ਸਤਲੁਜ ਦਾ ਪਾਣੀ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਰਾ ਲਾਉਣ ਲੱਗਾ

06/17/2019 3:52:59 PM

ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਨੇੜ੍ਹੇ ਵਗਦੇ ਸਤਲੁਜ ਦਰਿਆ 'ਚ ਚੱਲਦਾ ਪਾਣੀ ਪਿੰਡ ਧੁੱਲੇਵਾਲ ਦੇ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਖੋਰਾ ਲਗਾ ਰਿਹਾ ਹੈ ਅਤੇ ਕਿਸਾਨਾਂ ਨੇ ਦੋਸ਼ ਲਾਇਆ ਕਿ ਡ੍ਰੇਨਜ਼ ਵਿਭਾਗ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਬਚਾਉਣ ਲਈ ਕੋਈ ਪੁਖਤਾ ਪ੍ਰਬੰਧ ਨਹੀਂ ਕਰ ਰਿਹਾ, ਜਿਸ ਕਾਰਨ ਉਨ੍ਹਾਂ 'ਚ ਸਰਕਾਰ ਖਿਲਾਫ਼ ਰੋਸ ਪਾਇਆ ਜਾ ਰਿਹਾ ਹੈ। 
ਪਿੰਡ ਧੁੱਲੇਵਾਲ ਦੇ ਕਿਸਾਨਾਂ ਨੇ ਸਤਲੁਜ ਦਰਿਆ 'ਚ ਜ਼ਮੀਨ ਨੂੰ ਢਾਹ ਲਾਉਂਦਾ ਵਗਦਾ ਪਾਣੀ ਦਿਖਾਉਂਦੇ ਕਿਹਾ ਕਿ ਪਿਛਲੇ ਕਾਫ਼ੀ ਦਿਨਾਂ ਤੋਂ ਇਹ ਤੇਜ਼ ਪਾਣੀ 'ਚ ਉਨ੍ਹਾਂ ਦੀ ਕਾਫ਼ੀ ਜ਼ਮੀਨ ਭੇਂਟ ਚੜ੍ਹ ਗਈ ਅਤੇ ਉਨ੍ਹਾਂ ਵਲੋਂ ਕਈ ਵਾਰ ਡ੍ਰੇਨਜ਼ ਵਿਭਾਗ ਦੇ ਅਧਿਕਾਰੀਆਂ ਤੇ ਸਰਪੰਚ ਨੂੰ ਕਿਹਾ ਗਿਆ ਕਿ ਮਨਰੇਗਾ ਯੋਜਨਾ ਤਹਿਤ ਜ਼ਮੀਨ ਨੂੰ ਬਚਾਉਣ ਲਈ ਰੇਤ ਦੀਆਂ ਭਰੀਆਂ ਬੋਰੀਆਂ ਤੇ ਪੱਥਰ ਲਗਾਏ ਜਾਣ।

PunjabKesari

ਕਿਸਾਨਾਂ ਨੇ ਦੱਸਿਆ ਕਿ ਲੁਧਿਆਣਾ 'ਚ ਧੁੱਲੇਵਾਲ ਪਿੰਡ ਸਭ ਤੋਂ ਨਾਜ਼ੁਕ ਸਥਾਨ ਮੰਨਿਆ ਜਾਂਦਾ ਹੈ, ਜਿੱਥੇ ਦਰਿਆ 'ਚ ਹੜ੍ਹ ਆਉਣ ਦੀ ਸਥਿਤੀ ਵਿਚ ਧੁੱਸੀ ਬੰਨ੍ਹ ਨੂੰ ਪਾੜ ਪੈ ਸਕਦਾ ਹੈ ਕਿਉਂਕਿ ਇੱਥੇ ਪਾਣੀ ਜ਼ਮੀਨਾਂ ਨੂੰ ਖੋਰਾ ਲਾਉਂਦਾ ਲਗਾਤਾਰ ਬੰਨ੍ਹ ਵੱਲ ਨੂੰ ਵਧਦਾ ਆ ਰਿਹਾ ਹੈ। ਕਿਸਾਨ ਕਰਨੈਲ ਸਿੰਘ ਨੇ ਦੱਸਿਆ ਕਿ ਉਹ ਤਿੰਨ ਭਰਾ ਹਨ, ਜਿਨ੍ਹਾਂ ਦੀ 14 ਏਕੜ ਜ਼ਮੀਨ ਨੂੰ ਪਾਣੀ ਖੋਰਾ ਲਗਾਉਂਦਾ ਹੋਇਆ ਦਰਿਆ ਵਿਚ ਲੈ ਗਿਆ। 
ਇਸ ਤੋਂ ਇਲਾਵਾ ਕਿਸਾਨ ਸਿਕੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ 7 ਏਕੜ ਜ਼ਮੀਨ ਦਰਿਆ ਦੀ ਭਂੇਟ ਚੜ੍ਹ ਚੁੱਕੀ ਹੈ ਅਤੇ ਹੁਣ ਉਨ੍ਹਾਂ ਕੋਲ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਤੇ ਖੇਤੀ ਕਰਨ ਲਈ ਕੋਈ ਜਮੀਨ ਨਹੀਂ ਬਚਦੀ। ਕਿਸਾਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਧੁੱਲੇਵਾਲ ਦੀ ਸਭ ਤੋਂ ਨਾਜ਼ੁਕ ਸਥਿਤੀ ਬੁਰਜੀ ਨੰਬਰ 74 ਦੀ ਹੈ ਪਰ ਡ੍ਰੇਨਜ਼ ਵਿਭਾਗ ਉਨ੍ਹਾਂ ਦੀ ਜ਼ਮੀਨ ਬਚਾਉਣ ਦੀ ਬਜਾਏ ਬੁਰਜੀ ਨੰਬਰ 78 'ਤੇ ਜਿੱਥੇ ਅਜੇ ਲੋੜ ਨਹੀਂ ਉਥੇ ਬੋਰੀਆਂ ਤੇ ਪੱਥਰ ਲਗਾ ਰਿਹਾ ਹੈ।

ਕਿਸਾਨਾਂ ਨੇ ਇਹ ਵੀ ਦੋਸ਼ ਲਗਾਇਆ ਕਿ ਬੁਰਜੀ ਨੰਬਰ 78 ਨੇੜ੍ਹੇ ਪਿੰਡ ਦੇ ਸਰਪੰਚ ਤੇ ਉਸਦੇ ਰਿਸ਼ਤੇਦਾਰਾਂ ਦੀ ਜਮੀਨ ਹੈ ਅਤੇ ਕੇਵਲ ਉਸ ਨੂੰ ਬਚਾਉਣ ਲਈ ਉਥੇ ਮਜ਼ਦੂਰ ਵੱਧ ਤੋਂ ਵੱਧ ਲਗਾਏ ਗਏ ਹਨ ਜਦਕਿ ਉਨ੍ਹਾਂ ਦੀ ਜਮੀਨ ਜੋ ਰੋਜ਼ਾਨਾ ਦਰਿਆ ਵਿਚ ਰੁੜ੍ਹ ਰਹੀ ਹੈ, ਉਸ ਲਈ ਡ੍ਰੇਨਜ਼ ਵਿਭਾਗ ਵਲੋਂ ਕੋਈ ਉਪਰਾਲਾ ਨਾ ਕਰਨਾ ਸਿੱਧੇ ਤੌਰ 'ਤੇ ਪੱਖਪਾਤ ਹੈ। ਕਿਸਾਨਾਂ ਨੇ ਸਰਕਾਰ ਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਬਰਸਾਤਾਂ ਤੋਂ ਪਹਿਲਾਂ ਧੁੱਸੀ ਬੰਨ੍ਹ ਅਤੇ ਉਨ੍ਹਾਂ ਦੀ ਰੁੜ ਰਹੀ ਜਮੀਨ ਨੂੰ ਬਚਾਉਣ ਲਈ ਤੁਰੰਤ ਬਚਾਅ ਕਾਰਜ਼ ਆਰੰਭੇ ਜਾਣ ਅਤੇ ਬੁਰਜੀ ਨੰ. 74 ਨੇੜ੍ਹੇ ਵੀ ਪੱਥਰ ਦੀਆਂ ਠੋਕਰਾਂ ਤੇ ਮਿੱਟੇ ਦੇ ਥੈਲੇ ਲਗਾਏ ਜਾਣ।


Babita

Content Editor

Related News