ਸਰਨਾ ਦਾ ਜਥੇਦਾਰ ਨੂੰ ਪੱਤਰ, ‘ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਰਲੋਚਨ ਸਿੰਘ, ਕਾਲਕਾ ਤੇ ਕਾਹਲੋਂ ਨੂੰ ਕੀਤਾ ਜਾਵੇ ਤਲਬ’
Thursday, Jan 12, 2023 - 10:34 PM (IST)

ਅੰਮ੍ਰਿਤਸਰ (ਜ. ਬ.)-ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪੱਤਰ ਲਿਖਿਆ ਹੈ। ਇਹ ਪੱਤਰ ਅੱਜ ਸ੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ’ਤੇ ਜਥੇਦਾਰ ਦੇ ਨਿੱਜੀ ਸਹਾਇਕ ਜਸਪਾਲ ਸਿੰਘ ਨੂੰ ਪਰਮਜੀਤ ਸਿੰਘ ਸਰਨਾ ਵੱਲੋਂ ਮਨਿੰਦਰ ਸਿੰਘ ਧੁੰਨਾ, ਬਿਕਰਮਜੀਤ ਸਿੰਘ, ਸਿਮਰਨਜੋਤ ਸਿੰਘ ਨੇ ਸੌਂਪਿਆ।
ਇਹ ਖ਼ਬਰ ਵੀ ਪੜ੍ਹੋ : ਪ੍ਰਿਯੰਕਾ ਗਾਂਧੀ ਦਾ ਜਨਮ ਦਿਨ ਮਨਾਉਣ ਲਈ ‘ਭਾਰਤ ਜੋੜੋ ਯਾਤਰਾ’ ਵਿਚਾਲੇ ਛੱਡ ਕੇ ਗਏ ਰਾਹੁਲ ਗਾਂਧੀ
ਪਰਮਜੀਤ ਸਿੰਘ ਸਰਨਾ ਨੇ ਲਿਖਿਆ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦਿੱਲੀ ’ਚ 5 ਤੋਂ 7 ਜਨਵਰੀ ਤੱਕ ਕਰਵਾਈ ਗਈ ਪਹਿਲੀ ਸਿੱਖ ਇਤਿਹਾਸ ਕਾਨਫਰੰਸ ’ਚ ਬੋਲਦਿਆਂ ਤਰਲੋਚਨ ਸਿੰਘ ਸਾਬਕਾ ਰਾਜ ਸਭਾ ਮੈਂਬਰ ਨੇ ਜ਼ੋਰ ਦੇ ਕੇ ਆਖਿਆ ਕਿ ਗੁਰੂ ਨਾਨਕ ਦੇਵ ਜੀ ਨੇ 30 ਹਜ਼ਾਰ ਕਿਲੋਮੀਟਰ ਦਾ ਸਫ਼ਰ ਹਿੰਦੁਸਤਾਨ ਦੀ ਏਕਤਾ ਲਈ ਕੀਤਾ, ਜੋ ਝੂਠ ਹੀ ਨਹੀਂ ਸਗੋਂ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਮੁੱਚੇ ਸੰਸਾਰ ਦੇ ਮਾਨਵਤਾਵਾਦੀ ਸਿਧਾਂਤ ’ਤੇ ਵੀ ਸਿੱਧਾ ਹਮਲਾ ਹੈ ਕਿਉਂਕਿ ਗੁਰੂ ਨਾਨਕ ਪਾਤਸ਼ਾਹ ਜੀ ਦੇ ਸਫ਼ਰ ਬਾਰੇ ਭਾਈ ਗੁਰਦਾਸ ਜੀ ਨੇ ਕਿਹਾ ਕਿ ਉਨ੍ਹਾਂ ਨੇ ਇਹ ਸਫ਼ਰ ਸਮੁੱਚੀ ਮਨੁੱਖਤਾ ਦੇ ਭਲੇ ਤੇ ਸਾਰੇ ਸੰਸਾਰ ਦੇ ਕਲਿਆਣ ਹਿੱਤ ਕੀਤਾ, ਨਾ ਕਿ ਇਕ ਦੇਸ਼ ਦੀ ਏਕਤਾ ਵਾਸਤੇ ਕਿਉਂਕਿ ਗੁਰੂ ਪਾਤਸ਼ਾਹ ਬਗਦਾਦ ਵੀ ਗਏ। ਧਰਮ ਅਸਥਾਨਾਂ ਦੇ ਮੁਖੀਆਂ ਨਾਲ ਸਾਰਥਕ ਚਰਚਾ ਵੀ ਕੀਤੀ। ਤਰਲੋਚਨ ਸਿੰਘ ਨੇ ਸਿੱਖ ਇਤਿਹਾਸ ਨਾਲ ਛੇੜਛਾੜ ਕੀਤੀ ਹੈ।
ਇਹ ਖ਼ਬਰ ਵੀ ਪੜ੍ਹੋ : ਮਲੇਸ਼ੀਆ ਤੋਂ ਆਈ ਮੰਦਭਾਗੀ ਖ਼ਬਰ, ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
ਉੱਤਰਾਖੰਡ ਦੇ ਰਾਜਪਾਲ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ ਸੇਵਾ-ਮੁਕਤ ਨੇ ਇਕ ਓਂਕਾਰ ਨੂੰ ਏਕਮ ਆਖ ਕੇ ਵੱਡਾ ਗੁਨਾਹ ਕੀਤਾ ਹੈ। ਸਰਨਾ ਨੇ ਕਿਹਾ ਕਿ ਉਨ੍ਹਾਂ ਨੇ ਪਿਛਲੇ ਦਿਨੀਂ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਨੂੰ ਦਰਕਿਨਾਰ ਕਰਕੇ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਉਲਟ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ‘ਵੀਰ ਬਾਲ ਦਿਵਸ’ ਮਨਾਉਣ ਬਾਰੇ ਵੀ ਪੱਤਰ ਲਿਖ ਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ, ਸਕੱਤਰ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰਨ ਦੀ ਬੇਨਤੀ ਕੀਤੀ ਸੀ। ਉਸ ਬੇਨਤੀ ਸਣੇ ਤਰਲੋਚਨ ਸਿੰਘ, ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪ੍ਰਿੰਸੀਪਲ ਜਸਵਿੰਦਰ ਸਿੰਘ, ਰਾਜਪਾਲ ਗੁਰਮੀਤ ਸਿੰਘ, ਦਿੱਲੀ ਕਮੇਟੀ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ, ਸਕੱਤਰ ਜਗਦੀਪ ਸਿੰਘ ਕਾਹਲੋਂ ਤੇ ਹੋਰ ਇਸ ’ਚ ਸ਼ਾਮਲ ਲੋਕਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਤਲਬ ਕਰ ਕੇ ਧਾਰਮਿਕ ਸਜ਼ਾ ਸੁਣਾਈ ਜਾਵੇ।