ਜੇਲ੍ਹ ’ਚ ਬਿਕਰਮ ਮਜੀਠੀਆ ਦੀ ਜਾਨ ਨੂੰ ਗੰਭੀਰ ਖ਼ਤਰਾ : ਅਕਾਲੀ ਦਲ

Tuesday, Jun 07, 2022 - 07:45 PM (IST)

ਜੇਲ੍ਹ ’ਚ ਬਿਕਰਮ ਮਜੀਠੀਆ ਦੀ ਜਾਨ ਨੂੰ ਗੰਭੀਰ ਖ਼ਤਰਾ : ਅਕਾਲੀ ਦਲ

ਚੰਡੀਗੜ੍ਹ (ਬਿਊਰੋ) : ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਜਾਨ ਨੂੰ ਜੇਲ੍ਹ ਵਿਚ ਗੰਭੀਰ ਖ਼ਤਰਾ ਹੈ ਤੇ ਏ. ਡੀ. ਜੀ. ਪੀ. ਹਰਪ੍ਰੀਤ ਸਿੱਧੂ ਦੀ ਨਿਯੁਕਤੀ ਇਸੇ ਵਾਸਤੇ ਕੀਤੀ ਗਈ ਤਾਂ ਜੋ ਮਜੀਠੀਆ ਨੂੰ ਇਕ ਹੋਰ ਝੂਠੇ ਕੇਸ ’ਚ ਫਸਾਇਆ ਜਾ ਸਕੇ। ਅੱਜ ਇਸ ਮਾਮਲੇ ਨੂੰ ਉਜਾਗਰ ਕਰਦਿਆਂ ਬਿਕਰਮ ਸਿੰਘ ਮਜੀਠੀਆ ਦੀ ਪਤਨੀ ਤੇ ਮਜੀਠਾ ਹਲਕੇ ਤੋਂ ਵਿਧਾਇਕਾ ਵੱਲੋਂ ਡੀ. ਜੀ. ਪੀ. ਨੂੰ ਲਿਖੇ ਪੱਤਰ, ਜਿਸ ਦੀ ਕਾਪੀ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਭੇਜੀ ਗਈ ਹੈ, ਦਾ ਹਵਾਲਾ ਦਿੰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਮਹੇਸ਼ ਇੰਦਰ ਸਿੰਘ ਗਰੇਵਾਲ ਤੇ ਡਾ. ਦਲਜੀਤ ਸਿੰਘ ਚੀਮਾ ਨੇ ਮੰਗ ਕੀਤੀ ਕਿ ਸਿੱਧੂ ਨੂੰ ਏ. ਜੀ. ਡੀ. ਪੀ. ਜੇਲ੍ਹਾਂ ਦੇ ਅਹੁਦੇ ਤੋਂ ਤੁਰੰਤ ਹਟਾਇਆ ਜਾਵੇ ਤੇ ਮਾਮਲੇ ਵਿਚ ਲੋੜੀਂਦੀ ਕਾਰਵਾਈ ਕੀਤੀ ਜਾਵੇ।

ਇਹ ਵੀ ਪੜ੍ਹੋ : ਨਾਕੇ ’ਤੇ ਖੜ੍ਹੇ ਏ. ਐੱਸ. ਆਈ. ’ਤੇ ਨੌਜਵਾਨ ਨੇ ਚਾੜ੍ਹੀ ਤੇਜ਼ ਰਫ਼ਤਾਰ ਕਾਰ

ਇਨ੍ਹਾਂ ਆਗੂਆਂ ਨੇ ਕਿਹਾ ਕਿ ਮਜੀਠੀਆ ਦੇ ਪਰਿਵਾਰ ਦੇ ਮਨਾਂ ਤੇ ਅਕਾਲੀ ਦਲ ਦੇ ਮਨ ਵਿਚ ਇਹ ਖਦਸ਼ਾ ਹੈ ਕਿ ਹਰਪ੍ਰੀਤ ਸਿੱਧੂ ਦੀ ਨਿਯੁਕਤੀ ਇਸ ਵਾਸਤੇ ਕੀਤੀ ਗਈ ਕਿ ਮਜੀਠੀਆ ’ਤੇ ਝੂਠੀ ਬਰਾਮਦਗੀ ਪਾਈ ਜਾ ਸਕੇ। ਉਨ੍ਹਾਂ ਕਿਹਾ ਕਿ ਸਿੱਧੂ ਇਕ ਨਾਕਾਬਲ ਅਫਸਰ ਹਨ, ਜਿਨ੍ਹਾਂ ਨੂੰ ਸਮੇਂ ਦੀਆਂ ਸਰਕਾਰਾਂ ਨੇ ਮਜੀਠੀਆ ਖਿਲਾਫ ਕਿੜ੍ਹਾਂ ਕੱਢਣ ਲਈ ਵਰਤਿਆ ਤੇ ਹੁਣ ਵੀ ਸਿੱਧੂ ਦੀ ਨਿਯੁਕਤੀ ਆਮ ਆਦਮੀ ਪਾਰਟੀ ਸਰਕਾਰ ਨੇ ਸਿਰਫ ਮਜੀਠੀਆ ਨੂੰ ਇਕ ਹੋਰ ਮਾਮਲੇ ਵਿਚ ਫਸਾਉਣ ਲਈ ਕੀਤੀ ਹੈ। ਅਕਾਲੀ ਆਗੂਆਂ ਨੇ ਕਿਹਾ ਕਿ ਮਜੀਠੀਆ ਤੇ ਹਰਪ੍ਰੀਤ ਸਿੱਧੂ ਦੇ ਪਰਿਵਾਰਾਂ ਵਿਚਾਲੇ ਕਾਫੀ ਦੁਸ਼ਮਣੀ ਬਣੀ ਹੋਈ ਹੈ ਤੇ  ਸਿੱਧੂ ਸਾਬਕਾ ਮੰਤਰੀ ਨਾਲ ਕਿੜ੍ਹਾਂ ਕੱਢਣ ਵਾਸਤੇ ਆਪਣੇ ਸਰਕਾਰੀ ਅਹੁਦੇ ਦੀ ਦੁਰਵਰਤੋਂ ਕਰ ਰਹੇ ਹਨ। ਉਨ੍ਹਾਂ ਕਿਹਾ ਕਿ  ਸਿੱਧੂ ਮਜੀਠੀਆ ਦੇ ਨਜ਼ਦੀਕੀ ਰਿਸ਼ਤੇਦਾਰ ਹਨ ਤੇ ਪੁਲਸ ਅਫ਼ਸਰ ਦੀ ਮਾਤਾ ਤੇ ਮਜੀਠੀਆ ਦੀ ਚਾਚੀ ਸਕੀਆਂ ਭੈਣਾਂ ਸਨ। ਉਨ੍ਹਾਂ ਕਿਹਾ ਕਿ ਸਿੱਧੂ ਦਾ ਪਰਿਵਾਰ ਮਜੀਠੀਆ ਦੀ ਚਾਚੀ ਦੀ ਮੌਤ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਮੰਨਦਾ ਹੈ। ਉਨ੍ਹਾਂ ਕਿਹਾ ਕਿ ਦੁਸ਼ਮਣੀ ਦਾ ਪਤਾ ਇਥੋਂ ਵੀ ਲੱਗਦਾ ਹੈ ਕਿ ਜਦੋਂ ਮਜੀਠੀਆ ਦੇ ਦਾਦਾ ਸਿੱਧੂ ਦੇ ਪਿਤਾ ਨੂੰ ਮਿਲਣ ਗਏ ਤਾਂ ਸਿੱਧੂ ਦੇ ਪਿਤਾ ਨੇ ਅੱਗੋਂ ਉਨ੍ਹਾਂ ’ਤੇ ਗੋਲੀ ਚਲਾ ਦਿੱਤੀ।

ਇਹ ਵੀ ਪੜ੍ਹੋ : ਚਾਹ ਵਾਲੇ ਦੀ ਧੀ ਕਾਜੋਲ ਸਰਗਾਰ ਨੇ ਰਚਿਆ ਇਤਿਹਾਸ, ਖੇਲੋ ਇੰਡੀਆ 2021 ਦਾ ਜਿੱਤਿਆ ਪਹਿਲਾ ਸੋਨਾ

ਉਨ੍ਹਾਂ ਕਿਹਾ ਕਿ ਹਾਈਕੋਰਟ ਨੇ ਵੀ ਆਪ ਇਹ ਮੰਨਿਆ ਸੀ ਕਿ ਦੋਵਾਂ ਦੇ ਰਿਸ਼ਤੇ ਖਰਾਬ ਹਨ ਤੇ ਇਨ੍ਹਾਂ ’ਚ ਦੁਸ਼ਮਣੀ ਬਹੁਤ ਜ਼ਿਆਦਾ ਹੈ, ਇਸੇ ਲਈ ਹਾਈਕੋਰਟ ਨੇ ਹਰਪ੍ਰੀਤ ਸਿੱਧੂ ਨੂੰ ਮਜੀਠੀਆ ਖਿਲਾਫ ਜਾਂਚ ਕਰਨ ਤੋਂ ਰੋਕਿਆ ਸੀ। ਗਰੇਵਾਲ ਤੇ ਡਾ. ਚੀਮਾ ਨੇ ਕਿਹਾ ਕਿ ਜਦੋਂ ਹਾਈਕੋਰਟ ਨੇ ਸਿੱਧੂ ਦੀ ਰਿਪੋਰਟ ’ਤੇ ਕਾਰਵਾਈ ਨਹੀਂ ਕੀਤੀ ਤਾਂ ਸਿੱਧੂ ਨੇ ਸੀਲਬੰਦ ਰਿਪੋਰਟ ਮਜੀਠੀਆ ਦੇ ਸਿਆਸੀ ਵਿਰੋਧੀ ਨਵਜੋਤ ਸਿੰਘ ਸਿੱਧੂ ਨੂੰ ਦੇ ਦਿੱਤੀ। ਅਕਾਲੀ ਆਗੂਆਂ ਨੇ ਦੱਸਿਆ ਕਿ ਕਾਂਗਰਸ ਸਰਕਾਰ ਦੇ ਆਖਰੀ ਦਿਨਾਂ ’ਚ ਸਿੱਧੂ ਨੇ ਆਪਣੀ ਮਨਘੜਤ ਰਿਪੋਰਟ ਡੀ. ਜੀ. ਪੀ. ਨੂੰ ਦੇ ਦਿੱਤੀ ਤੇ ਮਜੀਠੀਆ ਦੇ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੀਆ ਵੱਖ-ਵੱਖ ਧਾਰਾਵਾਂ ਹੇਠ ਝੂਠਾ ਕੇਸ ਦਰਜ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਵੀ ਸਿੱਧੂ ਮਾਮਲੇ ’ਚ ਦਖਲ ਦਿੰਦੇ ਰਹੇ ਤੇ ਉਨ੍ਹਾਂ 8 ਮਾਰਚ ਨੂੰ ਆਮ ਆਦਮੀ ਪਾਰਟੀ ਸਰਕਾਰ ਨੂੰ ਚਿੱਠੀ ਲਿਖੀ, ਜਿਸ ਦੇ ਆਧਾਰ ’ਤੇ ਐੱਸ. ਆਈ. ਟੀ. ਦਾ ਪੁਨਰਗਠਨ ਕੀਤਾ ਗਿਆ। ਸਿੱਧੂ ਦੀਆਂ ਹਦਾਇਤਾਂ ਨੂੰ ਐੱਸ. ਆਈ. ਟੀ. ਹੁਕਮ ਵਜੋਂ ਮੰਨਦੀ ਹੈ ਤੇ ਸਿੱਧਾ ਉਨ੍ਹਾਂ ਨੂੰ ਰਿਪੋਰਟ ਕਰਦੀ ਹੈ।
 


author

Manoj

Content Editor

Related News