ਸਿੱਧੂ ਦੇ ਪੰਜਾਬ ਪੁਲਸ ਵਾਲੇ ਬਿਆਨ ’ਤੇ ਹੁਣ ਬਟਾਲਾ ਦੇ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਚੁੱਕਿਆ ਝੰਡਾ
Monday, Dec 27, 2021 - 06:20 PM (IST)
ਬਟਾਲਾ (ਮਠਾਰੂ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਕਾਂਗਰਸ ਦੀਆਂ ਰੈਲੀਆਂ ਦੌਰਾਨ ਸਟੇਜ ਤੋਂ ਵਰਤੀ ਜਾ ਰਹੀ ਭੱਦੀ ਤੇ ਮਾੜੀ ਸ਼ਬਦਾਵਲੀ ਦੇ ਖਿਲਾਫ ਕਾਂਗਰਸ ਪਾਰਟੀ ਦੇ ਸੀਨੀਅਰ ਆਗੂਆਂ ਅਤੇ ਵਰਕਰਾਂ ਵੱਲੋਂ ਵੀ ਸਖ਼ਤ ਨਿਖੇਧੀ ਕਰਦਿਆਂ ਸਿੱਧੂ ਦੇ ਖਿਲਾਫ ਝੰਡਾ ਚੁੱਕ ਲਿਆ ਗਿਆ ਹੈ। ਅੱਜ ਨਗਰ ਨਿਗਮ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਸੁੱਖ ਤੇਜਾ, ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਕਸਤੂਰੀ ਲਾਲ ਸੇਠ, ਨਿਗਮ ਦੇ ਸੀਨੀਅਰ ਡਿਪਟੀ ਮੇਅਰ ਸੁਨੀਲ ਸ਼ਰੀਨ, ਡਿਪਟੀ ਮੇਅਰ ਚੰਦਰ ਕਾਂਤਾ, ਯੂਥ ਕਾਂਗਰਸ ਦੇ ਪ੍ਰਧਾਨ ਤੇ ਕੌਂਸਲਰ ਪ੍ਰਭਜੋਤ ਸਿੰਘ ਚੱਠਾ ਸਮੇਤ ਤਕਰੀਬੜ 30 ਸੀਨੀਅਰ ਕਾਂਗਰਸੀ ਕੌਂਸਲਰਾਂ ਅਤੇ ਪਾਰਟੀ ਦੇ ਹੋਰ ਅਹੁਦੇਦਾਰਾਂ ਵੱਲੋਂ ਮੀਟਿੰਗ ਕਰਕੇ ਜਿਥੇ ਪ੍ਰਧਾਨ ਨਵਜੋਤ ਸਿੱਧੂ ਵੱਲੋਂ ਬੀਤੇ ਦਿਨ ਆਪਣੀ ਬਟਾਲਾ ਫੇਰੀ ਦੌਰਾਨ ਸਟੇਜ ਤੋਂ ਵਰਤੀ ਗਈ ਮਾੜੀ ਸ਼ਬਦਾਵਲੀ ਦੀ ਸਖਤ ਨਿੰਦਾ ਕੀਤੀ ਗਈ, ਉਥੇ ਨਾਲ ਹੀ ਸਿੱਧੂ ਵੱਲੋਂ ਪੰਜਾਬ ਪੁਲਸ ਦੇ ਜਵਾਨਾਂ ਖ਼ਿਲਾਫ਼ ਵਰਤੀ ਜਾ ਰਹੀ ਮਾੜੀ ਸ਼ਬਦਾਵਲੀ ਦੀ ਵੀ ਨਿਖੇਧੀ ਕੀਤੀ ਗਈ। ਉਕਤ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਸਿੱਧੂ ਵੱਲੋਂ ਬਟਾਲਾ ਦੀ ਸਟੇਜ ਤੋਂ ਜੋ ਮਾੜੀ ਸ਼ਬਦਾਵਲੀ ਵਰਤੀ ਗਈ ਹੈ, ਉਸ ਨਾਲ ਸਮੁੱਚੇ ਹੀ ਕਾਂਗਰਸੀਆਂ ਦਾ ਸਿਰ ਸ਼ਰਮ ਨਾਲ ਝੁਕ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਧੂ ਵੱਲੋਂ ਸੂਬੇ ਦੀ ਚੰਨੀ ਸਰਕਾਰ ਦੀਆਂ ਪ੍ਰਾਪਤੀਆਂ ਅਤੇ ਆਉਣ ਵਾਲੇ ਸਮੇਂ ਵਿਚ ਕੀਤੇ ਜਾਣ ਵਾਲੇ ਵਿਕਾਸ ਦੇ ਕਾਰਜਾਂ ਦੀ ਗੱਲਬਾਤ ਕਰਨ ਦੀ ਬਜਾਏ ਕਾਂਗਰਸ ਸਰਕਾਰ ਵੱਲੋਂ ਕੀਤੇ ਜਾ ਰਹੇ ਚੰਗੇ ਕੰਮਾਂ ਦੀ ਨੁਕਤਾਚੀਨੀ ਕਰਦਿਆਂ ਕਾਂਗਰਸ ਪਾਰਟੀ ਦੀਆਂ ਨੀਤੀਆਂ ਅਤੇ ਸਿਧਾਂਤ ਦੇ ਵਿਰੁੱਧ ਚੱਲਿਆ ਜਾ ਰਿਹਾ ਹੈ।
ਕਾਂਗਰਸੀ ਨੇਤਾਵਾਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀ ਹਾਈਕਮਾਂਡ ਵੱਲੋਂ ਸਕਰੀਨਿੰਗ ਕਮੇਟੀਆਂ ਅਤੇ ਵਿਧਾਨ ਸਭਾ ਦੀਆਂ ਟਿਕਟਾਂ ਦੇਣ ਲਈ ਨਿਰਧਾਰਤ ਕੀਤੀਆਂ ਗਈਆਂ ਕਮੇਟੀਆਂ ਤੋਂ ਬਿਨਾਂ ਹੀ ਪ੍ਰਧਾਨ ਨਵਜੋਤ ਸਿੰਘ ਸਿੱਧੂ ਉਮੀਦਵਾਰਾਂ ਦੇ ਐਲਾਨ ਕਰ ਰਹੇ ਹਨ, ਜੋ ਪਾਰਟੀ ਦੀਆਂ ਨੀਤੀਆਂ ਦਾ ਸਿੱਧਾ-ਸਿੱਧਾ ਵਿਰੋਧ ਹੈ। ਉਨ੍ਹਾਂ ਕਿਹਾ ਕਿ ਸਿੱਧੂ ਸਿਰਫ ਤੇ ਸਿਰਫ ਆਪਣੀ ਸਿਫ਼ਤ ਕਰ ਰਹੇ ਹਨ, ਜਦਕਿ ਕਾਂਗਰਸ ਪਾਰਟੀ ਦੇ ਅੱਗੇ ਕੰਡੇ ਬੀਜ ਰਹੇ ਹਨ। ਇਸ ਨੂੰ ਕਾਂਗਰਸ ਦੇ ਮਿਹਨਤੀ ਅਤੇ ਈਮਾਨਦਾਰ ਬਹਾਦਰ ਆਗੂ ਤੇ ਵਰਕਰ ਕਿਸੇ ਵੀ ਸੂਰਤ ’ਚ ਬਰਦਾਸ਼ਤ ਨਹੀਂ ਕਰਨਗੇ। ਉਕਤ ਸੀਨੀਅਰ ਕਾਂਗਰਸੀ ਨੇਤਾਵਾਂ ਨੇ ਸਰਬਸੰਮਤੀ ਦੇ ਨਾਲ ਮਤਾ ਪਾਸ ਕਰਦਿਆਂ ਕਾਂਗਰਸੀ ਨੇਤਾ ਸੋਨੀਆ ਗਾਂਧੀ, ਪ੍ਰਧਾਨ ਰਾਹੁਲ ਗਾਂਧੀ, ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਇੰਚਾਰਜ ਹਰੀਸ਼ ਚੌਧਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਲਿਖਤੀ ਤੌਰ ’ਤੇ ਮਤਾ ਭੇਜ ਕੇ ਮੰਗ ਕੀਤੀ ਹੈ ਕਿ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੂੰ ਕਾਂਗਰਸ ਦੀ ਮਰਿਆਦਾ ਬਹਾਲ ਰੱਖਣ ਅਤੇ ਆਪਣੀ ਸ਼ਬਦਾਵਲੀ ’ਚ ਸੁਧਾਰ ਲਿਆਉਣ ਲਈ ਸਖ਼ਤ ਨਿਰਦੇਸ਼ ਜਾਰੀ ਕੀਤੇ ਜਾਣ, ਤਾਂ ਜੋ ਮੁੜ ਤੋਂ ਸੂਬੇ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਨੂੰ ਬਣਾ ਕੇ ਪੰਜਾਬ ਦੇ ਅੰਦਰ ਚੱਲ ਰਹੇ ਸਰਬਪੱਖੀ ਵਿਕਾਸ ਦੀ ਗਤੀ ਨੂੰ ਜਾਰੀ ਰੱਖਿਆ ਜਾ ਸਕੇ। ਇਸ ਮੌਕੇ ਜ਼ਿਲ੍ਹਾ ਸ਼ਿਕਾਇਤ ਨਿਵਾਰਣ ਕਮੇਟੀ ਦੇ ਮੈਂਬਰ ਗੁੱਡੂ ਸੇਠ, ਹਰਨੇਕ ਸਿੰਘ ਨੇਕੀ, ਸੁਖਦੇਵ ਸਿੰਘ ਬਾਜਵਾ, ਸੰਜੀਵ ਸ਼ਰਮਾ, ਕਸਤੂਰੀ ਲਾਲ ਕਾਲਾ, ਸੁੱਚਾ ਸਿੰਘ, ਪੱਪੂ ਕੰਡੀਲਾ, ਜਰਮਨ ਬਾਜਵਾ, ਦਵਿੰਦਰ ਸਿੰਘ, ਪਰਗਟ ਸਿੰਘ ਕਾਹਲੋਂ ਸਾਰੇ ਕਾਂਗਰਸੀ ਕੌਂਸਲਰ ਅਤੇ ਹੋਰ ਵੀ ਆਗੂ ਹਾਜ਼ਰ ਸਨ।