ ਧੂਮਧਾਮ ਨਾਲ ਮਨਾਇਆ ਜਾ ਰਿਹੈ ਸ਼੍ਰੀ ਕ੍ਰਿਸ਼ਨ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ

ਸ਼੍ਰੋਮਣੀ ਕਮੇਟੀ ਨੂੰ ਇਸ ਧਰਮ ਪ੍ਰਚਾਰ ਕੇਂਦਰ ਅਤੇ ਪ੍ਰੈੱਸ ਲਗਾਉਣ ਲਈ ਜਗ੍ਹਾ ਅਤੇ ਹੋਰ ਲੋੜੀਂਦੀ ਸਹਾਇਤਾ ਦੀ ਪੇਸ਼ਕਸ ਦੀਵਾਨ ਟੋਡਰਮਲ ਫਾਊਂਡੇਸ਼ਨ ਦੇ ਬਾਨੀ ਸਿੱਖ ਵਿਦਵਾਨ ਸ. ਗਿਆਨ ਸਿੰਘ ਸੰਧੂ ਕੈਨੇਡਾ ਅਤੇ ਫਾਊਂਡੇਸ਼ਨ ਦੇ ਸਰਪ੍ਰਸਤ ਉੱਘੇ ਕਾਰੋਬਾਰੀ ਸ. ਕਰਨੈਲ ਸਿੰਘ ਸੰਧੂ ਅਮਰੀਕਾ ਅਤੇ ਫਾਊਂਡੇਸ਼ਨ ਦੇ ਪੰਜਾਬ ਪ੍ਰਤੀਨਿਧੀ ਸ. ਲਖਵਿੰਦਰ ਸਿੰਘ ਕਾਹਨਕੇ ਵੱਲੋਂ ਕੀਤੀ ਗਈ ਹੈ।ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਜਾਰੀ ਇਕ ਪ੍ਰੈੱਸ ਬਿਆਨ ਵਿਚ ਦੱਸਿਆ ਕਿ ਲੰਮੇ ਸਮੇਂ ਤੋਂ ਅਮਰੀਕਾ ਅਤੇ ਕੈਨੇਡਾ ਦੀਆਂ ਸੰਗਤਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਵੱਡੀ ਮੰਗ ਕੀਤੀ ਜਾਂਦੀ ਰਹੀ ਹੈ, ਜਿਸ ਨੂੰ ਵੇਖਦਿਆਂ ਇਹ ਫੈਸਲਾ ਕੀਤਾ ਗਿਆ ਹੈ।

ਇਹ ਵੀ ਪੜ੍ਹੋ : ਨਤੀਜੇ ਐਲਾਨ ਹੁੰਦਿਆਂ ਹੀ ਵਿਦਿਆਰਥੀਆ ਨੂੰ ਬਾਹਰ ਦਾ ਰਸਤਾ, ਬਿਨਾਂ ਆਈ. ਕਾਰਡ ਨਹੀਂ ਆ ਸਕਦੇ ਕੈਂਪਸ

 ਉਨ੍ਹਾਂ ਦੱਸਿਆ ਕਿ ਕੈਲੀਫੋਰਨੀਆ ਦੇ ਟ੍ਰੇਸੀ ’ਚ ਸਥਾਪਤ ਕੀਤਾ ਜਾਣ ਵਾਲਾ ਸ਼੍ਰੋਮਣੀ ਕਮੇਟੀ ਦਾ ਕੇਂਦਰ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਛਪਾਈ ਹੀ ਨਹੀਂ ਕਰੇਗਾ, ਬਲਕਿ ਇਹ ਅਮਰੀਕਾ ਕੈਨੇਡਾ ਲਈ ਸ਼੍ਰੋਮਣੀ ਕਮੇਟੀ ਦੀ ਪ੍ਰਤੀਨਿਧਤਾ ਵੀ ਕਰੇਗਾ। ਇਹ ਕੇਂਦਰ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਅਗਵਾਈ ਵਿਚ ਕਾਰਜਸ਼ੀਲ ਹੋਵੇਗਾ, ਜਿਸ ਦੀ ਸੇਵਾ ਸ. ਗਿਆਨ ਸਿੰਘ ਸੰਧੂ, ਸ. ਕਰਨੈਲ ਸਿੰਘ ਸੰਧੂ, ਸ. ਸਤਨਾਮ ਸਿੰਘ ਸੰਧੂ ਅਤੇ ਸ. ਇਕਬਾਲ ਸਿੰਘ ਸੰਧੂ ਵੱਲੋਂ ਕਰਵਾਈ ਜਾਵੇਗੀ। ਪੰਜਾਬ ’ਚ ਸੰਸਥਾ ਨਾਲ ਇਸ ਦੇ ਤਾਲਮੇਲ ਲਈ ਦੀਵਾਨ ਟੋਡਰਮਲ ਵਿਰਾਸਤੀ ਫਾਊਂਡੇਸ਼ਨ ਦੇ ਨੁਮਾਇੰਦੇ ਸ. ਲਖਵਿੰਦਰ ਸਿੰਘ ਕਾਹਨੇਕੇ ਸੇਵਾਵਾਂ ਨਿਭਾਉਣਗੇ। ਇਸ ਦੇ ਨਾਲ ਹੀ ਫਾਊਂਡੇਸ਼ਨ ਦੇ ਆਗੂ ਸ. ਹਰਮੇਸ਼ ਸਿੰਘ ਯੂ.ਐਸ.ਏ. ਦੀਆਂ ਵੀ ਸੇਵਾਵਾਂ ਅਹਿਮ ਰਹਿਣਗੀਆਂ। 

ਇਹ ਵੀ ਪੜ੍ਹੋ : ਫਲਿਪਕਾਰਟ ਤੋਂ 434 ਰੁਪਏ ਰਿਫੰਡ ਕਰਾਉਣ ਦੇ ਚੱਕਰ 'ਚ 50,000 ਦੀ ਠੱਗੀ, 2 ਗ੍ਰਿਫ਼ਤਾਰ

ਐਡਵੋਕੇਟ ਧਾਮੀ ਨੇ ਕਿਹਾ ਕਿ ਇਸ ਦੀ ਰੂਪ-ਰੇਖਾ ਤੈਅ ਕਰਨ ਅਤੇ ਹੋਰ ਲੋੜੀਂਦੀ ਕਾਰਵਾਈ ਲਈ ਸ਼੍ਰੋਮਣੀ ਕਮੇਟੀ ਦਾ ਵਫ਼ਦ ਜਲਦ ਹੀ ਅਮਰੀਕਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਵਫ਼ਦ ਵਿਚ ਉਨ੍ਹਾਂ (ਸ਼੍ਰੋਮਣੀ ਕਮੇਟੀ ਪ੍ਰਧਾਨ) ਸਮੇਤ ਮੈਂਬਰ ਅਤੇ ਅਧਿਕਾਰੀ ਸ਼ਾਮਲ ਹੋਣਗੇ। ਉਨ੍ਹਾਂ ਇਹ ਵੀ ਜਾਣਕਾਰੀ ਦਿੱਤੀ ਕਿ ਸ਼੍ਰੋਮਣੀ ਕਮੇਟੀ ਦਾ ਇਹ ਵਫ਼ਦ ਯੂਬਾ ਸਿਟੀ ਵਿਖੇ ਵੀ ਜਾਵੇਗਾ, ਜਿਥੇ ਪਹਿਲਾਂ ਤੋਂ ਹੀ ਧਰਮ ਪ੍ਰਚਾਰ ਕੇਂਦਰ ਸਥਾਪਤ ਕੀਤੇ ਜਾਣ ਦੀ ਕਾਰਵਾਈ ਚੱਲ ਰਹੀ ਹੈ। 

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


author

Anuradha

Content Editor

Related News