ਸੁਰੱਖਿਆ ਏਜੰਸੀਆਂ ਨੇ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਲੈ ਕੇ ਇਕ ਵਾਰ ਫਿਰ ਦਿੱਤੀ ਚਿਤਾਵਨੀ

Wednesday, Sep 13, 2017 - 06:56 PM (IST)

ਚੰਡੀਗੜ੍ਹ : ਰੋਹਤਕ ਦੀ ਸੁਨਾਰੀਆ ਜੇਲ ਵਿਚ ਬੰਦ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਐਮਰਜੈਂਸੀ ਸੇਵਾਵਾਂ ਲਈ ਵੀ ਫਿਲਹਾਲ ਜੇਲ ਤੋਂ ਬਾਹਰ ਨਹੀਂ ਲਿਆਂਦਾ ਜਾਵੇਗਾ। ਜੋ ਵੀ ਸੇਵਾਵਾਂ ਹੋਣਗੀਆਂ, ਉਹ ਜੇਲ ਦੇ ਅੰਦਰ ਹੀ ਉਪਲੱਬਧ ਕਰਵਾਈਆਂ ਜਾਣਗੀਆਂ ਕਿਉਂਕਿ ਖੁਫੀਆ ਏਜੰਸੀਆਂ ਦੀ ਇਨਪੁਟ ਹੈ ਕਿ ਜੇਕਰ ਕਿਸੇ ਵੀ ਬਹਾਨੇ ਨਾਲ ਡੇਰਾ ਮੁਖੀ ਜੇਲ ਤੋਂ ਬਾਹਰ ਆਉਂਦਾ ਹੈ ਤਾਂ ਫਿਰ ਮਾਹੌਲ ਵਿਗੜ ਸਕਦਾ ਹੈ, ਕਿਉਂਕਿ ਡੇਰੇ ਦੇ ਕੁਰਬਾਨੀ ਦਸਤੇ ਅਜੇ ਵੀ ਪੂਰੀ ਤਰ੍ਹਾਂ ਖਤਮ ਨਹੀਂ ਹੋਏ ਹਨ। ਇਨ੍ਹਾਂ ਕੁਰਬਾਨੀ ਦਸਤਿਆਂ ਵਿਚ ਡੇਰਾ ਮੁਖੀ ਖਿਲਾਫ ਹੋਈ ਕਾਰਵਾਈ ਨੂੰ ਲੈ ਕੇ ਗੁੱਸਾ ਹੈ ਜੇ ਉਨ੍ਹਾਂ ਦੇ ਗੁੱਸੇ ਨੂੰ ਫਿਰ ਤੋਂ ਹਵਾ ਮਿਲੀ ਤਾਂ ਹਿੰਸਾ ਹੋ ਸਕਦੀ ਹੈ। ਇਸ ਦੇ ਮੱਦੇਨਜ਼ਰ ਹਰਿਆਣਾ ਸਰਕਾਰ ਫਿਲਹਾਲ ਕਿਸੇ ਵੀ ਸੂਰਤ ਵਿਚ ਡੇਰਾ ਮੁਖੀ ਨੂੰ ਜੇਲ ਤੋਂ ਬਾਹਰ ਲਿਆਉਣ ਦੇ ਮੂਡ ਵਿਚ ਨਹੀਂ ਹੈ। ਇਸ ਦੇ ਚੱਲਦੇ ਸਥਾਨਕ ਰੋਹਤਕ ਪ੍ਰਸ਼ਾਸਨ ਨੂੰ ਵੀ ਸੰਬੰਧਤ ਦਿਸ਼ਾ-ਨਿਰਦੇਸ਼ ਭੇਜ ਦਿੱਤੇ ਗਏ ਹਨ। ਇਹੀ ਕਾਰਨ ਹੈ ਕਿ ਸਿਹਤ ਖਰਾਬ ਹੋਣ ਦੀ ਸ਼ਿਕਾਇਤ ਦੇ ਬਾਵਜੂਦ ਵੀ ਡੇਰਾ ਮੁਖੀ ਨੂੰ ਜੇਲ ਤੋਂ ਬਾਹਰ ਨਹੀਂ ਲਿਆਂਦਾ ਗਿਆ ਅਤੇ ਡਾਕਟਰਾਂ ਦੀ ਟੀਮ ਹੀ ਰੋਹਤਕ ਜੇਲ ਵਿਚ ਜਾਂਚ ਲਈ ਗਈ। ਹਾਲਾਂਕਿ ਡੇਰਾ ਮੁਖੀ ਨੂੰ ਇਲਾਜ ਲਈ ਪੀ. ਜੀ. ਆਈ. ਰੋਹਤਕ ਭਰਤੀ ਕਰਵਾਉਣ ਦੀਆਂ ਚਰਚਾਵਾਂ ਜ਼ੋਰਾਂ 'ਤੇ ਸਨ।

PunjabKesari

ਜ਼ਿਕਰਯੋਗ ਹੈ ਕਿ ਜੇਲ ਪਹੁੰਚਣ ਤੋਂ ਬਾਅਦ ਡੇਰਾ ਮੁਖੀ ਲੱਕ ਵਿਚ ਦਰਦ ਅਤੇ ਬੇਚੈਨੀ ਦੀਆਂ ਲਗਾਤਾਰ ਸ਼ਿਕਾਇਤਾਂ ਕਰ ਰਿਹਾ ਹੈ ਅਤੇ ਉਸ ਨੂੰ ਨੀਂਦ ਵੀ ਨਹੀਂ ਆਉਣ ਦੀ ਸ਼ਿਕਾਇਤ ਹੈ। ਹਰਿਆਣਾ ਸਰਕਾਰ ਦੇ ਇਕ ਆਲਾ ਅਧਿਕਾਰੀ ਨੇ ਦੱਸਿਆ ਕਿ ਡੇਰਾ ਮੁਖੀ ਨੂੰ ਜੇਲ ਤੋਂ ਬਾਹਰ ਆਉਣ ਦਾ ਜ਼ੋਖਿਮ ਫਿਲਹਾਲ ਨਹੀਂ ਚੁੱਕਿਆ ਜਾ ਸਕਦਾ ਹਰ ਐਮਰਜੈਂਸੀ ਸੇਵਾ ਜੇਲ ਦੇ ਅੰਦਰ ਹੀ ਉਪਲੱਬਧ ਕਰਵਾਈ ਜਾਵੇਗੀ।

PunjabKesari
ਸੁਨਾਰੀਆ ਜੇਲ 'ਚ ਡੇਰਾ ਮੁਖੀ ਨੂੰ ਦੂਸਰੇ ਕੈਦੀਆਂ ਤੋਂ ਬਿਲਕੁਲ ਵੱਖ ਹਾਈ ਸਕਿਓਰਿਟੀ ਸੈੱਲ 'ਚ ਰੱਖਿਆ ਗਿਆ ਹੈ। ਸੂਤਰਾਂ ਮੁਤਾਬਕ ਡੇਰਾ ਮੁਖੀ ਨੂੰ ਹੋਰ ਕੈਦੀਆਂ ਦੇ ਵਿਚ ਵੀ ਨਹੀਂ ਲਿਆਂਦਾ ਜਾ ਸਕਦਾ ਕਿਉਂਕਿ ਉਸ ਨੂੰ ਜੇਲ ਵਿਚ ਮਾਲੀ ਦਾ ਕੰਮ ਕਰਨਾ ਹੈ, ਇਸ ਲਈ ਜਿਸ ਸੈੱਲ ਵਿਚ ਉਸ ਨੂੰ ਰੱਖਿਆ ਗਿਆ ਹੈ, ਉਥੇ ਉਸ ਲਈ ਵੱਖਰੇ ਤੌਰ 'ਤੇ ਬਾਗਬਾਨੀ ਦੀ ਵਿਵਸਥਾ ਕਰ ਦਿੱਤੀ ਗਈ ਹੈ ਜਦਕਿ ਡੇਰਾ ਮੁਖੀ ਦੀ ਨਿਗਰਾਨੀ ਲਈ 24 ਘੰਟੇ ਨਜ਼ਰ ਰੱਖੀ ਜਾ ਰਹੀ ਹੈ।


Related News