ਪੰਜਾਬ ਪੁਲਸ ਵਲੋਂ ਝੋਨੇ ਦੇ ਬੀਜ ਘੁਟਾਲੇ ''ਚ ਸ਼ਾਮਲ ਇਕ ਹੋਰ ਸ਼ੱਕੀ ਗ੍ਰਿਫਤਾਰ

Wednesday, Jun 03, 2020 - 11:06 PM (IST)

ਪੰਜਾਬ ਪੁਲਸ ਵਲੋਂ ਝੋਨੇ ਦੇ ਬੀਜ ਘੁਟਾਲੇ ''ਚ ਸ਼ਾਮਲ ਇਕ ਹੋਰ ਸ਼ੱਕੀ ਗ੍ਰਿਫਤਾਰ

ਲੁਧਿਆਣਾ: ਝੋਨੇ ਦੇ ਬੀਜ ਘੁਟਾਲੇ 'ਚ ਸ਼ਾਮਲ ਵਿਅਕਤੀਆਂ ਤੇ ਵੱਡੇ ਪੱਧਰ 'ਤੇ ਕਾਰਵਾਈ ਕਰਦਿਆਂ ਪੰਜਾਬ ਪੁਲਸ ਨੇ ਬੁੱਧਵਾਰ ਨੂੰ ਇਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਹੁਣ ਤੱਕ ਇਸ ਮਾਮਲੇ ਨਾਲ ਸਬੰਧਤ ਤਿੰਨ ਵਿਅਕਤੀ ਪੁਲਸ ਹਿਰਾਸਤ 'ਚ ਹਨ। ਡੇਰਾ ਬਾਬਾ ਨਾਨਕ ਬਟਾਲਾ ਦੇ ਕਰਨਾਲ ਐਗਰੀ ਸੀਡਜ਼ ਦੇ ਮਾਲਕ ਲਖਵਿੰਦਰ ਸਿੰਘ ਉਰਫ ਲੱਕੀ ਢਿੱਲੋਂ ਨੂੰ ਬੀਤੇ ਦਿਨੀਂ ਡੀ.ਜੀ.ਪੀ ਦਿਨਕਰ ਗੁਪਤਾ ਦੁਆਰਾ ਗਠਿਤ ਰਾਜ ਪੱਧਰੀ ਵਿਸ਼ੇਸ਼ ਜਾਂਚ ਟੀਮ (ਐਸ.ਆਈ.ਟੀ.) ਨੇ ਬੀਜ ਘੁਟਾਲੇ ਦੀ ਤਹਿ ਤੱਕ ਜਾਣ ਲਈ ਗ੍ਰਿਫ਼ਤਾਰ ਕੀਤਾ ਸੀ। ਜਿਸ ਵਿੱਚ ਝੋਨੇ ਦੀਆਂ ਨਵੀਆਂ ਕਿਸਮਾਂ ਦੇ ਗੈਰ ਪ੍ਰਮਾਣਿਤ ਬੀਜ ਜੋ ਪੀ.ਏ.ਯੂ. ਲੁਧਿਆਣਾ ਦੁਆਰਾ ਟੈਸਟ ਕੀਤੇ / ਉਗਾਏ ਜਾ ਰਹੇ ਹਨ, ਕਥਿਤ ਤੌਰ 'ਤੇ ਵੇਚੇ ਜਾ ਰਹੇ ਸਨ।  
ਗੁਪਤਾ ਨੇ ਖੁਲਾਸਾ ਕੀਤਾ ਕਿ ਲੱਕੀ ਢਿੱਲੋਂ ਨੇ ਕੁਝ ਕਿਸਾਨਾਂ ਤੋਂ ਅਣਅਧਿਕਾਰਤ ਤੌਰ 'ਤੇ ਪੀ.ਆਰ-128 ਅਤੇ ਪੀ.ਆਰ -129 ਬੀਜ ਕਿਸਮਾਂ ਖਰੀਦੀਆਂ ਸਨ। ਜਿਨ੍ਹਾਂ ਨੂੰ ਪੀ.ਏ.ਯੂ. ਦੁਆਰਾ ਅਜ਼ਮਾਇਸ਼ ਦੇ ਅਧਾਰ 'ਤੇ ਬੀਜ ਦਿੱਤੇ ਗਏ ਸਨ। ਜਾਂਚ 'ਚ ਪਤਾ ਲੱਗਿਆ ਹੈ ਕਿ ਢਿੱਲੋਂ ਨੇ ਇਹ ਬੀਜ ਲੁਧਿਆਣਾ ਦੀ ਬਰਾੜ ਸੀਡਜ਼ ਕੰਪਨੀ ਨੂੰ ਸਪਲਾਈ ਕੀਤੇ ਸਨ। ਜਿਸਦਾ ਮਾਲਕ ਹਰਵਿੰਦਰ ਸਿੰਘ ਉਰਫ ਕਾਕਾ ਬਰਾੜ ਇਸ ਘੁਟਾਲੇ 'ਚ ਗ੍ਰਿਫ਼ਤਾਰ ਕੀਤਾ ਗਿਆ ਪਹਿਲਾ ਵਿਅਕਤੀ ਸੀ। ਇਸੇ ਦੌਰਾਨ ਬਰਾੜ ਅਤੇ ਦੂਸਰਾ ਦੋਸ਼ੀ ਬਲਜਿੰਦਰ ਸਿੰਘ ਉਰਫ ਬਾਲੀਆਂ, ਜਿਸ ਨੂੰ ਬੀਤੇ ਕੱਲ ਗ੍ਰਿਫਤਾਰ ਕੀਤਾ ਗਿਆ ਸੀ, ਨੂੰ ਹੋਰ ਦੋ ਦਿਨਾਂ ਦੇ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਡੀ.ਜੀ.ਪੀ. ਨੇ ਕਿਹਾ ਕਿ ਐਸ.ਆਈ.ਟੀ. ਨੇ ਅਦਾਲਤ ਤੋਂ ਰਿਮਾਂਡ ਦੀ ਮੰਗ ਕੀਤੀ ਹੈ। ਜਿਥੇ ਦੋਵਾਂ ਨੂੰ ਅੱਜ ਪੇਸ਼ ਕੀਤਾ ਗਿਆ ਸੀ ਤਾਂ ਜੋ ਇਸ ਕੇਸ ਦੀ ਹੋਰ ਜਾਂਚ ਕੀਤੀ ਜਾ ਸਕੇ ਅਤੇ ਘੁਟਾਲੇ ਵਿੱਚ ਸ਼ਾਮਲ ਹੋਰ ਦੋਸ਼ੀਆਂ ਦੀ ਪਛਾਣ ਕੀਤੀ ਜਾ ਸਕੇ।

ਜ਼ਿਕਰਯੋਗ ਹੈ ਕਿ ਬਲਜਿੰਦਰ ਸਿੰਘ ਪੀ.ਏ.ਯੂ ਦੁਆਰਾ ਬਣਾਈ ਗਈ ਫਾਰਮਰਜ਼ ਐਸੋਸੀਏਸ਼ਨ ਦਾ ਮੈਂਬਰ ਵੀ ਹੈ, ਜੋ ਕਿਸਾਨਾਂ ਨੂੰ ਨਵੇਂ ਬੀਜਾਂ ਅਤੇ ਤਕਨੀਕਾਂ ਬਾਰੇ ਜਾਣਕਾਰੀ ਦਿੰਦੀ ਹੈ। ਪੀਏਯੂ ਨੇ ਉਸਨੂੰ ਅਜਮਾਇਸ਼ ਦੇ ਅਧਾਰ 'ਤੇ ਨਤੀਜਿਆਂ ਦਾ ਮੁਲਾਂਕਣ ਕਰਨ ਲਈ ਪਿਛਲੇ ਸਾਲ ਝੋਨੇ ਦੇ ਬੀਜ ਦਾ ਨਵਾਂ ਵਿਕਸਤ ਪੀਆਰ 128 ਅਤੇ ਪੀਆਰ 129 ਬਿਜਾਈ ਲਈ ਦਿੱਤਾ ਸੀ ਪਰ ਉਸ ਨੇ ਬੀਜੀ ਫਸਲਾਂ ਦਾ ਵਾਧੂ ਉਤਪਾਦਨ ਬੀਜ ਤਿਆਰ ਕਰਨ ਲਈ ਇਸਤੇਮਾਲ ਕੀਤਾ ਅਤੇ ਉਸ ਬੀਜ ਨੂੰ ਬਿਨਾਂ ਕਿਸੇ ਅਧਿਕਾਰ ਤੋਂ ਅੱਗੇ ਵੇਚ ਦਿੱਤਾ। ਝੋਨੇ ਦਾ ਇਹ ਪਰਖ ਅਧੀਨ ਬੀਜ ਪੀਏਯੂ ਦੁਆਰਾ ਵਿਕਸਤ ਕੀਤਾ ਗਿਆ ਹੈ ਅਤੇ ਸੀਮਤ ਮਾਤਰਾ ਵਿੱਚ ਸਿੱਧੇ ਤੌਰ 'ਤੇ ਕਿਸਾਨਾਂ ਨੂੰ ਵੇਚਿਆ ਗਿਆ ਸੀ ਪਰ ਅਜੇ ਤੱਕ ਕਿਸੇ ਵੀ ਡੀਲਰ ਨੂੰ ਪੀਏਯੂ ਦੇ ਸਪੱਸ਼ਟ ਅਧਿਕਾਰ ਤੋਂ ਬਿਨਾਂ ਵਪਾਰਕ ਪੱਧਰ 'ਤੇ ਇਨਾਂ ਬੀਜਾਂ ਨੂੰ ਵੇਚਣ ਦਾ ਅਧਿਕਾਰ ਨਹੀਂ ਦਿੱਤਾ ਸੀ।


 


author

Deepak Kumar

Content Editor

Related News