ਸਕੂਲ ਫ਼ੀਸਾਂ ਦੇ ਮਾਮਲੇ ''ਚ ਹਾਈਕੋਰਟ ਦੇ ਫ਼ੈਸਲੇ ਨੂੰ ਚਣੌਤੀ ਦੇਵੇਗੀ ਪੰਜਾਬ ਸਰਕਾਰ

Wednesday, Jul 01, 2020 - 06:26 PM (IST)

ਸਕੂਲ ਫ਼ੀਸਾਂ ਦੇ ਮਾਮਲੇ ''ਚ ਹਾਈਕੋਰਟ ਦੇ ਫ਼ੈਸਲੇ ਨੂੰ ਚਣੌਤੀ ਦੇਵੇਗੀ ਪੰਜਾਬ ਸਰਕਾਰ

ਚੰਡੀਗੜ੍ਹ : ਨਿੱਜੀ ਸਕੂਲਾਂ ਤੇ ਵਿਦਿਆਰਥੀਆਂ ਦੇ ਮਾਪਿਆਂ ਦਰਮਿਆਨ ਫ਼ੀਸ ਲੈਣ ਦੇ ਚੱਲ ਰਹੇ ਰੇੜਰੇ 'ਤੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਸੁਣਾਏ ਫੈਸਲੇ ਨੂੰ ਪੰਜਾਬ ਸਰਕਾਰ ਨੇ ਚੁਣੌਤੀ ਦੇਣ ਦਾ ਫ਼ੈਸਲਾ ਕੀਤਾ ਹੈ। ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਹਾਈਕੋਰਟ ਦੇ ਫ਼ੀਸ 'ਤੇ ਆਏ ਫੈਸਲੇ ਸਬੰਧੀ ਕਿਹਾ ਕਿ ਸਰਕਾਰ ਇਸ ਮੁੱਦੇ 'ਤੇ ਡਬਲ ਬੈਂਚ ਕੋਲ ਜਾਵੇਗੀ। ਉਨ੍ਹਾਂ ਕਿਹਾ ਕਿ ਕੋਈ ਨਿੱਜੀ ਸਕੂਲ ਤਾਲਾਬੰਦੀ ਦੌਰਾਨ ਫ਼ੀਸ ਨਹੀਂ ਲੈ ਸਕਦਾ। ਜਿਹੜੇ ਸਕੂਲ ਆਨਲਾਈਨ ਕਲਾਸਾਂ ਲਗਾ ਰਹੇ ਹਨ, ਉਹ ਟਿਊਸ਼ਨ ਫੀਸ ਲੈ ਸਕਦੇ ਹਨ।

ਇਹ ਵੀ ਪੜ੍ਹੋ : ਲੁਧਿਆਣਾ 'ਚ Fast & Furious, ਕਾਰ ਦੇ ਉੱਡੇ ਪਰਖੱਚੇ, ਦੇਖੋ ਹੈਰਾਨ ਕਰਦੀ ਵੀਡੀਓ

ਕੀ ਸੀ ਹਾਈਕੋਰਟ ਦਾ ਫੈਸਲਾ
ਕੋਰੋਨਾ ਮਹਾਮਾਰੀ ਦੇ ਲਾਕ ਡਾਊਨ ਦੌਰਾਨ ਬੰਦ ਪਏ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਅਤੇ ਬੱਚਿਆਂ ਦੇ ਮਾਪਿਆਂ ਵਿਚਾਲੇ ਪੈਦਾ ਹੋਏ ਫੀਸਾਂ ਦੇ ਰੇੜਕੇ 'ਤੇ ਹਾਈਕੋਰਟ ਨੇ ਸਕੂਲਾਂ ਨੂੰ ਦਾਖ਼ਲਾ ਅਤੇ ਟਿਊਸ਼ਨ ਫ਼ੀਸ ਵਸੂਲਣ ਦੀ ਛੋਟ ਦਿੰਦਿਆਂ ਸਕੂਲ ਫ਼ੀਸਾਂ ਦੇ ਮਾਮਲੇ ਦਾ ਨਿਬੇੜਾ ਕਰ ਦਿੱਤਾ ਸੀ। ਇਸ ਦੇ ਨਾਲ ਹੀ ਹਾਈਕੋਰਟ ਦੇ ਬੈਂਚ ਨੇ ਇਹ ਵੀ ਕਿਹਾ ਹੈ ਕਿ ਲਾਕਡਾਊਨ ਦੌਰਾਨ ਸਕੂਲ ਚਲਾਉਣ 'ਤੇ ਆਇਆ ਜਾਇਜ਼ ਖਰਚਾ ਵੀ ਵਸੂਲਿਆ ਜਾ ਸਕਦਾ ਹੈ। ਹਾਈਕੋਰਟ ਨੇ ਕਿਹਾ ਹੈ ਕਿ ਇਸ ਸਾਲ ਸਕੂਲ ਫ਼ੀਸਾਂ ਨਹੀਂ ਵਧਾ ਸਕਣਗੇ। 
ਇਸ ਦੇ ਨਾਲ ਹੀ ਵਿਦਿਆਰਥੀਆਂ ਦੇ ਮਾਪਿਆਂ ਨੂੰ ਥੋੜ੍ਹੀ ਰਾਹਤ ਦਿੰਦਿਆਂ ਹਾਈਕੋਰਟ ਨੇ ਇਹ ਗੱਲ ਜ਼ਰੂਰ ਆਖੀ ਹੈ ਕਿ ਜੇਕਰ ਉਹ ਫ਼ੀਸ ਨਾ ਦੇਣ ਦੀ ਹਾਲਤ ਵਿਚ ਹਨ ਤਾਂ ਉਹ ਆਪਣੀ ਵਿੱਤੀ ਹਾਲਤ ਸਬੰਧੀ ਠੋਸ ਸਬੂਤਾਂ ਦੇ ਨਾਲ ਸਕੂਲ ਨੂੰ ਬੇਨਤੀ ਕਰ ਸਕਦੇ ਹਨ ਤੇ ਸਕੂਲਾਂ ਨੂੰ ਇਸ 'ਤੇ ਗ਼ੌਰ ਕਰਨਾ ਹੋਵੇਗਾ ਅਤੇ ਜੋਕਰ ਕੋਈ ਹੱਲ ਨਾ ਨਿਕਲਿਆ ਤਾਂ ਰੈਗੂਲੇਟਰੀ ਅਥਾਰਿਟੀ ਕੋਲ ਸੰਪਰਕ ਕੀਤਾ ਜਾ ਸਕੇਗਾ। ਜਿਹੜੇ ਸਕੂਲਾਂ ਦੀ ਵਿੱਤੀ ਹਾਲਤ ਪਤਲੀ ਹੈ ਤੇ ਉਨ੍ਹਾਂ ਕੋਲ ਰਿਜ਼ਰਵ ਫ਼ੰਡ ਨਹੀਂ ਹਨ, ਉਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਕੋਲ ਪਹੁੰਚ ਕਰ ਸਕਣਗੇ। ਸਰਕਾਰ ਵੱਲੋਂ ਪਿਛਲੇ ਫ਼ੈਸਲੇ 'ਚ ਬਦਲਾਅ ਕਰਨ ਦੀ ਮੰਗ ਬਾਰੇ ਹਾਈਕੋਰਟ ਨੇ ਕਿਹਾ ਹੈ ਕਿ ਮੁੱਖ ਮਾਮਲੇ ਦਾ ਨਿਬੇੜਾ ਹੋ ਗਿਆ ਹੈ।

ਇਹ ਵੀ ਪੜ੍ਹੋ : ਸਿੱਖ ਨੌਜਵਾਨ ਨੇ ਲਾਈਵ ਹੋ ਕੇ ਕੀਤੀ ਖੁਦਕੁਸ਼ੀ, ਵੀਡੀਓ 'ਚ ਖੋਲ੍ਹਿਆ ਵੱਡਾ ਰਾਜ਼

ਕੀ ਹੈ ਮਾਮਲਾ
ਕੋਰੋਨਾ ਮਹਾਮਾਰੀ ਦੀ ਤਾਲਾਬੰਦੀ ਤੋਂ ਬਾਅਦ ਬੰਦ ਪਏ ਸਕੂਲਾਂ ਵਲੋਂ ਬੱਚਿਆਂ ਦੇ ਮਾਪਿਆਂ ਤੋਂ ਸਕੂਲ ਫੀਸ ਵਸੂਲਣ ਦੀ ਗੱਲ ਆਖੀ ਗਈ ਸੀ। ਇਸ 'ਤੇ ਮਾਪਿਆਂ ਦਾ ਆਖਣਾ ਸੀ ਕਿ ਲਾਕ ਡਾਊਨ ਕਾਰਨ ਇਕ ਤਾਂ ਉਨ੍ਹਾਂ ਦੀ ਹਾਲਤ ਪਹਿਲਾਂ ਹੀ ਪਤਲੀ ਹੈ ਅਤੇ ਦੂਜਾ ਬੱਚੇ ਸਕੂਲ ਵੀ ਨਹੀਂ ਗਏ ਤਾਂ ਉਹ ਫ਼ੀਸ ਕਿਉਂ ਦੇਣ। ਦੂਜੇ ਪਾਸੇ ਸਕੂਲ ਪ੍ਰਬੰਧਕਾਂ ਦਾ ਆਖਣਾ ਸੀ ਕਿ ਅਧਿਆਪਕਾਂ ਵਲੋਂ ਬੱਚਿਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਗਈ ਹੈ ਜਿਸ ਕਾਰਣ ਉਹ ਫ਼ੀਸ ਵਸੂਲਣ ਤੇ ਹੱਕਦਾਰ ਹਨ, ਇਸ ਤੋਂ ਇਲਾਵਾ ਸਕੂਲਾਂ ਦੇ ਹੋਰ ਵੀ ਅਨੇਕਾਂ ਖ਼ਰਚੇ ਹਨ ਜਿਸ ਲਈ ਫ਼ੀਸ ਵਸੂਲਣੀ ਜ਼ਰੂਰੀ ਹੈ। ਉਧਰ ਸਕੂਲ ਫ਼ੀਸਾਂ ਦਾ ਮਾਮਲਾ ਜਦੋਂ ਪੰਜਾਬ ਸਰਕਾਰ ਦੇ ਦਰਬਾਰ 'ਚ ਪਹੁੰਚਿਆ ਤਾਂ ਸਰਕਾਰ ਵਲੋਂ ਸਕੂਲਾਂ ਨੂੰ ਫ਼ੀਸ ਨਾ ਲੈਣ ਲਈ ਆਖਿਆ ਅਤੇ ਬਾਅਦ ਵਿਚ ਇਹ ਮਾਮਲਾ ਹਾਈਕੋਰਟ ਵਿਚ ਪਹੁੰਚ ਗਿਆ। ਹੁਣ ਹਾਈਕੋਰਟ ਨੇ ਇਸ ਦਾ ਨਬੇੜਾ ਕਰਦੇ ਹੋਏ ਸਾਫ਼ ਕੀਤਾ ਹੈ ਕਿ ਸਕੂਲ ਬੱਚਿਆਂ ਤੋਂ ਦਾਖ਼ਲਾ ਫੀਸ ਲੈ ਸਕਦੇ ਹਨ, ਇਸ ਤੋਂ ਇਲਾਵਾ ਉਹ ਬੱਚਿਆਂ ਤੋਂ ਟਿਊਸ਼ਨ ਫ਼ੀਸ ਵੀ ਵਸੂਲ ਸਕਦੇ ਹਨ।

ਇਹ ਵੀ ਪੜ੍ਹੋ : ਸ਼੍ਰੋਮਣੀ ਕਮੇਟੀ ''ਚ ਹੋਏ ਘਪਲਿਆਂ ਦੀ ਜਾਂਚ ਕਰੇਗੀ ਟਕਸਾਲੀਆਂ ਦੀ ਪੰਜ ਮੈਂਬਰੀ ਕਮੇਟੀ    


author

Gurminder Singh

Content Editor

Related News