ਲੁਧਿਆਣਾ 'ਚ ਜਨਾਨੀ ਦੇ ਦੂਜੇ ਵਿਆਹ ਨੂੰ ਲੈ ਕੇ ਹਾਈ ਵੋਲਟੇਜ ਡਰਾਮਾ, ਅਖ਼ੀਰ 'ਚ ਸਾਹਮਣੇ ਆਈ ਇਹ ਗੱਲ

Tuesday, Apr 26, 2022 - 03:17 PM (IST)

ਲੁਧਿਆਣਾ 'ਚ ਜਨਾਨੀ ਦੇ ਦੂਜੇ ਵਿਆਹ ਨੂੰ ਲੈ ਕੇ ਹਾਈ ਵੋਲਟੇਜ ਡਰਾਮਾ, ਅਖ਼ੀਰ 'ਚ ਸਾਹਮਣੇ ਆਈ ਇਹ ਗੱਲ

ਲੁਧਿਆਣਾ (ਨਰਿੰਦਰ) : ਲੁਧਿਆਣਾ ਦੇ ਨਿਊ ਸੁਭਾਸ਼ ਨਗਰ ਇਲਾਕੇ 'ਚ ਜਨਾਨੀ ਵੱਲੋਂ ਬਿਨਾ ਤਲਾਕ ਦੇ ਦੂਜੇ ਵਿਆਹ ਨੂੰ ਲੈ ਕੇ ਉਸ ਵੇਲੇ ਹਾਈ ਵੋਲਟੇਜ ਡਰਾਮਾ ਹੋ ਗਿਆ, ਜਦੋਂ ਉਸ ਦਾ ਪਤੀ ਗੁਰਦੁਆਰਾ ਸਾਹਿਬ 'ਚ ਆ ਗਿਆ ਅਤੇ ਉਸ ਨੇ ਦੋਸ਼ ਲਾਏ ਕਿ ਉਸ ਦੀ ਪਤਨੀ ਨੇ ਉਸ ਨੂੰ ਬਿਨਾ ਤਲਾਕ ਦਿੱਤੇ ਦੂਜਾ ਵਿਆਹ ਰਚਾਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਗਗਨਦੀਪ ਸਿੰਘ ਦੇ ਰਿਸ਼ਤੇਦਾਰ ਪਰਮਦੀਪ ਸਿੰਘ ਨੇ ਦੱਸਿਆ ਕਿ ਗਗਨਦੀਪ ਦੀ ਪਤਨੀ ਮਨਪ੍ਰੀਤ ਕੌਰ ਦਾ ਵਿਆਹ ਗੁਰਦੁਆਰਾ ਸਾਹਿਬ ਵਿਖੇ ਹੋ ਰਿਹਾ ਸੀ, ਜਿਸ ਦਾ ਅਜੇ ਤੱਕ ਤਲਾਕ ਨਹੀਂ ਹੋਇਆ ਹੈ ਅਤੇ ਅਦਾਲਤ 'ਚ ਕੇਸ ਚੱਲ ਰਿਹਾ ਹੈ।

ਇਹ ਵੀ ਪੜ੍ਹੋ : ਸਰਕਾਰ ਬਦਲਦੇ ਹੀ ਬਦਲੇ ਫ਼ਰਮਾਨ, ਸਕੂਲਾਂ 'ਚ ਕਿਸੇ ਵੀ ਅਧਿਆਪਕ ਨੂੰ ਦਿੱਤਾ ਜਾ ਸਕੇਗਾ ਮਿਡ-ਡੇਅ-ਮੀਲ ਦਾ ਜ਼ਿੰਮਾ

ਉਸ ਨੇ ਦੱਸਿਆ ਕਿ ਗਗਨਦੀਪ ਅਤੇ ਮਨਪ੍ਰੀਤ ਦੀ 12 ਸਾਲਾਂ ਦੀ ਇਕ ਧੀ ਵੀ ਹੈ। ਉਸ ਨੇ ਦੱਸਿਆ ਕਿ ਗਗਨਦੀਪ ਦੀ ਪਤਨੀ ਮਨਪ੍ਰੀਤ ਸਾਲ 2019 ਤੋਂ ਪੇਕੇ ਰਹਿ ਰਹੀ ਹੈ ਅਤੇ ਉਸ ਵੱਲੋਂ ਦੂਜਾ ਵਿਆਹ ਕਰਵਾਏ ਜਾਣ ਦੀ ਗੱਲ ਉਨ੍ਹਾਂ ਨੂੰ ਪਤਾ ਲੱਗੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਪੁਲਸ ਨੂੰ ਸੂਚਨਾ ਦਿੱਤੀ ਅਤੇ ਮੌਕੇ 'ਤੇ ਪਹੁੰਚੇ। ਦੂਜੇ ਪਾਸੇ ਮਨਪ੍ਰੀਤ ਕੌਰ ਨੇ ਸਪੱਸ਼ਟ ਕੀਤਾ ਕਿ ਅੱਜ ਗੁਰਦੁਆਰਾ ਸਾਹਿਬ 'ਚ ਕੋਈ ਵਿਆਹ ਨਹੀਂ ਹੋ ਰਿਹਾ ਸੀ, ਸਗੋਂ ਸ੍ਰੀ ਸੁਖਮਨੀ ਸਾਹਿਬ ਦਾ ਪਾਠ ਇਕ ਸ਼ੁਕਰਾਨੇ ਵੱਜੋਂ ਹੋ ਰਿਹਾ ਸੀ ਕਿਉਂਕਿ ਉਸ ਨੂੰ ਗਗਨਦੀਪ ਤੋਂ ਛੁਟਕਾਰਾ ਮਿਲਿਆ ਹੈ। ਉਸ ਨੇ ਦੱਸਿਆ ਕਿ ਉਸ ਦਾ ਵਿਆਹ ਗਗਨਦੀਪ ਨਾਲ ਸਾਲ 2007 'ਚ ਹੋਇਆ ਸੀ ਅਤੇ ਸਾਲ 2010 'ਚ ਉਨ੍ਹਾਂ ਦੇ ਘਰ ਇਕ ਧੀ ਨੇ ਜਨਮ ਲਿਆ। ਮਨਪ੍ਰੀਤ ਨੇ ਦੱਸਿਆ ਕਿ ਗਗਨਦੀਪ ਦਾ ਚਰਿੱਤਰ ਬਹੁਤ ਗਲਤ ਸੀ।

ਇਹ ਵੀ ਪੜ੍ਹੋ : ਲੁਧਿਆਣਾ ਤੋਂ ਵੱਡੀ ਖ਼ਬਰ : ਫਾਰਚੂਨਰ ਗੱਡੀ ਨਹਿਰ 'ਚ ਡਿੱਗਣ ਕਾਰਨ 5 ਲੋਕਾਂ ਦੀ ਮੌਤ

ਉਸ ਨੇ ਦੱਸਿਆ ਕਿ ਉਹ ਕੀਰਤਨ ਕਰਦੀ ਹੈ ਅਤੇ ਗਗਨਦੀਪ ਉਸ ਦੇ ਘਰ ਆਉਣ ਵਾਲੀਆਂ ਸਹੇਲੀਆਂ ਨਾਲ ਵੀ ਗਲਤ ਹਰਕਤਾਂ ਕਰਦਾ ਸੀ। ਉਸ ਨੇ ਦੱਸਿਆ ਕਿ ਗਗਨਦੀਪ ਨੇ ਕਦੇ ਉਸ ਦੀ ਸਾਰ ਨਹੀਂ ਲਈ ਅਤੇ ਕਈ ਵਾਰ ਪੈਸੇ ਵੀ ਉਸ ਕੋਲੋਂ ਮੰਗ ਕੇ ਲੈ ਜਾਂਦਾ ਸੀ। ਉਸ ਨੇ ਸਪੱਸ਼ਟ ਕੀਤਾ ਕਿ ਜੁਲਾਈ ਮਹੀਨੇ 'ਚ ਉਨ੍ਹਾਂ ਦੀ ਆਖ਼ਰੀ ਤਾਰੀਖ਼ ਹੈ ਅਤੇ ਤਲਾਕ ਹੋ ਜਾਣਾ ਹੈ, ਇਸ ਲਈ ਉਸ ਨੂੰ ਆਪਣੇ ਫ਼ੈਸਲੇ ਲੈਣ ਦਾ ਪੂਰਾ ਅਧਿਕਾਰ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭੁਪਿੰਦਰ ਸਿੰਘ ਨੇ ਵੀ ਦੱਸਿਆ ਕਿ ਗੁਰਦੁਆਰਾ ਸਾਹਿਬ 'ਚ ਵਿਆਹ ਨਹੀਂ, ਸਗੋਂ ਅਰਦਾਸ ਹੋ ਰਹੀ ਸੀ। ਉਨ੍ਹਾਂ ਦੱਸਿਆ ਕਿ ਅਰਦਾਸ ਵਿਆਹ ਤੋਂ ਪਹਿਲਾਂ ਰਿਸ਼ਤੇ ਦੀ ਹੋ ਰਹੀ ਸੀ। ਹਾਲਾਂਕਿ ਉਨ੍ਹਾਂ ਇਹ ਵੀ ਦੱਸਿਆ ਕਿ ਜੁਲਾਈ ਮਹੀਨੇ ਕੁੜੀ ਦਾ ਤਲਾਕ ਹੋ ਜਾਣਾ ਹੈ ਅਤੇ ਪਰਿਵਾਰ ਨੇ ਕਿਹਾ ਸੀ ਕਿ ਉਹ 2-3 ਮਹੀਨਿਆਂ ਬਾਅਦ ਹੀ ਵਿਆਹ ਕਰਨਗੇ। ਫਿਲਹਾਲ ਪੁਲਸ ਵੱਲੋਂ ਦੋਹਾਂ ਧਿਰਾਂ ਨੂੰ ਦਸਤਾਵੇਜ਼ਾਂ ਸਣੇ ਥਾਣੇ ਬੁਲਾਇਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


author

Babita

Content Editor

Related News