ਸੀਨੀਅਰ ਅਕਾਲੀ ਆਗੂ ਜਸਪਾਲ ਸਿੰਘ ਅਫੀਮ ਸਣੇ ਗ੍ਰਿ੍ਰਫਤਾਰ

Wednesday, Dec 05, 2018 - 11:54 AM (IST)

ਸੀਨੀਅਰ ਅਕਾਲੀ ਆਗੂ ਜਸਪਾਲ ਸਿੰਘ ਅਫੀਮ ਸਣੇ ਗ੍ਰਿ੍ਰਫਤਾਰ

ਜਲੰਧਰ (ਵਰੁਣ)— ਦਿੱਲੀ ਤੋਂ ਅਫੀਮ ਲੈ ਕੇ ਆ ਰਹੇ ਸੀਨੀਅਰ ਅਕਾਲੀ ਆਗੂ ਜਸਪਾਲ ਸਿੰਘ ਉਰਫ ਪਾਲ ਨੂੰ ਰੂਰਲ ਪੁਲਸ ਦੀ ਸੀ. ਆਈ. ਏ. ਸਟਾਫ-2 ਦੀ ਟੀਮ ਨੇ ਗ੍ਰਿਫਤਾਰ ਕੀਤਾ ਹੈ। ਜਸਪਾਲ ਸਿੰਘ ਤੋਂ 2 ਕਿਲੋ ਅਫੀਮ ਬਰਾਮਦ ਹੋਈ ਹੈ। ਜਸਪਾਲ ਸਿੰਘ (ਅਕਾਲੀ ਦਲ ਦਾ ਸੀਨੀਅਰ ਆਗੂ) ਲਾਂਬੜਾ ਦੇ ਪਿੰਡ ਬਾਦਸ਼ਾਹਪੁਰ ਦਾ ਸਰਪੰਚ ਵੀ ਰਹਿ ਚੁੱਕਾ ਹੈ। ਜਸਪਾਲ ਸਿੰਘ ਖਿਲਾਫ ਥਾਣਾ ਲਾਂਬੜਾ ਵਿਚ ਕੇਸ ਦਰਜ ਕਰਕੇ ਉਸ ਨੂੰ ਇਕ ਦਿਨ ਦੇ ਰਿਮਾਂਡ 'ਤੇ ਲਿਆ ਗਿਆ ਹੈ।

ਸੀ. ਆਈ. ਏ. ਸਟਾਫ-2 ਦੇ ਇੰਚਾਰਜ ਸ਼ਿਵ ਕੁਮਾਰ ਨੇ ਦੱਸਿਆ ਕਿ ਪੁਲਸ ਟੀਮ ਨੇ ਗੁਪਤ ਸੂਚਨਾ ਦੇ ਆਧਾਰ 'ਤੇ ਵੰਡਰਲੈਂਡ ਦੇ ਕੋਲ ਨਾਕਾਬੰਦੀ ਕੀਤੀ ਹੋਈ ਸੀ। ਇਸ ਦੌਰਾਨ ਜਸਪਾਲ ਸਿੰਘ ਉਰਫ ਪਾਲ ਪੁੱਤਰ ਹਰਭਜਨ ਸਿੰਘ ਵਾਸੀ ਬਾਦਸ਼ਾਹਪੁਰ ਦੀ ਕਰੇਟਾ ਗੱਡੀ ਰੋਕ ਕੇ ਤਲਾਸ਼ੀ ਲਈ ਗਈ ਤਾਂ ਅੰਦਰੋਂ 2 ਕਿਲੋ ਅਫੀਮ ਬਰਾਮਦ ਹੋਈ। ਪੁੱਛਗਿੱਛ 'ਚ ਜਸਪਾਲ ਨੇ ਦੱਸਿਆ ਕਿ ਉਹ ਦਿੱਲੀ ਤੋਂ ਅਜ਼ਹਰ ਮੀਆਂ ਤੋਂ ਅਫੀਮ ਖਰੀਦ ਕੇ ਲਿਆਇਆ ਸੀ। ਸ਼ਿਵ ਕੁਮਾਰ ਦਾ ਕਹਿਣਾ ਹੈ ਕਿ ਜਸਪਾਲ ਸਿੰਘ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਹ ਕਿਸ ਵਿਅਕਤੀ ਨੂੰ ਅਫੀਮ ਵੇਚਣ ਲਈ ਲਿਆਇਆ ਸੀ। 

ਦੱਸ ਦਈਏ ਕਿ ਜਸਪਾਲ ਸਿੰਘ ਬਾਦਸ਼ਾਹਪੁਰ 'ਚ ਸਰਪੰਚ ਰਹਿ ਚੁੱਕਾ ਹੈ। ਜਸਪਾਲ ਦੀ ਸਰਪੰਚੀ ਪੰਚਾਇਤਾਂ ਭੰਗ ਹੋਣ ਦੇ ਬਾਅਦ ਚਲੀ ਗਈ। ਉਹ ਸੀਨੀਅਰ ਅਕਾਲੀ ਲੀਡਰ ਵੀ ਸੀ ਜਦਕਿ ਹਲਕਾ ਕਰਤਾਰਪੁਰ 'ਚ ਜੋ ਵੀ ਵਿਧਾਇਕ ਹੁੰਦਾ ਸੀ ਉਹ ਜਸਪਾਲ ਸਿੰਘ ਦਾ ਕਾਫੀ ਕਰੀਬੀ ਹੁੰਦਾ ਸੀ। ਜਸਪਾਲ ਸਿੰਘ ਖਿਲਾਫ ਥਾਣਾ ਲਾਂਬੜਾ 'ਚ ਵੀ ਕੇਸ ਦਰਜ ਹੈ। ਧੋਖਾਧੜੀ ਦਾ ਇਕ ਕੇਸ  ਧਰਮਕੋਟ ਥਾਣੇ ਵਿਚ ਦਰਜ ਹੈ। ਇਕ ਦਿਨ ਦੇ ਰਿਮਾਂਡ 'ਤੇ ਲਏ ਗਏ ਜਸਪਾਲ ਸਿੰਘ ਤੋਂ  ਪੁੱਛਗਿੱਛ ਦੌਰਾਨ ਪਤਾ ਲੱਗੇਗਾ ਕਿ ਉਹ ਕਿੰਨੇ ਸਮੇਂ ਤੋਂ ਅਫੀਮ ਲਿਆ ਕੇ ਵੇਚ ਰਿਹਾ ਸੀ।


author

shivani attri

Content Editor

Related News