ਬਚਪਨ ’ਚ ਟਰੈਫਿਕ ਸਿਗਨਲ ’ਤੇ ਵੇਚੇ ਫੁੱਲ, PHD ਮਗਰੋਂ ਹੁਣ ਸਰਿਤਾ ਮਾਲੀ 7 ਸਾਲ ਅਮਰੀਕਾ 'ਚ ਕਰੇਗੀ ਖੋਜ
Saturday, May 14, 2022 - 06:04 PM (IST)
ਜਲੰਧਰ (ਵਿਸ਼ੇਸ਼)-ਜਨੂੰਨ ਅਤੇ ਸੰਘਰਸ਼ ਕਰਨ ਦਾ ਜਜ਼ਬਾ ਹੋਵੇ ਤਾਂ ਕੀ ਕੁਝ ਹਾਸਲ ਨਹੀਂ ਕੀਤਾ ਜਾ ਸਕਦਾ? ਇਸੇ ਕਥਨ ਦੀ ਪੁਸ਼ਟੀ ਕਰ ਰਹੀ ਹੈ ਜਵਾਹਰਲਾਲ ਨਹਿਰੂ ਯੂਨੀਵਰਸਿਟੀ (ਜੇ. ਐੱਨ. ਯੂ.) ਦੀ ਵਿਦਿਆਰਥਣ ਰਹੀ ਸਰਿਤਾ ਮਾਲੀ। ਸਰਿਤਾ ਮਾਲੀ ਦੀ ਚੋਣ ਅਮਰੀਕਾ ਦੀ ਕੈਲੀਫ਼ੋਰਨੀਆ ਯੂਨੀਵਰਸਿਟੀ ਵਿਚ ਹੋਈ ਹੈ। ਹੁਣ ਉਹ ਜੇ. ਐੱਨ. ਯੂ. ਤੋਂ ਪੀ. ਐੱਚ. ਡੀ. ਕਰਨ ਤੋਂ ਬਾਅਦ ਅਮਰੀਕਾ ਜਾਵੇਗੀ। ਜਿੱਥੇ ਉਹ ਅਗਲੇ 7 ਸਾਲ ਤੱਕ ਖੋਜ ਕਰੇਗੀ। ਸਰਿਤਾ ਮਾਲੀ ਜਿਸ ਸਮਾਜਿਕ ਪਿਛੋਕੜ ਤੋਂ ਆਉਂਦੀ ਹੈ, ਉਥੋਂ ਜੇ. ਐੱਨ. ਯੂ. ਅਤੇ ਹੁਣ ਅਮਰੀਕਾ ਜਾਣਾ ਕੋਈ ਆਮ ਗੱਲ ਨਹੀਂ ਹੈ। ਇਹ ਕਿਸੇ ਸੁਫ਼ਨੇ ਵਰਗਾ ਹੈ, ਜਿਸ ਨੂੰ ਸਰਿਤਾ ਮਾਲੀ ਨੇ ਸੱਚ ਕਰ ਵਿਖਾਇਆ ਹੈ। ਉਸ ਨੂੰ ਅਮਰੀਕਾ ਤੋਂ ਚਾਂਸਲਰ ਫੈਲੋਸ਼ਿਪ ਮਿਲੀ ਹੈ। ਨਗਰਪਾਲਿਕਾ ਸਕੂਲ ਵਿਚ ਪੜ੍ਹੀ ਸਰਿਤਾ ਨੇ ਗ੍ਰੈਜੂਏਸ਼ਨ ਦੀ ਪੜ੍ਹਾਈ ਪੂਰੀ ਹੋਣ ਤੱਕ ਹਰ ਦਿਨ ਆਪਣੇ ਪਿਤਾ ਦੇ ਫੁੱਲਾਂ ਦੇ ਵਪਾਰ ਵਿਚ ਮਦਦ ਕੀਤੀ। ਇਕ ਸਮਾਂ ਸੀ ਜਦੋਂ ਉਹ ਮੁੰਬਈ ਦੀਆਂ ਸੜਕਾਂ ’ਤੇ ਫੁੱਲਾਂ ਦੇ ਹਾਲ ਵੇਚਦੇ ਹੋਏ ਨਜ਼ਰ ਆਉਂਦੀ ਸੀ। ਉਸ ਨੇ ਆਪਣੇ ਸੰਘਰਸ਼ ਦੀ ਕਹਾਣੀ ਨੂੰ ਆਪਣੀ ਫੇਸਬੁੱਕ ਅਕਾਊਂਟ ’ਤੇ ਸਾਂਝਾ ਕੀਤਾ ਹੈ।
ਸੰਘਰਸ਼ ਨਾ ਕਰਦੀ ਤਾਂ ਇੰਝ ਹੀ ਬੀਤ ਜਾਂਦੀ ਜ਼ਿੰਦਗੀ
ਆਪਣੀ ਪੋਸਟ ਵਿਚ ਉਸ ਨੇ ਲਿਖਿਆ ਕਿ ਜਦੋਂ ਅਸੀਂ ਸਾਰੇ ਭਰਾ-ਬੈਣ ਤਿਉਹਾਰਾਂ ’ਤੇ ਪਾਪਾ ਨਾਲ ਸੜਕ ਕੰਢੇ ਬੈਠ ਕੇ ਫੁੱਲ ਵੇਚਦੇ ਸੀ ਓਦੋਂ ਅਸੀਂ ਵੀ ਗੱਡੀਆਂ ਵਾਲਿਆਂ ਦੇ ਪਿੱਛੇ ਇੰਝ ਹੀ ਦੌੜਦੇ ਸੀ। ਪਾਪਾ ਉਸ ਸਮੇਂ ਸਾਨੂੰ ਸਮਝਾਉਂਦੇ ਸਨ ਕਿ ਸਾਡੀ ਪੜ੍ਹਾਈ ਹੀ ਸਾਨੂੰ ਇਸ ਸ਼ਰਾਪ ਤੋਂ ਮੁਕਤੀ ਦਿਵਾ ਸਕਦੀ ਹੈ। ਜੇਕਰ ਅਸੀਂ ਨਹੀਂ ਪੜ੍ਹਾਂਗੇ ਤਾਂ ਸਾਡੀ ਪੂਰੀ ਜ਼ਿੰਦਗੀ ਖ਼ੁਦ ਦੀ ਜਿੰਦਾ ਰੱਖਣ ਲਈ ਸੰਘਰਸ਼ ਕਰਨ ਅਤੇ ਭੋਜਨ ਦੇ ਜੁਗਾੜ ਕਰਨ ਵਿਚ ਬੀਤ ਜਾਵੇਗੀ। ਅਸੀਂ ਇਸ ਦੇਸ਼ ਅਤੇ ਸਮਾਜ ਨੂੰ ਕੁਝ ਨਹੀਂ ਦੇ ਸਕਾਂਗੇ ਅਤੇ ਉਨ੍ਹਾਂ ਵਾਂਗ ਅਣਪੜ੍ਹ ਰਹਿ ਕੇ ਸਮਾਜ ਵਿਚ ਅਪਮਾਨਿਤ ਹੁੰਦੇ ਰਹਾਂਗੇ। ਮੈਂ ਇਹ ਸਭ ਨਹੀਂ ਕਹਿਣਾ ਚਾਹੁੰਦੀ ਹਾਂ ਪਰ ਮੈਂ ਇਹ ਵੀ ਨਹੀਂ ਚਾਹੁੰਦੀ ਕਿ ਸੜਕ ਕੰਢੇ ਫੁੱਲ ਵੇਚਦੇ ਕਿਸੇ ਬੱਚੇ ਦੀ ਉਮੀਦ ਟੁੱਟੇ ਉਸ ਦਾ ਹੌਂਸਲਾ ਖ਼ਤਮ ਹੋਵੇ।
ਇਹ ਵੀ ਪੜ੍ਹੋ: ਨਸ਼ਿਆਂ ’ਤੇ ਕੰਟਰੋਲ ਦੇ ਮਾਮਲੇ ’ਚ CM ਮਾਨ ਦੀ ਸਿਆਸਤਦਾਨਾਂ 'ਤੇ ਵੀ ਨਜ਼ਰ, ਗੰਭੀਰਤਾ ਤੋਂ ਅਧਿਕਾਰੀ ਸਹਿਮੇ
ਮੂਲ ਰੂਪ ਤੋਂ ਜੌਨਪੁਰ ਦੀ ਰਹਿਣ ਵਾਲੀ ਹੈ ਸਰਿਤਾ
ਉਹ ਲਿਖਦੀ ਹੈ ਕਿ ਕੁਝ ਸਫ਼ਰ ਦੇ ਅਖ਼ੀਰ ਵਿਚ ਅਸੀਂ ਭਾਵੁਕ ਹੋ ਉਠਦੇ ਹਾਂ ਕਿਉਂਕਿ ਇਹ ਅਜਿਹਾ ਸਫ਼ਰ ਹੈ ਜਿੱਥੇ ਮੰਜ਼ਿਲ ਦੀ ਚਾਹਤ ਤੋਂ ਜ਼ਿਆਦਾ ਉਸ ਦੇ ਨਾਲ ਦੀ ਚਾਹਤ ਜ਼ਿਆਦਾ ਸਕੂਨ ਦਿੰਦੀ ਹੈ। ਉਹ ਲਿਖਦੀ ਹੈ ਕਿ ਹੋ ਸਕਦਾ ਹੈ ਕਿ ਤੁਹਾਨੂੰ ਇਸ ਕਹਾਣੀ ’ਤੇ ਭਰੋਸਾ ਨਾ ਹੋਵੇ ਪਰ ਇਹ ਮੇਰੀ ਕਹਾਣੀ ਹੈ, ਮੇਰੀ ਆਪਣੀ ਕਹਾਣੀ। ਮੈਂ ਮੂਲ ਰੂਪ ਨਾਲ ਉੱਤਰ ਪ੍ਰਦੇਸ਼ ਦੇ ਜੌਨਪੁਰ ਜ਼ਿਲ੍ਹੇ ਤੋਂ ਹਾਂ ਪਰ ਮੇਰਾ ਜਨਮ ਅਤੇ ਮੇਰਾ ਪਾਲਣ-ਪੋਸ਼ਣ ਮੁੰਬਈ ਵਿਚ ਹੋਇਆ ਹੈ। ਮੈਂ ਭਾਰਤ ਦੇ ਜਿਸ ਸਮਾਜ ਤੋਂ ਆਈ ਹਾਂ, ਉਹ ਭਾਰਤ ਦੇ ਕਰੋੜਾਂ ਲੋਕਾਂ ਦੀ ਨਿਅਤੀ ਹੈ ਪਰ ਅੱਜ ਇਹ ਇਕ ਸਫ਼ਲ ਕਹਾਣੀ ਇਸ ਲਈ ਬਣ ਸਕੀ ਹੈ ਕਿਉਂਕਿ ਮੈਂ ਇਥੇ ਤੱਕ ਪਹੁੰਚੀ ਹਾਂ। ਜਦੋਂ ਤੁਸੀਂ ਕਿਸੇ ਹਨੇਰਮਈ ਸਮਾਜ ਵਿਚ ਪੈਦਾ ਹੁੰਦੇ ਹੋ ਤਾਂ ਉਮੀਦ ਦੀ ਮਧਿਅਮ ਰੌਸ਼ਨੀ ਜੋ ਦੂਰ ਤੋਂ ਰੁੱਕ-ਰੁੱਕ ਕੇ ਤੁਹਾਡੇ ਜੀਵਨ ਨੂੰ ਜਗਮਗਾਉਂਦੀ ਰਹਿੰਦੀ ਹੈ ਉਥੇ ਤੁਹਾਡਾ ਸਹਾਰਾ ਬਣਦੀ ਹੈ। ਮੈਂ ਵੀ ਉਸੇ ਜਗਮਗਾਉਂਦੀ ਹੋਈ ਸਿੱਖਿਆ ਰੂਪੀ ਰੌਸ਼ਨੀ ਦੇ ਪਿੱਛੇ ਚੱਲ ਪਈ।
22 ਸਾਲ ਦੀ ਉਮਰ ਵਿਚ ਕੀਤੀ ਖੋਜ
ਜੇ. ਐੱਨ. ਯੂ. ਨੇ ਮੈਨੂੰ ਉਹ ਇਨਸਾਨ ਬਣਾਇਆ, ਜੋ ਸਮਾਜ ਵਿਚ ਫੈਲੇ ਹਰ ਤਰ੍ਹਾਂ ਦੇ ਸ਼ੋਸ਼ਣ ਖ਼ਿਲਾਫ਼ ਬੋਲ ਸਕੇ। ਮੈਂ ਬੇਹੱਦ ਉਤਸ਼ਾਹਿਤ ਹਾਂ ਕਿ ਜੇ. ਐੱਨ. ਯੂ. ਨੇ ਹੁਣ ਤੱਕ ਜੋ ਕੁਝ ਸਿਖਾਇਆ ਉਸ ਨੂੰ ਅੱਗੇ ਆਪਣੀ ਖੋਜ ਦੇ ਮਾਧਿਅਮ ਨਾਲ ਪੂਰੀ ਦੁਨੀਆ ਨੂੰ ਦੇਣ ਦਾ ਇਕ ਮੌਕਾ ਮੈਨੂੰ ਮਿਲਿਆ ਹੈ। ਮੈਂ ਜੇ. ਐੱਨ. ਯੂ. ਮਾਸਰਟਸ ਕਰਨ ਆਈ ਸੀ ਅਤੇ ਹੁਣ ਇਥੋਂ ਐੱਮ. ਏ. ਐੱਮ. ਫਿਲ ਦੀ ਡਿਗਰੀ ਲੈ ਕੇ ਇਸ ਸਾਲ ਪੀ. ਐੱਚ. ਡੀ. ਕਰਨ ਤੋਂ ਬਾਅਦ ਮੈਨੂੰ ਅਮਰੀਕਾ ਵਿਚ ਦੋਬਾਰਾ ਪੀ. ਐੱਚ. ਡੀ. ਕਰਨ ਅਤੇ ਉਥੇ ਪੜ੍ਹਾਉਣ ਦਾ ਮੌਕਾ ਮਿਲਿਆ ਹੈ। ਪੜ੍ਹਾਈ ਨੂੰ ਲੈ ਕੇ ਹਮੇਸ਼ਾ ਮੇਰੇ ਅੰਦਰ ਇਕ ਜਨੂਨ ਰਿਹਾ ਹੈ। 22 ਸਾਲ ਦੀ ਉਮਰ ਵਿਚ ਮੈਂ ਖੋਜ਼ ਦੀ ਦੁਨੀਆ ਵਿਚ ਕਦਮ ਰੱਖਿਆ ਸੀ। ਖ਼ੁਸ਼ ਹਾਂ ਕਿ ਇਹ ਸਫ਼ਰ ਅੱਗੇ 7 ਸਾਲਾਂ ਤੱਕ ਜਾਰੀ ਰਹੇਗਾ।
ਇਹ ਵੀ ਪੜ੍ਹੋ: ਜਲੰਧਰ ਰੇਲਵੇ ਸਟੇਸ਼ਨ ’ਤੇ ਮਿਲੇ ਬੰਬ ਦੇ ਇਨਪੁੱਟ, ਪੁਲਸ ਪ੍ਰਸ਼ਾਸਨ ਨੂੰ ਪਈਆਂ ਭਾਜੜਾਂ
2014 ਵਿਚ ਮੈਂ ਆਈ ਸੀ ਜੇ. ਐੱਨ. ਯੂ.
ਇਸੇ ਭੁੱਖ, ਅੱਤਿਆਚਾਰ, ਅਪਮਾਨ ਅਤੇ ਨੇੜੇ-ਤੇੜੇ ਹੁੰਦੇ ਅਪਰਾਧ ਨੂੰ ਵੇਖਦੇ ਹੋਏ 2014 ਵਿਚ ਮੈਂ ਜੇ. ਐੱਨ. ਯੂ. ਹਿੰਦੀ ਸਾਹਿਤ ਵਿਚ ਮਾਸਰਟਸ ਕਰਨ ਆਈ। ਸਹੀ ਪੜ੍ਹਿਆ ਤੁਸੀਂ ‘ਜੇ. ਐੱਨ. ਯੂ.’ ਉਹੀ ਜੇ. ਐੱਨ. ਯੂ. ਜਿਸ ਨੂੰ ਕਈ ਲੋਕ ਬੰਦ ਕਰਨ ਦੀ ਮੰਗ ਕਰਦੇ ਹਨ, ਜਿਸ ਨੂੰ ਅੱਤਵਾਦੀ, ਦੇਸ਼ਦ੍ਰੇਹੀ, ਦੇਸ਼ ਵਿਰੋਧੀ ਪਤਾ ਨਹੀਂ ਕੀ-ਕੀ ਕਹਿੰਦੇ ਹਨ ਪਰ ਜਦੋਂ ਮੈਂ ਇਨ੍ਹਾਂ ਸ਼ਬਦਾਂ ਨੂੰ ਸੁਣਦੀ ਹਾਂ ਤਾਂ ਅੰਦਰ ਇਕ ਉਮੀਦ ਟੁੱਟਦੀ ਹੈ। ਕੁਝ ਅਜਿਹੀਆਂ ਜ਼ਿੰਦਗੀਆਂ ਇਥੇ ਆ ਕੇ ਬਦਲ ਸਕਦੀਆਂ ਹਨ ਅਤੇ ਬਾਹਰ ਜਾ ਕੇ ਆਪਣੇ ਸਮਾਜ ਨੂੰ ਕੁਝ ਦੇ ਸਕਦੀਆਂ ਹਨ। ਸਰਿਤਾ ਦਾ ਅਮਰੀਕਾ ਦੀਆਂ ਦੋ ਯੂਨੀਵਰਸਿਟੀਆਂ ਯੂਨੀਵਰਸਿਟੀ ਆਫ਼ ਕੈਲੀਫ਼ੋਰਨੀਆ ਅਤੇ ਯੂਨੀਵਰਸਿਟੀ ਆਫ਼ ਵਾਸ਼ਿੰਗਟਨ ਵਿਚ ਚੋਣ ਹੋਈ ਹੈ। ਉਨ੍ਹਾਂ ਨੇ ਯੂਨੀਵਰਿਸਟੀ ਆਫ਼ ਕੈਲੀਫ਼ੋਰਨੀਆ ਦੀ ਤਰਜੀਹ ਦਿੱਤੀ ਹੈ। ਇਸ ਯੂਨੀਵਰਸਿਟੀ ਨੇ ਉਨ੍ਹਾਂ ਨੂੰ ਮੈਰਿਟ ਅਤੇ ਅਕਾਦਮਿਕ ਰਿਕਾਰਡ ਦੇ ਆਧਾਰ ’ਤੇ ਅਮਰੀਕਾ ਦੀ ਸਭ ਤੋਂ ਵੱਕਾਰੀ ਫੈਲੋਸ਼ਿਪ ਵਿਚੋਂ ਇਕ ‘ਚਾਂਸਲਰ ਫੈਲੋਸ਼ਿਪ’ ਦਿੱਤੀ ਹੈ।
ਇਹ ਵੀ ਪੜ੍ਹੋ: ਹੁਸ਼ਿਆਰਪੁਰ ਵਿਖੇ ਬਿਲਾਸਪੁਰ 'ਚ ਕਬਜ਼ਾ ਛੁਡਾਉਣ ਗਈ ਪੁਲਸ 'ਤੇ ਹੋਈ ਥੱਪੜਾਂ ਦੀ ਬਰਸਾਤ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ