ਹਿਮਾਚਲ ਦਾ ਚੰਡੀਗੜ੍ਹ ਤੇ ਪੰਜਾਬ ਤੋਂ ਹਿੱਸਾ ਮੰਗਣਾ ਤਰਕਹੀਣ : ''ਆਪ''

04/20/2018 7:42:09 AM

ਚੰਡੀਗੜ੍ਹ (ਬਿਊਰੋ) - ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈ ਰਾਮ ਠਾਕੁਰ ਵਲੋਂ ਦਰਿਆਈ ਪਾਣੀਆਂ ਦੀ ਪੰਜਾਬ ਕੋਲੋਂ ਰਾਇਲਟੀ ਲੈਣ ਦੀ ਮੰਗ ਅਤੇ ਰਾਜਧਾਨੀ ਚੰਡੀਗੜ੍ਹ 'ਚ ਹਿਮਾਚਲ ਪ੍ਰਦੇਸ਼ ਦੀ 7.19 ਫ਼ੀਸਦੀ ਹਿੱਸੇਦਾਰੀ 'ਤੇ ਦਾਅਵੇ ਨੂੰ ਪੂਰੀ ਤਰ੍ਹਾਂ ਤਰਕਹੀਣ ਦੱਸਦਿਆਂ ਇਸ ਦਾ ਵਿਰੋਧ ਕੀਤਾ ਹੈ। 'ਆਪ' ਵਲੋਂ ਜਾਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ਪਾਰਟੀ ਵਿਧਾਇਕ ਕੁਲਤਾਰ ਸਿੰਘ ਸੰਧਵਾਂ, ਪ੍ਰੋ. ਬਲਜਿੰਦਰ ਕੌਰ, ਜੈ ਸਿੰਘ ਰੋੜੀ, ਅਮਰਜੀਤ ਸਿੰਘ ਸੰਦੋਆ, ਹਰਪਾਲ ਸਿੰਘ ਚੀਮਾ, ਪ੍ਰਿੰਸੀਪਲ ਬੁੱਧਰਾਮ, ਮੀਤ ਹੇਅਰ ਅਤੇ ਮੁੱਖ ਬੁਲਾਰੇ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਰਾਜਧਾਨੀ ਚੰਡੀਗੜ੍ਹ 'ਚ ਹਿਮਾਚਲ ਪ੍ਰਦੇਸ਼ ਦੀ ਹਿੱਸੇਦਾਰੀ ਬਾਰੇ ਮੁੱਖ ਮੰਤਰੀ ਜੈ ਰਾਮ ਠਾਕੁਰ ਦਾ ਦਾਅਵਾ ਬਿਲਕੁੱਲ ਗੈਰ-ਜ਼ਿੰਮੇਵਾਰਾਨਾ ਹੈ। ਜੈ ਰਾਮ ਠਾਕੁਰ ਵਲੋਂ ਅਜਿਹਾ ਬਿਆਨ ਦੇਣ ਪਿੱਛੇ ਹਿਮਾਚਲ ਪ੍ਰਦੇਸ਼ ਦੇ ਲੋਕਾਂ ਨੂੰ ਗੁੰਮਰਾਹ ਕਰ ਕੇ ਫੋਕੀ ਵਾਹ-ਵਾਹ ਹਾਸਲ ਕਰਨ ਦੀ ਮਨਸ਼ਾ ਸਾਫ਼ ਝਲਕਦੀ ਹੈ।
'ਆਪ' ਆਗੂਆਂ ਨੇ ਕਿਹਾ ਕਿ ਉਹ ਮੁੱਖ ਮੰਤਰੀ ਹਿਮਾਚਲ ਪ੍ਰਦੇਸ਼ ਸਮੇਤ ਹੋਰ ਕਥਿਤ ਦਾਅਵੇਦਾਰਾਂ ਨੂੰ ਸਪੱਸ਼ਟ ਕਰਨਾ ਚਾਹੁੰਦੇ ਹਨ ਕਿ ਪੰਜਾਬ ਦੇ ਕਰੀਬ 32 ਪੰਜਾਬੀ ਭਾਸ਼ਾਈ ਪਿੰਡ ਉਜਾੜ ਕੇ ਚੰਡੀਗੜ੍ਹ ਦੀ ਉਸਾਰੀ ਪੰਜਾਬ ਦੀ ਰਾਜਧਾਨੀ ਲਈ ਕੀਤੀ ਗਈ ਸੀ, ਇਸ ਲਈ ਹਿਮਾਚਲ ਪ੍ਰਦੇਸ਼ ਦਾ ਚੰਡੀਗੜ੍ਹ 'ਤੇ ਨਾ ਨੈਤਿਕ ਅਤੇ ਨਾ ਹੀ ਕਾਨੂੰਨੀ ਹੱਕ ਬਣਦਾ ਹੈ।


Related News