ਆਜ਼ਾਦੀ ਦਿਹਾੜੇ ਮੌਕੇ ਜਲੰਧਰ 'ਚ ਸੁਰੱਖਿਆ ਸਖ਼ਤ, 2000 ਪੁਲਸ ਕਰਮਚਾਰੀ ਕਰਨਗੇ ਸ਼ਹਿਰ ਦੀ ਰਖਵਾਲੀ

08/13/2022 12:34:44 PM

ਜਲੰਧਰ (ਸੁਧੀਰ)– ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸ਼ਹਿਰ ਵਿਚ ਅਮਨ-ਸ਼ਾਂਤੀ ਅਤੇ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਪੂਰੀ ਤਰ੍ਹਾਂ ਕਮਰ ਕੱਸ ਲਈ ਹੈ। ‘ਜਗ ਬਾਣੀ’ ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਪੁਲਸ ਕਮਿਸ਼ਨਰ (ਸੀ. ਪੀ.) ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ 15 ਅਗਸਤ (ਆਜ਼ਾਦੀ ਦਿਹਾੜਾ) ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਨੂੰ ਸ਼ਹਿਰ ਵਿਚ ਚੌਕਸੀ ਵਰਤਣ ਦੇ ਹੁਕਮ ਦਿੱਤੇ ਗਏ ਹਨ।

ਇਕ ਸਵਾਲ ਦੇ ਜਵਾਬ ਵਿਚ ਸੀ. ਪੀ. ਸੰਧੂ ਨੇ ਦੱਸਿਆ ਕਿ 15 ਅਗਸਤ ਦੇ ਮੱਦੇਨਜ਼ਰ ਸ਼ਹਿਰ ਵਿਚ ਲਗਭਗ 2000 ਪੁਲਸ ਮੁਲਾਜ਼ਮਾਂ ਨੂੰ ਸੁਰੱਖਿਆ ਪ੍ਰਬੰਧਾਂ ਲਈ ਸ਼ਹਿਰ ਵਿਚ ਤਾਇਨਾਤ ਕੀਤਾ ਗਿਆ ਹੈ। ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀ ਵੀ ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਲਈ ਖ਼ੁਦ ਤਾਇਨਾਤ ਰਹਿਣਗੇ। ਉਨ੍ਹਾਂ ਦੱਸਿਆ ਕਿ 14 ਅਗਸਤ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਜਾਵੇਗਾ। ਬੰਬ ਨਿਰੋਧਕ ਦਸਤੇ ਅਤੇ ਡਾਗ ਸਕੁਐਡ ਵੱਲੋਂ ਸਟੇਡੀਅਮ ਅਤੇ ਉਸ ਦੇ ਆਲੇ-ਦੁਆਲੇ ਦੇ ਕਈ ਹਿੱਸਿਆਂ ਤੋਂ ਇਲਾਵਾ ਸ਼ਹਿਰ ਦੇ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਹੋਰ ਕਈ ਹਿੱਸਿਆਂ ਵਿਚ ਪੁਲਸ ਵੱਲੋਂ ਵਿਸ਼ੇਸ਼ ਰੂਪ ਵਿਚ ਸਰਚ ਮੁਹਿੰਮ ਚਲਾਈ ਜਾ ਰਹੀ ਹੈ।

ਇਹ ਵੀ ਪੜ੍ਹੋ: ਫਗਵਾੜਾ ’ਚ ਕਿਸਾਨਾਂ ਦੇ ਪੱਕੇ ਡੇਰੇ, ਜਲੰਧਰ-ਦਿੱਲੀ ਨੈਸ਼ਨਲ ਹਾਈਵੇਅ ਦੋਵੇਂ ਪਾਸਿਓਂ ਕੀਤਾ ਬੰਦ

PunjabKesari

ਸੀ. ਪੀ. ਸੰਧੂ ਨੇ ਦੱਸਿਆ ਕਿ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਦੀ ਅਗਵਾਈ ਵਿਚ ਸਟੇਡੀਅਮ ਦੇ ਚਾਰੇ-ਪਾਸੇ ਸ਼ੱਕੀ ਲੋਕਾਂ ’ਤੇ ਨਜ਼ਰ ਰੱਖਣ ਲਈ ਖ਼ੁਫ਼ੀਆ ਕੈਮਰੇ ਵੀ ਲੁਆਏ ਜਾ ਰਹੇ ਹਨ, ਜਿਨ੍ਹਾਂ ਦਾ ਕੰਟਰੋਲ ਰੂਮ ਵੀ ਸਟੇਡੀਅਮ ਵਿਚ ਸਥਾਪਤ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੰਟਰੋਲ ਰੂਮ ਵਿਚ ਬੈਠੇ ਮੁਲਾਜ਼ਮ ਸੀ. ਸੀ. ਟੀ. ਵੀ. ਕੈਮਰਿਆਂ ਜ਼ਰੀਏ ਸ਼ੱਕੀ ਲੋਕਾਂ ’ਤੇ ਵਿਸ਼ੇਸ਼ ਰੂਪ ਵਿਚ ਨਜ਼ਰ ਰੱਖਣਗੇ। ਸਟੇਡੀਅਮ ਦੇ ਆਲੇ-ਦੁਆਲੇ, ਰੇਲਵੇ ਸਟੇਸ਼ਨ, ਬੱਸ ਸਟੈਂਡ, ਸ਼ਹਿਰ ਦੇ ਅੰਦਰੂਨੀ ਬਾਜ਼ਾਰਾਂ ਅਤੇ ਕੁਝ ਹਿੱਸਿਆਂ ਵਿਚ ਸਿਵਲ ਕੱਪੜਿਆਂ ਵਿਚ ਵੀ ਮਰਦ ਅਤੇ ਔਰਤ ਪੁਲਸ ਮੁਲਾਜ਼ਮਾਂ ਨੂੰ ਵਿਸ਼ੇਸ਼ ਰੂਪ ਵਿਚ ਤਾਇਨਾਤ ਕੀਤਾ ਗਿਆ ਹੈ।

ਸੰਧੂ ਨੇ ਦੱਸਿਆ ਕਿ ਉਹ ਖ਼ੁਦ ਵੀ ਰੋਜ਼ਾਨਾ ਸ਼ਹਿਰ ਵਿਚ ਫੀਲਡ ਵਿਚ ਨਿਕਲ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈ ਰਹੇ ਹਨ। ਇਸ ਤੋਂ ਇਲਾਵਾ ਸ਼ਹਿਰ ਵਿਚ ਪੀ. ਸੀ. ਆਰ. ਦਸਤੇ ਨੂੰ ਵੀ 24 ਘੰਟੇ ਸ਼ਹਿਰ ਵਿਚ ਪੈਟਰੋਲਿੰਗ ਕਰਨ ਦੇ ਨਾਲ-ਨਾਲ ਸ਼ੱਕੀ ਲੋਕਾਂ ’ਤੇ ਨਜ਼ਰ ਰੱਖ ਕੇ ਉਨ੍ਹਾਂ ਦੀ ਨਕੇਲ ਕੱਸਣ ਦੇ ਨਿਰਦੇਸ਼ ਦਿੱਤੇ ਗਏ ਹਨ। ਵਰਣਨਯੋਗ ਹੈ ਕਿ ਡੀ. ਜੀ. ਪੀ. ਗੌਰਵ ਯਾਦਵ ਨੇ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸਾਰੇ ਪੁਲਸ ਕਮਿਸ਼ਨਰਾਂ ਅਤੇ ਐੱਸ. ਐੱਸ. ਪੀਜ਼ ਨੂੰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ ਦੇ ਹੁਕਮ ਜਾਰੀ ਕੀਤੇ ਸਨ, ਜਿਸ ਦੇ ਮੱਦੇਨਜ਼ਰ ਬੀਤੇ ਦਿਨੀਂ ਏ. ਡੀ. ਜੀ. ਪੀ. ਅਰਪਿਤ ਸ਼ੁਕਲਾ ਨੇ ਡੀ. ਜੀ. ਪੀ. ਗੌਰਵ ਯਾਦਵ ਦੇ ਨਿਰਦੇਸ਼ਾਂ ’ਤੇ ਜਲੰਧਰ ਦਾ ਦੌਰਾ ਕਰਕੇ ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨਾਲ ਮੀਟਿੰਗ ਦੌਰਾਨ ਉਨ੍ਹਾਂ ਨੂੰ ਸ਼ਹਿਰ ਵਿਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕਰਨ, ਸ਼ੱਕੀ ਲੋਕਾਂ ਅਤੇ ਮੁਜਰਿਮਾਂ ਦੀ ਨਕੇਲ ਕੱਸਣ ਦੇ ਨਿਰਦੇਸ਼ ਦਿੱਤੇ ਸਨ। ਸੰਧੂ ਅਤੇ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸ਼ਹਿਰ ਵਿਚ ਲਾਅ ਐਂਡ ਆਰਡਰ ਨੂੰ ਹਰ ਹਾਲ ਵਿਚ ਕਾਇਮ ਰੱਖਿਆ ਜਾਵੇਗਾ ਅਤੇ ਕਾਨੂੰਨ ਦਾ ਉਲੰਘਣ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।

ਇਹ ਵੀ ਪੜ੍ਹੋ: ਜਲੰਧਰ: ਯੂਕੋ ਬੈਂਕ ਲੁੱਟ ਕਾਂਡ ਦੇ ਮਾਮਲੇ 'ਚ ਵੱਡਾ ਖ਼ੁਲਾਸਾ, ਪਾਕਿ ’ਚ ਬੈਠੇ ਗੈਂਗਸਟਰ ਰਿੰਦਾ ਦੇ ਸਾਥੀ ਨੇ ਇੰਝ ਰਚੀ ਸੀ ਸਾਜ਼ਿਸ਼

45 ਥਾਵਾਂ ’ਤੇ ਸ਼ਹਿਰ 'ਚ ਹੋਵੇਗੀ ਵਿਸ਼ੇਸ਼ ਨਾਕਾਬੰਦੀ, ਅਚਾਨਕ ਚੈਕਿੰਗ ਲਈ ਖ਼ੁਦ ਨਿਕਲਾਂਗਾ ਫੀਲਡ ’ਚ

ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਸ਼ਹਿਰ ਵਿਚ ਸੁਰੱਖਿਆ ਨੂੰ ਹੋਰ ਮਜ਼ਬੂਤ ਕਰ ਦਿੱਤਾ ਗਿਆ ਹੈ। ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਉਨ੍ਹਾਂ ਆਪਣੀਆਂ-ਆਪਣੀਆਂ ਸਬ-ਡਿਵੀਜ਼ਨਾਂ ਵਿਚ ਨਾਕਾਬੰਦੀ ਕਰਵਾ ਦਿੱਤੀ ਹੈ। ਕਮਿਸ਼ਨਰੇਟ ਪੁਲਸ ਦੇ ਸਾਰੇ ਅਧਿਕਾਰੀ ਆਪਣੀਆਂ-ਆਪਣੀਆਂ ਸਬ-ਡਿਵੀਜ਼ਨਾਂ ਵਿਚ ਰੋਜ਼ਾਨਾ ਲੋਕੇਸ਼ਨ ਬਦਲ-ਬਦਲ ਕੇ ਲਗਭਗ 45 ਥਾਵਾਂ ’ਤੇ ਨਾਕਾਬੰਦੀ ਕਰਨਗੇ। ਨਿਯਮਾਂ ਦਾ ਉਲੰਘਣ ਕਰਨ ਵਾਲੇ ਵਾਹਨ ਚਾਲਕਾਂ ’ਤੇ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹ ਖ਼ੁਦ ਦਿਨ-ਰਾਤ ਸ਼ਹਿਰ ਵਿਚ ਅਚਾਨਕ ਚੈਕਿੰਗ ਲਈ ਨਿਕਲ ਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲੈਣਗੇ। ਜੇਕਰ ਡਿਊਟੀ ਵਿਚ ਕੋਈ ਲਾਪਰਵਾਹੀ ਵਰਤਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

ਨਾਈਟ ਡੋਮੀਨੇਸ਼ਨ ਹੋਵੇਗੀ ਹੋਰ ਮਜ਼ਬੂਤ, ਐਂਟਰੀ ਪੁਆਇੰਟਸ ਹੋਣਗੇ ਸੀਲ

ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ 15 ਅਗਸਤ ਦੇ ਮੱਦੇਨਜ਼ਰ ਨਾਈਟ ਡੋਮੀਨੇਸ਼ਨ ਨੂੰ ਹੋਰ ਮਜ਼ਬੂਤ ਕੀਤਾ ਜਾਵੇਗਾ। ਸ਼ਹਿਰ ਦੇ ਸਾਰੇ ਐਂਟਰੀ ਪੁਆਇੰਟਸ ਨੂੰ ਵਿਸ਼ੇਸ਼ ਰੂਪ ਵਿਚ ਸੀਲ ਕੀਤਾ ਜਾ ਰਿਹਾ ਹੈ। ਸਾਰੇ ਅਧਿਕਾਰੀਆਂ ਨੂੰ ਰਾਤ ਸਮੇਂ ਦੂਜੇ ਸੂਬਿਆਂ ਤੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਚੈਕਿੰਗ ਕਰਨ ਤੋਂ ਬਾਅਦ ਹੀ ਸ਼ਹਿਰ ਵਿਚ ਐਂਟਰ ਹੋਣ ਦੀ ਇਜਾਜ਼ਤ ਦੇਣ ਦੇ ਹੁਕਮ ਦਿੱਤੇ ਗਏ ਹਨ।

PunjabKesari

ਅਸਲਾਧਾਰਕਾਂ ਨੂੰ ਅਸਲਾ ਜਮ੍ਹਾ ਕਰਵਾਉਣ ਦੇ ਦਿੱਤੇ ਨਿਰਦੇਸ਼

ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਸ੍ਰੀ ਗੁਰੂ ਗੋਬਿੰਦ ਸਿੰਘ ਸਟੇਡੀਅਮ ਦੇ ਆਲੇ-ਦੁਆਲੇ ਰਹਿਣ ਵਾਲੇ ਅਸਲਾਧਾਰਕਾਂ ਦੇ ਅਸਲੇ ਦੀ ਲਿਸਟ ਵੀ ਤਿਆਰ ਕਰ ਰਹੀ ਹੈ। ਇਨ੍ਹਾਂ ਸਾਰੇ ਅਸਲਾਧਾਰਕਾਂ ਨੂੰ ਆਪਣਾ ਅਸਲਾ ਥਾਣਿਆਂ ਵਿਚ ਜਮ੍ਹਾ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਤੋਂ ਇਲਾਵਾ ਸਟੇਡੀਅਮ ਦੇ ਆਲੇ-ਦੁਆਲੇ ਰਹਿਣ ਵਾਲੇ ਸਾਰੇ ਕਿਰਾਏਦਾਰਾਂ ਅਤੇ ਪੀ. ਜੀਜ਼ ਵਿਚ ਰਹਿਣ ਵਾਲੇ ਲੋਕਾਂ ਦੀ ਵੀ ਪੁਲਸ ਵੈਰੀਫਿਕੇਸ਼ਨ ਜਾਰੀ ਹੈ।

ਹੋਟਲ ਅਤੇ ਗੈਸਟ ਹਾਊਸ ਮਾਲਕਾਂ ਨੂੰ ਬਿਨਾਂ ਆਈ. ਡੀ. ਪਰੂਫ਼ ਦੇ ਕਮਰਾ ਨਾ ਦੇਣ ਦੇ ਹੁਕਮ

ਪੁਲਸ ਕਮਿਸ਼ਨਰ ਗੁਰਸ਼ਰਨ ਸਿੰਘ ਸੰਧੂ ਅਤੇ ਡੀ. ਸੀ. ਪੀ. ਇਨਵੈਸਟੀਗੇਸ਼ਨ ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ ਸੁਰੱਖਿਆ ਦੇ ਮੱਦੇਨਜ਼ਰ ਕਮਿਸ਼ਨਰੇਟ ਪੁਲਸ ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਸ਼ਹਿਰ ਦੇ ਕੁਝ ਹੋਰ ਹਿੱਸਿਆਂ ਵਿਚ ਗੈਸਟ ਹਾਊਸਾਂ ਅਤੇ ਹੋਟਲਾਂ ਦਾ ਰਿਕਾਰਡ ਵੀ ਚੈੱਕ ਕਰ ਰਹੀ ਹੈ। ਉਨ੍ਹਾਂ ਸਾਰੇ ਹੋਟਲਾਂ ਅਤੇ ਗੈਸਟ ਹਾਊਸਾਂ ਦੇ ਮਾਲਕਾਂ ਨੂੰ ਉਥੇ ਠਹਿਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਿਨਾਂ ਆਈ. ਡੀ. ਪਰੂਫ਼ ਦੇ ਕਮਰਾ ਨਾ ਦੇਣ ਦੇ ਹੁਕਮ ਜਾਰੀ ਕੀਤੇ ਹਨ। ਡੀ. ਸੀ. ਪੀ. ਤੇਜਾ ਨੇ ਦੱਸਿਆ ਕਿ ਸਾਰੇ ਹੋਟਲਾਂ ਤੇ ਗੈਸਟ ਹਾਊਸਾਂ ਦੇ ਮਾਲਕਾਂ ਨੂੰ ਦੂਜੇ ਸੂਬਿਆਂ ਤੋਂ ਆਉਣ ਵਾਲੇ ਸ਼ੱਕੀ ਲੋਕਾਂ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ ਅਤੇ ਸਬੰਧਤ ਥਾਣੇ ਦੀ ਪੁਲਸ ਨੂੰ ਦੇਣ ਦੇ ਵੀ ਹੁਕਮ ਜਾਰੀ ਕੀਤੇ ਹਨ।
ਉਨ੍ਹਾਂ ਦੱਸਿਆ ਕਿ ਸਾਰਿਆਂ ਨੂੰ ਸੀ. ਸੀ. ਟੀ. ਵੀ. ਕੈਮਰੇ ਅਤੇ ਉਨ੍ਹਾਂ ਦਾ ਨਾਈਟ ਵਿਜ਼ਨ ਠੀਕ ਰੱਖਣ, ਹੋਟਲਾਂ ਅਤੇ ਗੈਸਟ ਹਾਊਸਾਂ ਦੇ ਐਂਟਰੀ ਗੇਟਸ ਅਤੇ ਲਿਫਟਸ ਵਿਚ ਕੈਮਰਿਆਂ ਦੀ ਵਿਜ਼ੀਬਿਲਿਟੀ ਬਿਲਕੁਲ ਠੀਕ ਰੱਖਣੀ ਅਤੇ 15 ਦਿਨਾਂ ਦੀ ਰਿਕਾਰਡਿੰਗ ਰੱਖਣੀ ਹੋਵੇਗੀ। ਡੀ. ਸੀ. ਪੀ. ਤੇਜਾ ਨੇ ਦੱਸਿਆ ਕਿ ਸ਼ਹਿਰ ਦੇ ਸਾਰੇ ਪਾਰਕਿੰਗ ਠੇਕੇਦਾਰਾਂ ਨੂੰ ਵੀ ਕੈਮਰਿਆਂ ਦੀ ਰਿਕਾਰਡਿੰਗ ਰੱਖਣ ਅਤੇ ਬਿਨਾਂ ਨੰਬਰ ਦੇ ਕੋਈ ਵੀ ਵਾਹਨ ਨਾ ਖੜ੍ਹਾ ਕਰਨ ਦੇ ਹੁਕਮ ਦਿੱਤੇ ਹਨ। 15 ਦਿਨਾਂ ਤੋਂ ਵੱਧ ਜੇਕਰ ਕੋਈ ਵੀ ਵਾਹਨ ਪਾਰਕਿੰਗ ਵਿਚ ਖੜ੍ਹਾ ਕਰਦਾ ਹੈ ਤਾਂ ਪਾਰਕਿੰਗ ਠੇਕੇਦਾਰ ਉਸ ਦੀ ਸੂਚਨਾ ਤੁਰੰਤ ਪੁਲਸ ਕੰਟਰੋਲ ਰੂਮ ਅਤੇ ਸਬੰਧਤ ਥਾਣੇ ਦੀ ਪੁਲਸ ਨੂੰ ਦੇਵੇਗਾ।

ਇਹ ਵੀ ਪੜ੍ਹੋ: CM ਮਾਨ ਦਾ ਰੱਖੜ ਪੁੰਨਿਆ ਮੌਕੇ ਔਰਤਾਂ ਨੂੰ ਵੱਡਾ ਤੋਹਫ਼ਾ, ਆਂਗਨਵਾੜੀ ’ਚ 6 ਹਜ਼ਾਰ ਭਰਤੀਆਂ ਦਾ ਕੀਤਾ ਐਲਾਨ

ਟਰੈਫਿਕ ਰੂਟ ਹੋਵੇਗਾ ਡਾਇਵਰਟ

ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਦੱਸਿਆ ਕਿ 15 ਅਗਸਤ ਦੇ ਮੱਦੇਨਜ਼ਰ ਸਟੇਡੀਅਮ ਵਿਚ ਹੋਣ ਵਾਲੇ ਪ੍ਰੋਗਰਾਮ ਦੌਰਾਨ ਅਤੇ ਸ਼ਹਿਰ ਵਿਚ ਸੁਰੱਖਿਆ ਪ੍ਰਬੰਧਾਂ ਕਰਕੇ ਸਾਰਾ ਟਰੈਫਿਕ ਡਾਇਵਰਟ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਟਰੈਫਿਕ ਪੁਲਸ ਦੇ ਅਧਿਕਾਰੀਆਂ ਨਾਲ ਵਿਸ਼ੇਸ਼ ਮੀਟਿੰਗ ਕਰਕੇ ਟਰੈਫਿਕ ਰੂਟ ਤਿਆਰ ਕੀਤਾ ਗਿਆ ਹੈ ਤਾਂਕਿ ਸ਼ਹਿਰ ਵਾਸੀਆਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ।

ਯੂਕੋ ਬੈਂਕ ਡਕੈਤੀ ਟਰੇਸ ਕਰਨ ਵਾਲੇ ਬਹਾਦਰ ਅਧਿਕਾਰੀ ਡੀ. ਸੀ. ਪੀ. ਤੇਜਾ ਨੂੰ ਬੋਲੇ ਸੀ. ਪੀ.-ਵੈੱਲਡਨ ਤੇਜਾ, ਕਮਾਲ ਕਰ ਦਿੱਤਾ

ਕਮਿਸ਼ਨਰੇਟ ਪੁਲਸ ਵਿਚ ਡੀ. ਸੀ. ਪੀ. ਇਨਵੈਸਟੀਗੇਸ਼ਨ ਦਾ ਚਾਰਜ ਸੰਭਾਲਣ, ਲਗਭਗ 300 ਤੋਂ ਵੱਧ ਨਸ਼ਾ ਸਮੱਗਲਰਾਂ ਅਤੇ ਕਈ ਮੁਲਜ਼ਮ ਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਪਹੁੰਚਾਉਣ ਅਤੇ ਪੰਜਾਬ ਦੇ ਕਈ ਸ਼ਹਿਰਾਂ ਤੋਂ ਬਾਅਦ ਜਲੰਧਰ ਵਿਚ ਵੀ ਵਧੀਆ ਕਾਰਗੁਜ਼ਾਰੀ ਨਿਭਾਉਣ ਵਾਲੇ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਯੂਕੋ ਬੈਂਕ ਡਕੈਤੀ ਟਰੇਸ ਕਰਕੇ ਕਮਿਸ਼ਨਰੇਟ ਪੁਲਸ ਦਾ ਨਾਂ ਇਕ ਵਾਰ ਫਿਰ ਉੱਚਾ ਕਰ ਦਿੱਤਾ ਹੈ। ਲਗਭਗ ਇਕ ਹਫ਼ਤਾ ਪਹਿਲਾਂ ਸਥਾਨਕ ਇੰਡਸਟਰੀਅਲ ਏਰੀਆ ਸਥਿਤ ਯੂਕੋ ਬੈਂਕ ਦੀ ਬ੍ਰਾਂਚ ਵਿਚ ਬੇਖ਼ੌਫ਼ ਲੁਟੇਰੇ ਗੰਨ ਪੁਆਇੰਟ ’ਤੇ ਲੱਖਾਂ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਕੇ ਐਕਟਿਵਾ ’ਤੇ ਫ਼ਰਾਰ ਹੋ ਗਏ ਸਨ, ਜਿਸ ਤੋਂ ਬਾਅਦ ਡੀ. ਸੀ. ਪੀ. ਜਸਕਿਰਨਜੀਤ ਸਿੰਘ ਤੇਜਾ ਨੇ ਲਗਭਗ ਇਕ ਹਫਤੇ ਦੀ ਸਖ਼ਤ ਮਿਹਨਤ ਤੋਂ ਬਾਅਦ ਰਾਤ-ਦਿਨ ਜਾਗ ਕੇ ਲਗਭਗ 700 ਕੈਮਰਿਆਂ ਦੀ ਸੀ. ਸੀ. ਟੀ. ਵੀ. ਫੁਟੇਜ ਕਢਵਾ ਕੇ ਇਸ ਬੈਂਕ ਡਕੈਤੀ ਨੂੰ ਟਰੇਸ ਕਰਦਿਆਂ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਕੋਲੋਂ ਲੁੱਟ ਦੀ ਨਕਦੀ ਅਤੇ ਵਾਰਦਾਤ ਵਿਚ ਵਰਤਿਆ ਹਥਿਆਰ ਤੇ ਐਕਟਿਵਾ ਬਰਾਮਦ ਕਰ ਲਈ ਹੈ। ਡੀ. ਸੀ. ਪੀ. ਤੇਜਾ ਦੀ ਮਿਹਨਤ ਵੇਖ ਕੇ ਸੀ. ਪੀ. ਗੁਰਸ਼ਰਨ ਸਿੰਘ ਸੰਧੂ ਨੇ ਤੇਜਾ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ-ਵੈੱਲਡਨ ਤੇਜਾ ਕਮਾਲ ਕਰ ਦਿੱਤਾ, ਕਮਿਸ਼ਨਰੇਟ ਪੁਲਸ ਨੂੰ ਮਾਣ ਹੈ ਤੇਰੇ ’ਤੇ।

ਇਹ ਵੀ ਪੜ੍ਹੋ: ਕਪੂਰਥਲਾ 'ਚ ਡੂੰਘੇ ਨਾਲੇ 'ਚ ਡਿੱਗੇ ਬੱਚੇ ਦਾ ਨਹੀਂ ਮਿਲਿਆ ਕੋਈ ਸੁਰਾਗ, NDRF ਸਣੇ ਭਾਲ 'ਚ ਲੱਗੀਆਂ ਕਈ ਟੀਮਾਂ

ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


shivani attri

Content Editor

Related News