'ਸੀਜ਼ਨਲ ਫਲੂ' ਨੂੰ ਲੈ ਕੇ ਸਿਹਤ ਵਿਭਾਗ ਵੱਲੋਂ ਐਡਵਾਈਜ਼ਰੀ ਜਾਰੀ, ਜਾਣੋ ਕੀ ਹੈ H3N2 ਵਾਇਰਸ
Wednesday, Mar 15, 2023 - 03:42 PM (IST)
ਚੰਡੀਗੜ੍ਹ (ਪਾਲ) : ਸਿਹਤ ਵਿਭਾਗ ਨੇ ਐੱਚ3ਐੱਨ2 ਸੀਜ਼ਨਲ ਇਨਫਲੁਇੰਜ਼ਾ ਸਬੰਧੀ ਐਡਵਾਈਜ਼ਰੀ ਜਾਰੀ ਕੀਤੀ ਹੈ। ਹਾਲਾਂਕਿ ਸ਼ਹਿਰ 'ਚ ਸਥਿਤੀ ਆਮ ਹੈ ਪਰ ਸਾਵਧਾਨੀ ਵਜੋਂ ਵਿਭਾਗ ਨੇ ਇਹ ਐਡਵਾਈਜ਼ਰੀ ਜਾਰੀ ਕੀਤੀ ਹੈ। ਐਡਵਾਈਜ਼ਰੀ 'ਚ ਕਿਹਾ ਗਿਆ ਹੈ ਕਿ ਜੇਕਰ ਕਿਸੇ ਨੂੰ ਇਨਫਲੁਇੰਜ਼ਾ ਦੇ ਲੱਛਣ ਜਿਵੇਂ ਤੇਜ਼ ਬੁਖ਼ਾਰ, ਸਾਹ ਲੈਣ 'ਚ ਤਕਲੀਫ਼, ਰੰਗ ਦਾ ਨੀਲਾ ਹੋਣਾ, ਸਕਿੱਨ ’ਤੇ ਕਿਸੇ ਤਰ੍ਹਾਂ ਦੇ ਧੱਬੇ ਵਿਖਾਈ ਦਿੰਦੇ ਹਨ ਤਾਂ ਆਪਣੇ ਨਜ਼ਦੀਕੀ ਸਿਹਤ ਕੇਂਦਰ 'ਚ ਜਾ ਕੇ ਡਾਕਟਰ ਤੋਂ ਸਲਾਹ ਜ਼ਰੂਰ ਲਓ। ਕਿਹਾ ਗਿਆ ਹੈ ਕਿ ਮਰੀਜ਼ ਦਵਾਈਆਂ ਨਾਲ ਹੀ ਠੀਕ ਹੋ ਰਹੇ ਹਨ। ਨਾਲ ਹੀ ਹਸਪਤਾਲਾਂ 'ਚ ਜ਼ਿਆਦਾ ਮਰੀਜ਼ ਦਾਖ਼ਲ ਵੀ ਨਹੀਂ ਹੋਏ ਹਨ। ਇਸ ਤੋਂ ਇਲਾਵਾ ਲੱਛਣ ਹੋਣ ’ਤੇ ਜਾਂਚ ਜ਼ਰੂਰ ਕਰਵਾਓ। ਇਸ ਤੋਂ ਇਲਾਵਾ ਡਾਕਟਰ ਦੀ ਸਲਾਹ ਦੇ ਬਿਨਾਂ ਕੋਈ ਵੀ ਦਵਾਈ ਨਾ ਖਾਣ ਲਈ ਵੀ ਕਿਹਾ ਗਿਆ ਹੈ। ਜਿਹੜੇ ਮਰੀਜ਼ ਇਨਫਲੁਇੰਜ਼ਾ-ਏ ਵਾਇਰਸ ਦੇ ਐੱਚ3ਐੱਨ2 ਸਟ੍ਰੇਨ ਨਾਲ ਪੀੜਤ ਹਨ, ਉਨ੍ਹਾਂ 'ਚ 2-3 ਦਿਨਾਂ ਤੱਕ ਤੇਜ਼ ਬੁਖਾਰ ਬਣਿਆ ਰਹਿੰਦਾ ਹੈ। ਸਰੀਰ 'ਚ ਦਰਦ, ਸਿਰਦਰਦ, ਗਲੇ 'ਚ ਜਲਣ ਦੇ ਨਾਲ-ਨਾਲ ਲਗਾਤਾਰ ਦੋ ਹਫ਼ਤੇ ਤੱਕ ਖੰਘ ਅਤੇ ਸੀਨੇ 'ਚ ਜਕੜਨ ਹੁੰਦੀ ਹੈ।
ਇਹ ਵੀ ਪੜ੍ਹੋ : ਭਗਵੰਤ ਮਾਨ ਸਰਕਾਰ ਨੇ ਆਪਣੇ ਦੂਸਰੇ ਬਜਟ ਰਾਹੀਂ ਹਰ ਵਰਗ ਨੂੰ ਦਿੱਤਾ ਸਨਮਾਨ : ਡਾ. ਬਲਜੀਤ ਕੌਰ
ਕੀ ਹੈ ਐੱਚ3ਐੱਨ2
ਐੱਚ3ਐੱਨ2 ਵਾਇਰਸ ਇਨਫਲੁਇੰਜ਼ਾ ਏ ਦੇ ਐੱਚ1ਐੱਨ1 ਦਾ ਮਿਊਟੈਂਟ ਹੋਇਆ ਵੇਰੀਐਂਟ ਹੈ, ਜੋ ਕਿ ਕਿਸੇ ਵੀ ਉਮਰ ਦੇ ਵਿਅਕਤੀ ਅਤੇ ਸਾਲ ਦੇ ਕਿਸੇ ਵੀ ਸਮੇਂ ਸ਼ਿਕਾਰ ਬਣਾ ਸਕਦਾ ਹੈ। ਸੀ. ਡੀ. ਸੀ. ਮੁਤਾਬਕ ਇਸ ਦੇ ਲੱਛਣ ਕਿਸੇ ਵੀ ਹੋਰ ਸੀਜ਼ਨਲ ਫਲੂ ਵਰਗੇ ਹੋ ਸਕਦੇ ਹਨ, ਜਿਸ 'ਚ ਖੰਘ, ਨੱਕ ਵਗਣਾ, ਜੀ ਮਚਲਾਉਣਾ, ਸਰੀਰਕ ਦਰਦ, ਉਲਟੀ ਅਤੇ ਡਾਇਰੀਆ ਆਦਿ ਸ਼ਾਮਲ ਹੋ ਸਕਦੇ ਹਨ।
ਇਹ ਵੀ ਪੜ੍ਹੋ : ਆਸਕਰ 'ਚ ਮੁੜ ਭਾਰਤ ਦਾ ਨਾਂ ਹੋਇਆ ਰੌਸ਼ਨ, 'The Elephant Whisperers' ਨੇ ਜਿੱਤਿਆ ਐਵਾਰਡ
ਬਚਾਅ ਲਈ ਇਹ ਵਰਤੋ ਸਾਵਧਾਨੀ
ਮਾਸਕ ਪਾਓ
ਖੰਘਦੇ ਜਾਂ ਛਿੱਕਦੇ ਸਮੇਂ ਨੱਕ ਅਤੇ ਮੂੰਹ ਨੂੰ ਕਵਰ ਕਰੋ
ਭੀੜ ਵਾਲੀਆਂ ਥਾਵਾਂ ’ਤੇ ਜਾਣ ਤੋਂ ਬਚੋ
ਹੱਥਾਂ ਨੂੰ ਸਮੇਂ-ਸਮੇਂ ’ਤੇ ਪਾਣੀ ਅਤੇ ਸਾਬਣ ਨਾਲ ਧੋਂਦੇ ਰਹੋ।
ਖ਼ੁਦ ਨੂੰ ਹਾਈਡ੍ਰੇਟ ਰੱਖੋ, ਪਾਣੀ, ਜੂਸ ਜਾਂ ਹੋਰ ਤਰਲ ਪਦਾਰਥ ਲੈਂਦੇ ਰਹੋ
ਕਿਸੇ ਵੀ ਤਰ੍ਹਾਂ ਦੇ ਸਰੀਰਕ ਸੰਪਰਕ ਤੋਂ ਬਚੋ
ਪੀਕ ਸੀਜ਼ਨ ਜਾ ਚੁੱਕੈ
ਡਾ. ਸੰਜੇ ਜੈਨ, ਮੈਡੀਸਨ ਪੀ. ਜੀ. ਆਈ. ਨੇ ਕਿਹਾ ਕਿ ਖੰਘਦੇ ਅਤੇ ਛਿੱਕਦੇ ਸਮੇਂ, ਸਫ਼ਾਈ ਬਣਾਈ ਰੱਖਣ, ਵਾਰ-ਵਾਰ ਹੱਥ ਧੋਣ ਅਤੇ ਲੋਕਾਂ ਦੇ ਨਜ਼ਦੀਕੀ ਸੰਪਰਕ ਤੋਂ ਬਚਣ ਦੀ ਲੋੜ ਹੈ। ਨਵੰਬਰ ਤੋਂ ਫਰਵਰੀ ਵਿਚਕਾਰ ਸੀਜ਼ਨਲ ਫਲੂ ਦਾ ਪੀਕ ਦੇਖਿਆ ਗਿਆ। ਗਰਮੀ ਦੀ ਸ਼ੁਰੂਆਤ ਦੇ ਨਾਲ ਮਾਮਲਿਆਂ 'ਚ ਕਮੀ ਆਵੇਗੀ। ਪੀ. ਜੀ. ਆਈ. 'ਚ ਅਸੀਂ ਇਨਫਲੁਇੰਜ਼ਾ ਏ ਅਤੇ ਬੀ ਦੇ ਰੈਗੂਲਰ ਮਾਮਲੇ ਦੇਖੇ ਅਤੇ ਜ਼ਿਆਦਾਤਰ ਮਾਮਲਿਆਂ 'ਚ ਹਲਕੀ ਬੀਮਾਰੀ ਦਿਖਾਈ ਦਿੱਤੀ। ਜਿਹੜੇ ਲੋਕਾਂ ਨੂੰ ਪਹਿਲਾਂ ਤੋਂ ਕਈ ਦੂਜੀਆਂ ਬੀਮਾਰੀਆਂ ਹਨ, ਖ਼ਾਸ ਕਰ ਕੇ 65 ਸਾਲ ਤੋਂ ਉੱਪਰ ਦੇ ਲੋਕਾਂ ਨੇ ਲਗਾਤਾਰ ਖੰਘ ਅਤੇ ਬੁਖਾਰ ਦੇ ਮੁੱਖ ਲੱਛਣਾਂ ਦੇ ਨਾਲ ਫਲੂ ਦੀ ਲੰਬੀ ਮਿਆਦ ਦਾ ਅਹਿਸਾਸ ਕੀਤਾ। ਐਂਟੀਬਾਇਓਟਿਕਸ ਦੀ ਕੋਈ ਲੋੜ ਨਹੀਂ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ