ਸਾਊਦੀ ਅਰਬ ਤੋਂ ਭਾਰਤ ਪੁੱਜੀ ਮੁਕੇਰੀਆਂ ਦੇ ਪ੍ਰਤਾਪ ਸਿੰਘ ਦੀ ਮ੍ਰਿਤਕ ਦੇਹ
Friday, Oct 25, 2019 - 06:39 PM (IST)

ਹੁਸ਼ਿਆਰਪੁਰ (ਘੁੰਮਣ) : ਭਾਜਪਾ ਦੇ ਰਾਸ਼ਟਰੀ ਉਪ-ਪ੍ਰਧਾਨ ਅਤੇ ਸਾਬਕਾ ਸੰਸਦ ਮੈਂਬਰ ਅਵਿਨਾਸ਼ ਰਾਏ ਖੰਨਾ ਦੀਆਂ ਕੋਸ਼ਿਸ਼ਾਂ ਅਤੇ ਕੇਂਦਰ ਸਰਕਾਰ ਦੇ ਸਹਿਯੋਗ ਨਾਲ ਮ੍ਰਿਤਕ ਪ੍ਰਤਾਪ ਸਿੰਘ ਦੀ ਦੇਹ ਸਾਊਦੀ ਅਰਬ ਤੋਂ ਭਾਰਤ ਪਹੁੰਚ ਗਈ ਹੈ, ਜਿਸ ਤੋਂ ਬਾਅਦ ਉਸ ਦਾ ਅੰਤਿਮ ਸੰਸਕਾਰ ਮ੍ਰਿਤਕ ਦੇ ਜੱਦੀ ਪਿੰਡ ਚੰਗਰਵਾਂ ਤਲਵਾੜਾ ਟਾਊਨਸ਼ਿਪ ਵਿਚ ਕੀਤਾ ਗਿਆ।
ਖੰਨਾ ਦੇ ਦਫ਼ਤਰ ਤੋਂ ਜੋਤੀ ਕੁਮਾਰ ਜੌਲੀ ਨੇ ਦੱਸਿਆ ਕਿ ਪਿੰਡ ਚੰਗਰਵਾਂ ਤਲਵਾੜਾ ਨਿਵਾਸੀ ਪ੍ਰਤਾਪ ਸਿੰਘ ਦੀ ਪਤਨੀ ਸੁਸ਼ਮਾ ਦੇਵੀ ਨੇ ਮੁਕੇਰੀਆਂ ਦੇ ਸਾਬਕਾ ਕੈਬਨਿਟ ਮੰਤਰੀ ਅਰੁਣੇਸ਼ ਸ਼ਾਕਰ ਰਾਹੀਂ ਖੰਨਾ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਸਾਊਦੀ ਅਰਬ ਵਿਚ ਉਸ ਦੇ ਪਤੀ ਦੀ ਮੌਤ ਹੋਣ 'ਤੇ ਮ੍ਰਿਤਕ ਦੇਹ ਭਾਰਤ ਵਾਪਸ ਲਿਆਉਣ ਵਿਚ ਆ ਰਹੀਆਂ ਸਮੱਸਿਆਵਾਂ ਤੋਂ ਜਾਣੂ ਕਰਵਾਇਆ ਸੀ। ਅਵਿਨਾਸ਼ ਰਾਏ ਖੰਨਾ ਨੇ ਸੁਸ਼ਮਾ ਦੇਵੀ ਦੀ ਸਮੱਸਿਆ ਸੁਣ ਕੇ ਵਿਦੇਸ਼ ਮੰਤਰਾਲਾ ਕੋਲੋਂ ਪ੍ਰਤਾਪ ਸਿੰਘ ਦੀ ਮ੍ਰਿਤਕ ਦੇਹ ਛੇਤੀ ਭਾਰਤ ਵਾਪਸ ਮੰਗਵਾਉਣ ਦੀ ਮੰਗ ਕੀਤੀ ਸੀ।
ਇਸ ਤੋਂ ਬਾਅਦ ਕੇਂਦਰੀ ਵਿਦੇਸ਼ ਮੰਤਰੀ ਸੁਭਰਾਮਣੀਅਮ ਜੈਸ਼ੰਕਰ ਨੇ ਪੱਤਰ ਲਿਖ ਕੇ ਖੰਨਾ ਨੂੰ ਸੂਚਿਤ ਕੀਤਾ ਕਿ ਪ੍ਰਤਾਪ ਸਿੰਘ ਦੀ ਮ੍ਰਿਤਕ ਦੇਹ ਭਾਰਤ ਭੇਜ ਦਿੱਤੀ ਗਈ ਹੈ। ਜੌਲੀ ਨੇ ਦੱਸਿਆ ਕਿ ਖੰਨਾ ਦੇ ਨਿਰਦੇਸ਼ਾਂ 'ਤੇ ਮ੍ਰਿਤਕ ਦੀ ਪਤਨੀ ਸੁਸ਼ਮਾ ਦੇਵੀ ਨਾਲ ਸੰਪਰਕ ਕੀਤਾ ਗਿਆ, ਜਿਸ 'ਤੇ ਸੁਸ਼ਮਾ ਦੇਵੀ ਨੇ ਕੇਂਦਰ ਸਰਕਾਰ ਅਤੇ ਅਵਿਨਾਸ਼ ਰਾਏ ਖੰਨਾ ਦਾ ਧੰਨਵਾਦ ਕੀਤਾ।