ਬਿਨਾਂ ਸੁਰੱਖਿਆ ਗਾਰਡ ਚੱਲ ਰਹੇ ਬੈਂਕ ਤੇ ਏ. ਟੀ. ਐੱਮ.
Friday, Jul 05, 2019 - 07:06 PM (IST)

ਕਪੂਰਥਲਾ,(ਮਹਾਜਨ) : ਸ਼ਹਿਰ ਦੇ ਜ਼ਿਆਦਾਤਰ ਬੈਂਕ ਤੇ ਏ. ਟੀ. ਐੱਮ. ਬਿਨਾਂ ਗਾਰਡ ਸੁਰੱਖਿਆ ਦੇ ਚੱਲ ਰਹੇ ਹਨ। ਜ਼ਿਲਾ ਪ੍ਰਸ਼ਾਸਨ ਤੇ ਪੁਲਸ ਵਿਭਾਗ ਵਲੋਂ ਸਮੇਂ-ਸਮੇਂ 'ਤੇ ਮੀਟਿੰਗ ਕਰ ਕੇ ਬੈਂਕਾਂ 'ਚ ਸੁਰੱਖਿਆ ਗਾਰਡ ਵਧਾਉਣ ਲਈ ਪ੍ਰੇਰਿਤ ਕੀਤਾ ਜਾਂਦਾ ਰਿਹਾ ਪਰ ਸ਼ਹਿਰ ਦੇ ਬਹੁਤ ਸਾਰੇ ਬੈਂਕ ਪ੍ਰਸ਼ਾਸਨ ਪੁਲਸ ਵਿਭਾਗ ਦੇ ਹੁਕਮਾਂ ਨੂੰ ਅਣਦੇਖਾ ਕਰ ਰਹੇ ਹਨ। ਉਹ ਕਿਸੇ ਵੱਡੀ ਘਟਨਾ ਦਾ ਇੰਤਜਾਰ ਕਰ ਰਹੇ ਹਨ।
ਜ਼ਿਕਰਯੋਗ ਹੈ ਕਿ ਜ਼ਿਲਾ ਕਪੂਰਥਲਾ 'ਚ ਏ. ਟੀ. ਐੱਮ. ਬੈਂਕਾਂ 'ਚ ਗਾਰਡ ਨਾ ਹੋਣ ਨਾਲ ਤਲਵੰਡੀ ਚੌਧਰੀਆਂ, ਰੇਲ ਕੋਚ ਫੈਕਟਰੀ 'ਚ ਲੱਖਾਂ ਰੁਪਏ ਦੀ ਡਕੈਤੀ ਹੋਈ ਸੀ, ਉਦੋਂ ਪੁਲਸ ਤੇ ਸਿਵਲ ਪ੍ਰਸ਼ਾਸਨ ਨੇ ਬੈਂਕਾਂ ਨੂੰ ਸੀ. ਸੀ. ਟੀ. ਵੀ. ਕੈਮਰੇ ਤੇ ਸਭ ਏ. ਟੀ. ਐੱਮ. ਤੇ ਬੈਂਕਾਂ 'ਚ ਸੁਰੱਖਿਆ ਗਾਰਡ ਵਧਾਉਣ ਲਈ ਪ੍ਰੇਰਿਤ ਕੀਤਾ ਗਿਆ। ਹੁਣ ਕੁਝ ਸਮਾਂ ਬੀਤ ਜਾਣ ਤੋਂ ਬਾਅਦ ਬੈਂਕ ਅਧਿਕਾਰੀ ਬੀਤੀਆਂ ਕਈ ਘਟਨਾਵਾਂ ਨੂੰ ਭੁੱਲ ਗਏ ਹਨ ਤੇ ਆਪਣੇ ਬੈਂਕਾਂ 'ਚ ਗਾਰਡ ਨੂੰ ਹਟਾ ਦਿੱਤਾ ਹੈ। ਸ਼ਹਿਰ ਦੇ ਜ਼ਿਆਦਾਤਰ ਬੈਂਕ ਦੇ ਉੱਚ ਅਧਿਕਾਰੀ ਗਾਰਡ ਦਾ ਖਰਚਾ ਬੋਝ ਸਮਝਦੇ ਹਨ ਪਰ ਇਹ ਨਹੀਂ ਸਮਝਦੇ ਕਿ ਇਹ ਗਾਰਡ ਹੀ ਉਨ੍ਹਾਂ ਦੀ ਜਾਨ ਮਾਲ ਦੀ ਸੁਰੱਖਿਆ ਕਰਦੇ ਹਨ।
ਪ੍ਰਸ਼ਾਸਨ ਤੇ ਪੁਲਸ ਵਿਭਾਗ ਦੇ ਹੁਕਮਾਂ ਦੀ ਬੈਂਕ ਕਰ ਰਹੇ ਹਨ ਉਲੰਘਣਾ
ਪ੍ਰਸ਼ਾਸਨ ਤੇ ਪੁਲਸ ਵਿਭਾਗ ਨੇ ਬੈਂਕਾਂ ਦੇ ਪ੍ਰਬੰਧਕਾਂ ਤੇ ਉੱਚ ਅਧਿਕਾਰੀਆਂ ਦੇ ਨਾਲ ਬੈਂਕਾਂ 'ਚ ਸੁਰੱਖਿਆ ਗਾਰਡ ਵਧਾਉਣ ਲਈ ਅਨੇਕਾਂ ਮੀਟਿੰਗਾਂ ਕੀਤੀਆਂ ਤੇ ਬੈਂਕਾਂ ਨੂੰ ਗਾਰਡ ਰੱਖਣ ਦੇ ਹੁਕਮ ਵੀ ਦਿੱਤੇ ਪਰ ਇਹ ਸਭ ਕੁਝ ਸਿਰਫ ਮੀਟਿੰਗਾਂ ਤੱਕ ਹੀ ਸੀਮਤ ਰਹਿ ਗਿਆ ਹੈ। ਸ਼ਹਿਰ ਦੇ ਜ਼ਿਆਦਾਤਰ ਬੈਂਕ ਪ੍ਰਸ਼ਾਸਨ ਤੇ ਪੁਲਸ ਵਿਭਾਗ ਦੇ ਹੁਕਮਾਂ ਦੀ ਕੋਈ ਪਰਵਾਹ ਨਹੀਂ ਕਰਦੇ। ਸ਼ਹਿਰ ਦੇ ਇਕ-ਦੋ ਬੈਂਕਾਂ ਨੇ ਆਪਣੀ ਬਹੁਤ ਸਾਰੀਆਂ ਬ੍ਰਾਂਚਾਂ 'ਚ ਬੈਂਕ ਗਾਰਡ ਕੱਢ ਦਿੱਤੇ ਹਨ। ਕੱਢਣ ਦੇ ਕਾਰਣ ਬਾਰੇ ਇਕ ਬੈਂਕ ਕਰਮਚਾਰੀ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ 'ਤੇ ਦੱਸਿਆ ਕਿ ਬੈਂਕਾਂ 'ਚ ਖਰਚੇ ਘੱਟ ਕਰ ਕੇ ਤੇਜ਼ ਕਰਨ ਦੇ ਕਾਰਣ ਗਾਰਡਾਂ ਨੂੰ ਹਟਾਇਆ ਗਿਆ ਹੈ, ਜਦਕਿ ਜੇਕਰ ਕੋਈ ਵੱਡੀ ਘਟਨਾ ਹੋ ਜਾਵੇ ਤਾਂ ਉਸ ਦਾ ਜਿੰਮੇਵਾਰ ਕੌਣ ਹੈ? ਦੱਸਣਯੋਗ ਹੈ ਕਿ ਬੈਂਕਾਂ 'ਚ ਜੋ ਲਾਕਰ ਹੁੰਦੇ ਹਨ, ਇਸ ਦੀ ਜਿੰਮੇਵਾਰੀ ਬੈਂਕਾਂ ਦੀ ਨਹੀਂ ਹੁੰਦੀ। ਇਨ੍ਹਾਂ ਬੈਂਕਾਂ 'ਚ ਜਿਨ੍ਹਾਂ ਗਾਹਕਾਂ ਨੇ ਲਾਕਰ ਰੱਖੇ ਹੋਏ ਹਨ, ਉਨ੍ਹਾ ਗਾਹਕਾਂ ਨੂੰ ਪ੍ਰੇਸ਼ਾਨੀ ਹੋ ਰਹੀ ਹੈ ਕਿ ਸਾਡੇ ਲਾਕਰਾਂ ਦੀ ਸੁਰੱਖਿਆ ਬੈਂਕਾਂ 'ਚ ਨਹੀ ਹੋ ਪਾ ਰਹੀ ਹੈ। ਕਈ ਗਾਹਕਾਂ ਨੇ ਆਪਣੇ ਲਾਕਰ ਬੰਦ ਕਰਵਾਉਣ ਲਈ ਅਰਜ਼ੀਆਂ ਦੇ ਦਿੱਤੀਆਂ ਹਨ ਤੇ ਬੰਦ ਵੀ ਕਰਵਾ ਦਿੱਤੇ ਹਨ।
ਬੈਂਕ ਪ੍ਰਬੰਧਕਾਂ ਦੀ ਜਲਦ ਹੋਵੇਗੀ ਮੀਟਿੰਗ, ਦਿੱਤੇ ਜਾਣਗੇ ਹੁਕਮ : ਡੀ. ਸੀ.
ਇਸ ਸਬੰਧੀ ਡਿਪਟੀ ਕਮਿਸ਼ਨਰ ਡੀ. ਪੀ. ਐੱਸ. ਖਰਬੰਦਾ ਦਾ ਕਹਿਣਾ ਹੈ ਕਿ ਕੁਝ ਬੈਂਕਾਂ 'ਚ ਗਾਰਡ ਹਟਾਉਣਾ ਪੇਚੀਦਾ ਮਾਮਲਾ ਹੈ। ਇਸ ਸਬੰਧੀ ਬੈਂਕ ਪ੍ਰਬੰਧਕਾਂ ਦੀ ਜਲਦੀ ਮੀਟਿੰਗ ਹੋਵੇਗੀ ਤੇ ਬੈਂਕਾਂ ਤੇ ਏ. ਟੀ. ਐੱਮ. 'ਚ ਗਾਰਡ ਰੱਖਣਾ ਜ਼ਰੂਰੀ ਕੀਤਾ ਜਾਵੇਗਾ।