ਵਿਦਿਆਰਥਣ ਨੂੰ ਗਰਭਵਤੀ ਕਰਨ ਵਾਲਾ ਸਕੂਲ ਮਾਲਕ ਗ੍ਰਿਫ਼ਤਾਰ

Sunday, Dec 01, 2024 - 04:02 AM (IST)

ਵਿਦਿਆਰਥਣ ਨੂੰ ਗਰਭਵਤੀ ਕਰਨ ਵਾਲਾ ਸਕੂਲ ਮਾਲਕ ਗ੍ਰਿਫ਼ਤਾਰ

ਗੁਰਦਾਸਪੁਰ/ਬਹਾਵਲਪੁਰ (ਵਿਨੋਦ) : ਪਾਕਿਸਤਾਨ ਦੇ ਬਹਾਵਲਪੁਰ ਜ਼ਿਲ੍ਹੇ ਦੇ ਲੋਧਰ ਕਸਬੇ ਦੇ ਇਕ ਨਿੱਜੀ ਸਕੂਲ ਦੇ ਪ੍ਰਿੰਸੀਪਲ ਕਮ ਮਾਲਕ ਨੂੰ 5 ਮਹੀਨੇ ਪਹਿਲਾਂ 7ਵੀਂ ਜਮਾਤ ਦੀ ਵਿਦਿਆਰਥਣ ਨਾਲ ਜਬਰ-ਜ਼ਨਾਹ ਕਰਨ ਅਤੇ ਗਰਭਪਾਤ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ।  ਘਟਨਾ ਤੋਂ ਬਾਅਦ ਸਕੂਲ ਛੱਡ ਕੇ ਗਈ 13 ਸਾਲਾ ਲੜਕੀ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਲੋਧਰਾਂ ਸਦਰ ਪੁਲਸ ਨੇ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ, ਜੋ ਕਿ ਸਕੂਲ ਦਾ ਮਾਲਕ ਵੀ ਸੀ।

ਸਰਹੱਦ ਪਾਰਲੇ ਸੂਤਰਾਂ ਅਨੁਸਾਰ ਪੀੜਤਾ ਨੇ ਸਕੂਲ ਮਾਲਕ ਸਈਅਦ ਅਮੀਰ ਦੀਆਂ ਧਮਕੀਆਂ ਦੇ ਡਰੋਂ ਆਪਣੇ ਮਾਪਿਆਂ ਨੂੰ ਘਟਨਾ ਬਾਰੇ ਨਹੀਂ ਦੱਸਿਆ।  ਸੂਤਰਾਂ ਮੁਤਾਬਕ ਜਦੋਂ ਪੀੜਤਾ ਦੇ ਮਾਤਾ-ਪਿਤਾ ਪੇਟ ਦਰਦ ਦੀ ਸ਼ਿਕਾਇਤ ਤੋਂ ਬਾਅਦ ਇਲਾਜ ਲਈ ਡਾਕਟਰ ਕੋਲ ਪਹੁੰਚੇ ਤਾਂ ਡਾਕਟਰ ਨੇ ਜਾਂਚ ਕਰਨ ਤੋਂ ਬਾਅਦ ਉਨ੍ਹਾਂ ਨੂੰ ਦੱਸਿਆ ਕਿ ਉਨ੍ਹਾਂ ਦੀ ਬੇਟੀ ਗਰਭਵਤੀ ਹੈ, ਜਿਸ ’ਤੇ ਪੀੜਤ ਲੜਕੀ ਦੇ ਪਿਤਾ ਨੇ ਪੁਲਸ ਨੂੰ ਸ਼ਿਕਾਇਤ ਦਿੰਦੇ ਹੋਏ ਦੱਸਿਆ ਕਿ ਉਸ ਦੀ ਲੜਕੀ ਬਸਤੀ ਲਾਲੀਵਾਲਾ ਸਥਿਤ ਇਕ ਪ੍ਰਾਈਵੇਟ ਸਕੂਲ ’ਚ ਸੱਤਵੀਂ ਜਮਾਤ ’ਚ ਪੜ੍ਹਦੀ ਹੈ ਅਤੇ ਕਰੀਬ 5 ਮਹੀਨੇ ਪਹਿਲਾਂ ਉਸ ਨੇ ਸਕੂਲ ਜਾਣ ਤੋਂ ਇਨਕਾਰ ਕਰ ਦਿੱਤਾ ਸੀ। ਉਦੋਂ ਤੋਂ ਉਹ ਬੇਸ਼ੱਕ ਡਰ ਗਈ ਸੀ ਪਰ ਉਸ ਨੇ ਘਟਨਾ ਬਾਰੇ ਨਹੀਂ ਦੱਸਿਆ। 

ਹੁਣ ਪੁੱਛਗਿੱਛ ਕਰਨ ’ਤੇ ਉਸ ਨੇ ਦੱਸਿਆ ਕਿ ਜਿਸ ਦਿਨ ਉਸ ਨੇ ਸਕੂਲ ਛੱਡਣਾ ਸੀ, ਉਸ ਦਿਨ ਪ੍ਰਿੰਸੀਪਲ ਨੇ ਉਸ ਨੂੰ ਕਲਾਸ ਰੂਮ ਦੀ ਸਫ਼ਾਈ ਦੇ ਬਹਾਨੇ ਸਕੂਲ ’ਚ ਰੋਕ ਲਿਆ। ਜਦੋਂ ਉਹ ਕਮਰੇ ਦੀ ਸਫ਼ਾਈ ਕਰ ਰਹੀ ਸੀ ਤਾਂ ਪ੍ਰਿੰਸੀਪਲ ਸਈਅਦ ਅਮੀਰ ਕਲਾਸ ਰੂਮ ’ਚ ਆਇਆ  ਤੇ ਕਮਰੇ ਨੂੰ ਅੰਦਰੋਂ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਸ ਨੂੰ ਧਮਕੀ ਦੇ ਕੇ ਉਸ ਨਾਲ ਜਬਰ-ਜ਼ਨਾਹ ਕੀਤਾ। ਪੀੜਤਾ ਦੇ ਪਿਤਾ ਦੀ ਸ਼ਿਕਾਇਤ ’ਤੇ ਪੁਲਸ ਨੇ ਦੋਸ਼ੀ ਸਕੂਲ ਮਾਲਕ ਨੂੰ ਗ੍ਰਿਫਤਾਰ ਕਰ ਲਿਆ ਹੈ।


author

Inder Prajapati

Content Editor

Related News