ਪੰਜਾਬ 'ਚ ਕੋਰੋਨਾ ਪੀੜਤ ਗਰਭਵਤੀ ਜਨਾਨੀਆਂ ਦੇ ਜਣੇਪੇ ਲਈ ਬਣੇ ਵੱਖਰੇ ਕਮਰੇ

07/18/2020 1:19:23 PM

ਚੰਡੀਗੜ੍ਹ : ਗਰਭਵਤੀ ਜਨਾਨੀਆਂ 'ਚ ਕੋਵਿਡ-19 ਦੇ ਫੈਲਾਅ ਨੂੰ ਰੋਕਣ ਤੋਂ ਯਕੀਨੀ ਬਣਾਉਣ ਲਈ ਸਿਹਤ ਤੇ ਪਰਿਵਾਰ ਭਲਾਈ ਮਹਿਕਮੇ ਵੱਲੋਂ ਕੋਰੋਨਾ ਪੀੜਤ ਗਰਭਵਤੀ ਜਨਾਨੀਆਂ ਦੇ ਸੁਰੱਖਿਅਤ ਜਣੇਪਿਆਂ ਵਾਸਤੇ ਸਾਰੇ ਜ਼ਿਲ੍ਹਾ ਹਸਪਤਾਲਾਂ 'ਚ ਵੱਖਰੇ ਲੇਬਰ ਰੂਪ ਸਥਾਪਿਤ ਕੀਤੇ ਗਏ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਦੱਸਿਆ ਕਿ ਗਰਭਵਤੀ ਜਨਾਨੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਗਰਭ ਅਵਸਥਾ ਦੀ ਤੀਜੀ ਤਿਮਾਹੀ ਦੌਰਾਨ ਕੋਵਿਡ ਟੈਸਟ ਲਾਜ਼ਮੀ ਕੀਤਾ ਗਿਆ ਹੈ, ਜਿਸ ਤਹਿਤ ਅਪ੍ਰੈਲ ਮਹੀਨੇ ਤੱਕ 12479 ਗਰਭਵਤੀ ਜਨਾਨੀਆਂ ਦੀ ਕੋਵਿਡ ਲਈ ਜਾਂਚ ਕੀਤੀ ਗਈ, ਜਿਨ੍ਹਾਂ 'ਚੋਂ 118 ਜਨਾਨੀਆਂ ਪਾਜ਼ੇਟਿਵ ਪਾਈਆਂ ਗਈਆਂ।

ਇਹ ਵੀ ਪੜ੍ਹੋ : ...ਤਾਂ ਕੈਪਟਨ ਦੀ ਇਸ ਯੋਜਨਾ ਤੋਂ ਵਾਂਝੇ ਰਹਿ ਜਾਣਗੇ ਬਹੁਤੇ 'ਕਿਸਾਨ'

ਪਿਛਲੇ ਤਿੰਨ ਮਹੀਨਿਆਂ ਦੌਰਾਨ ਕੀਤੇ ਗਏ 56 ਸਫਲਤਾ ਪੂਰਵਕ ਜਣੇਪਿਆਂ 'ਚੋਂ 20 ਸਧਾਰਨ ਅਤੇ 36 ਜਣੇਪੇ ਆਪ੍ਰੇਸ਼ਨ ਨਾਲ ਕੀਤੇ ਗਏ। ਪਟਿਆਲਾ ਜ਼ਿਲ੍ਹੇ ਨੇ ਗਰਭਵਤੀ ਜਨਾਨੀਆਂ ਦੇ 1715 ਟੈਸਟ ਕਰਵਾ ਕੇ ਬਿਹਤਰੀਨ ਕਾਰਗੁਜ਼ਾਰੀ ਵਿਖਾਈ, ਜਿਨ੍ਹਾਂ 'ਚੋਂ 61 ਜਨਾਨੀਆਂ ਪਾਜ਼ੇਟਿਵ ਪਾਈਆਂ ਗਈਆਂ। ਉਨ੍ਹਾਂ ਅੱਗੇ ਕਿਹਾ ਕਿ ਪਟਿਆਲਾ ਜ਼ਿਲ੍ਹੇ 'ਚ ਹੁਣ ਤੱਕ 16 ਜਣੇਪੇ ਸੁਰੱਖਿਅਤ ਢੰਗ ਨਾਲ ਕੀਤੇ ਗਏ ਹਨ।

ਇਹ ਵੀ ਪੜ੍ਹੋ : ਪਿਓ-ਧੀ ਦੇ ਧੋਖੇ ਤੇ ਬੇਇੱਜ਼ਤੀ ਨੂੰ ਦਿਲ 'ਤੇ ਲਾ ਬੈਠਾ ਮੁੰਡਾ, ਲਾਇਆ ਮੌਤ ਨੂੰ ਗਲੇ

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਵੱਖਰੇ ਲੇਬਰ ਰੂਮ ਸਥਾਪਤ ਕਰਨ ਤੋਂ ਇਲਾਵਾ ਸਿਵਲ ਸਰਜਨਾਂ ਨੂੰ ਇਸ ਸਬੰਧੀ ਜਾਰੀ ਕੀਤੇ ਐਸ. ਓ. ਪੀਜ਼. ਮੁਤਾਬਕ ਜ਼ਿਲ੍ਹਾ ਹਸਪਤਾਲਾਂ ਵਿਖੇ ਪ੍ਰਭਾਵਿਤ ਮਰੀਜ਼ਾਂ ਲਈ ਇੱਕ ਸਮਰਪਿਤ ਆਪ੍ਰੇਸ਼ਨ ਥੀਏਟਰ ਸਥਾਪਤ ਕਰਨ ਦੇ ਨਿਰਦੇਸ਼ ਵੀ ਦਿੱਤੇ ਗਏ ਹਨ। ਮੰਤਰੀ ਨੇ ਕਿਹਾ ਕਿ ਸਿਹਤ ਅਤੇ ਪਰਿਵਾਰ ਭਲਾਈ ਮਹਿਕਮੇ ਦੀਆਂ ਸਮੁੱਚੀਆਂ ਟੀਮਾਂ ਕਲੀਨਿਕਲ ਪ੍ਰਬੰਧਨ, ਸਕ੍ਰੀਨਿੰਗ, ਟਰੇਸਿੰਗ ਅਤੇ ਟੈਸਟਿੰਗ ਆਦਿ ਲੋੜੀਂਦੇ ਪ੍ਰਬੰਧਾਂ ਨੂੰ ਯਕੀਨੀ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ।

ਸੂਬਾ ਸਰਕਾਰ ਨੇ ਕੋਰੋਨਾ ਦੇ ਮਰੀਜ਼ਾਂ ਨੂੰ ਇਲਾਜ ਸਹੂਲਤਾਂ ਮੁਹੱਈਆ ਕਰਵਾ ਰਹੇ ਨਿੱਜੀ ਹਸਪਤਾਲਾਂ ਦੀਆਂ ਇਲਾਜ ਦਰਾਂ ਨਿਰਧਾਰਿਤ ਕੀਤੀਆਂ ਹਨ। ਉਨ੍ਹਾਂ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਇਸ ਮੁਸ਼ਕਿਲ ਦੌਰ 'ਚ ਕੋਵਿਡ-19 ਦੇ ਮਰੀਜ਼ਾਂ ਦੀਆਂ ਜਾਨਾਂ ਬਚਾਉਣ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਕਈ ਸਖਤ ਰੋਕਥਾਮ ਉਪਾਅ ਕੀਤੇ ਗਏ ਹਨ ਅਤੇ ਪੰਜਾਬ ਨੇ ਗੁਆਂਢੀ ਸੂਬਿਆਂ ਦੇ ਮੁਕਾਬਲੇ ਕੋਰੋਨਾ ਵਾਇਰਸ ਦੇ ਮਾਮਲਿਆਂ ਨੂੰ ਕਾਰਗਰ ਢੰਗ ਨਾਲ ਕਾਬੂ ਕੀਤਾ ਹੈ।

ਸਿੱਧੂ ਨੇ ਕਿਹਾ ਕਿ ਜੇਕਰ ਹਰ ਕੋਈ ਜਨਤਕ ਥਾਵਾਂ ’ਤੇ ਮਾਸਕ ਪਹਿਨਣਾ ਯਕੀਨੀ ਬਣਾਉਂਦਾ ਹੈ ਤਾਂ ਕੋਰੋਨਾ ਵਾਇਰਸ ਦੇ ਫੈਲਾਅ ਨੂੰ ਸੁਖਾਲੇ ਢੰਗ ਨਾਲ ਕਾਬੂ ਕੀਤਾ ਜਾ ਸਕਦਾ ਹੈ। ਉਨ੍ਹਾਂ ਕਿਹਾ ਕਿ ਤਾਲਾਬੰਦੀ ਤੋਂ ਇਲਾਵਾ ਪੰਜਾਬ ਪਹਿਲਾਂ ਸੂਬਾ ਹੈ, ਜਿੱਥੇ ਮਾਸਕ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ ਤਾਂ ਜੋ ਸੰਘਣੀ ਆਬਾਦੀ 'ਚ ਕੋਰੋਨਾ ਦੇ ਸਮੂਹ 'ਚ ਫੈਲਾਅ ਨੂੰ ਰੋਕਿਆ ਜਾ ਸਕੇ।
ਇਹ ਵੀ ਪੜ੍ਹੋ : ਅਕਾਲੀ ਦਲ (ਟਕਸਾਲੀ) ਲੜੇਗੀ SGPC ਚੋਣਾਂ, ਰਣਜੀਤ ਸਿੰਘ ਬ੍ਰਹਮਪੁਰਾ ਨੇ ਕੀਤਾ ਐਲਾਨ
 


Babita

Content Editor

Related News