ਸਬ-ਇੰਸਪੈਕਟਰ ਦੀ ਕਾਰ ਹੇਠਾਂ IED ਲਾਉਣ ਦਾ ਮਾਮਲਾ, ਮੋਟਰਸਾਈਕਲ ਮੁਹੱਈਆ ਕਰਵਾਉਣ ਵਾਲਾ ਗ੍ਰਿਫ਼ਤਾਰ

Saturday, Sep 24, 2022 - 09:54 PM (IST)

ਸਬ-ਇੰਸਪੈਕਟਰ ਦੀ ਕਾਰ ਹੇਠਾਂ IED ਲਾਉਣ ਦਾ ਮਾਮਲਾ, ਮੋਟਰਸਾਈਕਲ ਮੁਹੱਈਆ ਕਰਵਾਉਣ ਵਾਲਾ ਗ੍ਰਿਫ਼ਤਾਰ

ਚੰਡੀਗੜ੍ਹ (ਬਿਊਰੋ) : ਕੈਨੇਡਾ ਬੈਠੇ ਗੈਂਗਸਟਰ ਲਖਬੀਰ ਸਿੰਘ ਉਰਫ ਲੰਡਾ ਦੇ ਨਿਰਦੇਸ਼ਾਂ ’ਤੇ ਅੰਮ੍ਰਿਤਸਰ ’ਚ ਸਬ-ਇੰਸਪੈਕਟਰ ਦੀ ਕਾਰ ਹੇਠਾਂ ਇੰਪਰੂਵਾਈਜ਼ਡ ਐਕਸਪਲੋਸਿਵ ਡਿਵਾਈਸ (ਆਈ. ਈ. ਡੀ.) ਲਾਉਣ ਲਈ ਮੁਲਜ਼ਮਾਂ ਵੱਲੋਂ ਵਰਤੇ ਗਏ ਮੋਟਰਸਾਈਕਲ ਦਾ ਪ੍ਰਬੰਧ ਕਰਨ ਵਾਲੇ ਵਿਅਕਤੀ ਨੂੰ ਪੰਜਾਬ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਜਾਣਕਾਰੀ ਦਿੰਦਿਆਂ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਨੇ ਸ਼ਨੀਵਾਰ ਇੱਥੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦੀ ਪਛਾਣ ਸਤਨਾਮ ਸਿੰਘ ਉਰਫ ਹਨੀ ਵਾਸੀ ਪੱਟੀ, ਤਰਨਤਾਰਨ ਵਜੋਂ ਹੋਈ ਹੈ। ਇਸ ਮਾਮਲੇ ’ਚ ਇਹ ਨੌਵੀਂ ਗ੍ਰਿਫ਼ਤਾਰੀ ਹੈ। ਉਹ ਲੰਡਾ ਦੇ ਸਿੱਧੇ ਸੰਪਰਕ ’ਚ ਸੀ ਅਤੇ ਉਸ ਵੱਲੋਂ ਦਿੱਤੇ ਗਏ ਕੰਮਾਂ ਨੂੰ ਪੂਰਾ ਕਰ ਰਿਹਾ ਸੀ। ਇਹ ਕਾਰਵਾਈ ਮੁੱਖ ਦੋਸ਼ੀ ਯੁਵਰਾਜ ਸੱਭਰਵਾਲ ਉਰਫ ਯਸ਼ , ਜਿਸ ਨੇ ਤਰਨਤਾਰਨ ਦੇ ਪਿੰਡ ਪੱਟੀ ਦੇ ਦੀਪਕ (ਗ੍ਰਿਫ਼ਤਾਰ) ਨਾਲ ਮਿਲ ਕੇ 16 ਅਗਸਤ, 2022 ਨੂੰ ਅੰਮ੍ਰਿਤਸਰ ਦੇ ਸੀ-ਬਲਾਕ ਰਣਜੀਤ ਐਵੇਨਿਊ ਦੇ ਖੇਤਰ ’ਚ ਸਬ-ਇੰਸਪੈਕਟਰ ਦਿਲਬਾਗ ਸਿੰਘ ਦੀ ਰਿਹਾਇਸ਼ ਦੇ ਬਾਹਰ ਪਾਰਕ ਕੀਤੀ ਐੱਸਯੂਵੀ ਬੋਲੈਰੋ (ਪੀਬੀ02-ਸੀਕੇ-0800) ਦੇ ਹੇਠਾਂ ਆਈ.ਈ.ਡੀ. ਲਗਾਈ ਸੀ, ਦੀ ਗ੍ਰਿਫ਼ਤਾਰੀ ਤੋਂ ਇਕ ਦਿਨ ਬਾਅਦ ਅਮਲ ’ਚ ਲਿਆਂਦੀ ਗਈ ਹੈ।

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਜਗਦੀਸ਼ ਸਿੰਘ ਝੀਂਡਾ ਬਣੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ

ਡੀ.ਜੀ.ਪੀ. ਗੌਰਵ ਯਾਦਵ ਨੇ ਦੱਸਿਆ ਕਿ ਸਤਨਾਮ ਹਨੀ ਦੇ ਲਖਬੀਰ ਲੰਡਾ ਵੱਲੋਂ ਦਿੱਤੇ ਗਏ ਵੀਜ਼ੇ ’ਤੇ ਦੁਬਈ ਭੱਜਣ ਦੀ ਕੋਸ਼ਿਸ਼ ਕਰਨ ਦੀ ਖੁਫ਼ੀਆ ਇਤਲਾਹ ਦੇ ਆਧਾਰ ’ਤੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐੱਸ.ਐੱਸ.ਓ.ਸੀ.), ਐੱਸ.ਏ.ਐੱਸ. ਨਗਰ ਦੀ ਟੀਮ ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਸਤਨਾਮ ਹਨੀ ਨੂੰ ਆਈ.ਪੀ.ਸੀ. ਦੀ ਧਾਰਾ 153, 153-ਏ ਅਤੇ 120-ਬੀ, ਐੱਨ.ਡੀ.ਪੀ.ਐੱਸ. ਐਕਟ ਦੀ ਧਾਰਾ 21-61-85 ਅਤੇ ਅਸਲਾ ਐਕਟ ਦੀ 25-  54-59 ਤਹਿਤ ਪੁਲਸ ਥਾਣਾ ਐੱਸ. ਐੱਸ. ਓ. ਸੀ. ਮੋਹਾਲੀ ਵਿਖੇ ਦਰਜ ਐੱਫ.ਆਈ.ਆਰ. ਨੰਬਰ 6 23/08/2022 ’ਚ ਗ੍ਰਿਫ਼ਤਾਰ ਕੀਤਾ ਗਿਆ ਹੈ।  ਡੀ.ਜੀ.ਪੀ. ਨੇ ਦੱਸਿਆ ਕਿ ਮੁੱਢਲੀ ਜਾਂਚ ਅਨੁਸਾਰ ਸਤਨਾਮ ਹਨੀ 2015 ’ਚ ਤਰਨਤਾਰਨ ਵਿਚ ਆਪਣੇ  ਦੋਸਤ ਮਲਕੀਤ ਸਿੰਘ ਉਰਫ ਲੱਡੂ ਵਾਸੀ ਪੱਟੀ ਦੇ ਵਿਆਹ ’ਚ ਲਖਬੀਰ ਲੰਡਾ ਦੇ ਸੰਪਰਕ ’ਚ ਆਇਆ ਸੀ। ਬਾਅਦ ’ਚ ਸਾਲ 2021 ਦੌਰਾਨ ਇਕ ਸਥਾਨਕ ਅਨਾਜ ਮੰਡੀ ’ਚ ਫਸਲ ਦੀ ਢੋਆ-ਢੁਆਈ ਕਰਨ ਵਾਲਾ ਹਨੀ, ਮਲਕੀਤ ਲੱਡੂ, ਜੋ ਉਸ ਸਮੇਂ ਟਰੱਕ ਯੂਨੀਅਨ ਪੱਟੀ ਦਾ ਪ੍ਰਧਾਨ ਸੀ, ਨਾਲ ਨੇੜਿਓਂ ਜੁੜਿਆ ਸੀ। ਉਨ੍ਹਾਂ ਦੱਸਿਆ ਕਿ ਸਤਨਾਮ ਹਨੀ ਦਾ ਨਾਂ ਇਕ ਦੋਹਰੇ ਕਤਲ ਕੇਸ ’ਚ ਵੀ ਸਾਹਮਣੇ ਆਇਆ ਸੀ, ਜਿਸ ’ਚ ਮਈ 2021 ਵਿਚ ਪੱਟੀ ਬਾਬਾ ਬੱਲੂ ਸ਼ਾਹ ਦੀ ਦਰਗਾਹ ’ਤੇ ਲਖਬੀਰ ਲੰਡਾ ਦੇ ਇਸ਼ਾਰੇ ’ਤੇ ਗੈਂਗਸਟਰ ਪ੍ਰੀਤ ਸੇਖੋਂ ਵੱਲੋਂ ਅਮਨਦੀਪ ਸਿੰਘ ਉਰਫ ਫੌਜੀ ਅਤੇ ਪ੍ਰਭਦੀਪ ਸਿੰਘ ਉਰਫ ਪੂਰਨ ਦਾ ਕਤਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ’ਚ ਮਲਕੀਤ ਲੱਡੂ, ਸੁਮੇਰ ਸਿੰਘ ਉਰਫ ਬਿੱਲਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ, ਜਦਕਿ ਸਤਨਾਮ ਹਨੀ ਅਤੇ ਗੌਰਵਦੀਪ ਸਿੰਘ ਉਰਫ ਗੌਰੀ ਨੂੰ ਮਲਕੀਤ ਲੱਡੂ ਨਾਲ ਨੇੜਤਾ ਕਾਰਨ ਨਾਮਜ਼ਦ ਕੀਤਾ ਗਿਆ ਸੀ।

ਇਹ ਖ਼ਬਰ ਵੀ ਪੜ੍ਹੋ : ਇਤਰਾਜ਼ਯੋਗ ਵੀਡੀਓ ਵਾਇਰਲ ਮਾਮਲਾ, ਪੰਜਾਬ ਪੁਲਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇਕ ਫ਼ੌਜੀ ਨੂੰ ਕੀਤਾ ਗ੍ਰਿਫ਼ਤਾਰ

ਡੀ.ਜੀ.ਪੀ. ਨੇ ਦੱਸਿਆ ਕਿ ਸਤਨਾਮ ਹਨੀ ਲਖਬੀਰ ਲੰਡਾ ਦੇ ਸਾਥੀ ਵਜੋਂ ਕੰਮ ਕਰਦਾ ਸੀ ਅਤੇ ਉਸ ਦੇ ਨਿਰਦੇਸ਼ਾਂ ’ਤੇ ਹਨੀ ਲੰਡਾ ਦੇ ਅੱਤਵਾਦੀ ਹਾਰਡਵੇਅਰ ਦੀਆਂ ਕਈ ਖੇਪਾਂ ਨੂੰ ਸੰਭਾਲਦਾ ਸੀ ਅਤੇ ਹਨੀ ਨੂੰ ਘੱਟੋ-ਘੱਟ ਛੇ ਮੌਕਿਆਂ ’ਤੇ ਮੋਟੀ ਰਕਮ ਦਿੱਤੀ ਗਈ ਸੀ । ਉਨ੍ਹਾਂ ਕਿਹਾ ਕਿ ਲੰਡਾ ਨੇ ਉਸ ਨਾਲ ਵਾਅਦਾ ਕੀਤਾ ਸੀ ਕਿ ਉਹ ਉਸਨੂੰ ਦੁਬਈ ਰਾਹੀਂ ਕੈਨੇਡਾ ਪਹੁੰਚਾ ਦੇਵੇਗਾ। ਜਾਂਚ ਤੋਂ ਪਤਾ ਲੱਗਾ ਹੈ ਕਿ ਸਤਨਾਮ ਹਨੀ ਨੇ ਹੁਣ ਤੱਕ ਲਖਬੀਰ ਲੰਡਾ ਦੇ ਇਸ਼ਾਰੇ ’ਤੇ ਵੱਖ-ਵੱਖ ਮੌਕਿਆਂ ’ਤੇ ਅਤੇ ਵੱਖ-ਵੱਖ ਕਾਰਵਾਈਆਂ ਲਈ ਲਗਭਗ 4 ਲੱਖ ਰੁਪਏ ਦੀ ਰਕਮ, ਇਕ ਆਈ. ਈ. ਡੀ., 02 ਪਿਸਤੌਲ ਅਤੇ 20 ਜ਼ਿੰਦਾ ਕਾਰਤੂਸ ਪ੍ਰਾਪਤ ਕੀਤੇ ਹਨ। ਡੀ.ਜੀ.ਪੀ. ਨੇ ਦੁਹਰਾਇਆ, “ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਮਾਜ ਵਿਰੋਧੀ ਅਨਸਰਾਂ ਨੂੰ ਜ਼ੀਰੋ-ਟੌਲਰੈਂਸ ਅਪਣਾਉਣ ਦੇ ਨਾਲ ਪੰਜਾਬ ਪੁਲਸ ਸੂਬੇ ’ਚੋਂ ਗੈਂਗਸਟਰਾਂ ਅਤੇ ਨਸ਼ਿਆਂ ਦਾ ਸਫਾਇਆ ਕਰਨ ਲਈ ਵਚਨਬੱਧ ਹੈ।” ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਲੌਜਿਸਟਿਕ, ਤਕਨੀਕੀ ਅਤੇ ਵਿੱਤੀ ਸਹਾਇਤਾ ਪ੍ਰਦਾਨ ਕਰਨ ਦੇ ਦੋਸ਼ ’ਚ ਗ੍ਰਿਫ਼ਤਾਰ ਕੀਤੇ ਗਏ ਛੇ ਹੋਰ ਵਿਅਕਤੀਆਂ ਦੀ ਪਛਾਣ ਬਰਖਾਸਤ ਕਾਂਸਟੇਬਲ ਹਰਪਾਲ ਸਿੰਘ ਅਤੇ ਫਤਿਹਦੀਪ ਸਿੰਘ ਦੋਵੇਂ ਵਾਸੀ ਪਿੰਡ ਸਭਰਾ ਜਿਲਾ ਤਰਨਤਾਰਨ, ਰਜਿੰਦਰ ਕੁਮਾਰ ਉਰਫ ਬਾਊ ਵਾਸੀ ਹਰੀਕੇ ਜ਼ਿਲਾ ਤਰਨਤਾਰਨ , ਖੁਸ਼ਹਾਲਬੀਰ ਸਿੰਘ ਉਰਫ ਚਿੱਟੂ, ਵਰਿੰਦਰ ਸਿੰਘ ਉਰਫ ਅੱਬੂ ਅਤੇ ਗੁਰਪ੍ਰੀਤ ਸਿੰਘ ਉਰਫ ਗੋਪੀ ਤਿੰਨੋਂ ਵਾਸੀ ਭਿੱਖੀਵਿੰਡ ਵਜੋਂ ਹੋਈ ਹੈ। ਸਥਾਨਕ ਪੁਲਸ ਨੇ ਮੌਕੇ ਤੋਂ ਤਕਰੀਬਨ 2.79 ਕਿਲੋ ਵਜ਼ਨ ਵਾਲਾ, ਆਈ.ਈ.ਡੀ. ਨੂੰ ਟ੍ਰਿਗਰ ਕਰਨ ਵਾਲਾ ਮੋਬਾਈਲ ਫੋਨ ਅਤੇ ਤਕਰੀਬਨ 2.17 ਕਿਲੋਗ੍ਰਾਮ ਉੱਚ ਵਿਸਫੋਟਕ ਵੀ ਬਰਾਮਦ ਕੀਤਾ ਸੀ।

ਇਹ ਖ਼ਬਰ ਵੀ ਪੜ੍ਹੋ : ਫ਼ਿਰੋਜ਼ਪੁਰ ’ਚ ਵਪਾਰੀ ’ਤੇ ਦਿਨ-ਦਿਹਾੜੇ ਚਲਾਈਆਂ ਗੋਲ਼ੀਆਂ, ਫ਼ੈਲੀ ਦਹਿਸ਼ਤ


author

Manoj

Content Editor

Related News