ਯੂਕ੍ਰੇਨ ''ਚ ਫਸਿਆ ਸਰਦੂਲਗੜ੍ਹ ਦਾ ਅਭਿਜੀਤ ਮੁਸ਼ਕਿਲਾਂ ਦਾ ਸਾਹਮਣਾ ਕਰਦਾ ਪਰਤਿਆ ਘਰ
Friday, Mar 04, 2022 - 10:34 PM (IST)
ਸਰਦੂਲਗੜ੍ਹ (ਚੋਪੜਾ)- ਯੂਕ੍ਰੇਨ 'ਚ ਫਸਿਆ ਮੈਡੀਕਲ ਦੀ ਪੜ੍ਹਾਈ ਕਰਨ ਗਿਆ ਸਰਦੂਲਗੜ੍ਹ ਦਾ ਅਭਿਜੀਤ ਸਿੰਘ ਬੈਹਣੀਵਾਲ ਪੁੱਤਰ ਡਾਕਟਰ ਪੀ. ਸੀ. ਬੈਹਣੀਵਾਲ ਠੰਡ,ਭੁੱਖ,ਪਿਆਸ ਅਤੇ ਹੋਰ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਦਾ ਹੋਇਆ ਆਖਿਰਕਾਰ ਅੱਠ ਦਿਨਾਂ ਬਾਅਦ ਆਪਣੇ ਮਾਪਿਆਂ ਕੋਲ ਵਾਪਿਸ ਘਰ ਪਰਤ ਆਇਆ ਹੈ। ਜਦੋਕਿ ਉਸ ਦੇ ਨਾਲ ਦੇ ਦੋ ਨੌਜਵਾਨਾਂ ਦੀ ਪੋਲੈਂਡ ਬਾਰਡਰ ਤੇ ਮੌਤ ਹੋ ਗਈ। ਜਗਬਾਣੀ ਨਾਲ ਆਪਣੀ ਦੁੱਖ ਭਰੀ ਦਾਸਤਾਨ ਬਿਆਨ ਕਰਦੇ ਹੋਏ ਅਭਿਜੀਤ ਸਿੰਘ ਨੇ ਦੱਸਿਆ ਕਿ ਉਹ ਯੂਕ੍ਰੇਨ ਦੇ ਸ਼ਹਿਰ ਟਰਨੋਪਿਲ ਦੀ ਨੈਸ਼ਨਲ ਮੈਡੀਕਲ ਯੂਨੀਵਰਸਿਟੀ ਵਿਚ ਮੈਡੀਕਲ ਦੀ ਪੜ੍ਹਾਈ ਕਰਨ ਲਈ ਦਸੰਬਰ 20 ਵਿਚ ਗਿਆ ਸੀ ਅਤੇ ਉਸ ਸਮੇਂ ਉਥੋਂ ਦਾ ਮਾਹੌਲ ਬਹੁਤ ਵਧੀਆ ਸੀ ਅਤੇ ਲੋਕ ਵੀ ਕਾਫੀ ਮਿਲਣਸਾਰ ਸਨ।
ਇਹ ਖ਼ਬਰ ਪੜ੍ਹੋ- ਆਸਟਰੇਲੀਆਈ ਕ੍ਰਿਕਟਰ ਸ਼ੇਨ ਵਾਰਨ ਦਾ ਦਿਹਾਂਤ
ਅਚਾਨਕ 25 ਫਰਵਰੀ ਨੂੰ ਸ਼ਹਿਰ ਦੇ ਪ੍ਰਸਾਸ਼ਣ ਵਲੋਂ ਐਮਰਜੈਂਸੀ ਦੀ ਘੋਸ਼ਣਾ ਕਰ ਦਿੱਤੀ ਗਈ ਅਤੇ ਮੇਰੇ ਨਾਲ ਬਹੁਤ ਸਾਰੇ ਵਿਦਿਆਰਥੀ ਜਿਨਾਂ ਵਿਚ ਹੋਰ ਦੇਸ਼ਾਂ ਦੇ ਵਿਦਿਆਰਥੀ ਵੀ ਸ਼ਾਮਿਲ ਸਨ, ਟੈਕਸੀ ਰਾਹੀ ਚਾਰ ਘੰਟੇ ਦਾ ਸਫਰ ਤੈਅ ਕਰਕੇ ਯੂਕ੍ਰੇਨ ਤੇ ਪੋਲੈਂਡ ਦੇ ਸ਼ੈਨੀਮੇਡਿਕਸ ਬਾਰਡਰ ਤੇ ਪੁਹੰਚ ਗਏ ਪਰੰਤੂ ਟੈਕਸੀ ਨੇ ਸਾਨੂੰ ਬਾਰਡਰ ਤੋਂ ਪੰਜਾਹ ਕਿਲੋਮੀਟਰ ਪਿੱਛੇ ਹੀ ਉਤਾਰ ਦਿੱਤਾ ਜਿਥੋ ਸਾਡੀਆਂ ਮੁਸੀਬਤਾਂ ਦੀ ਸ਼ੁਰੂਆਤ ਹੋ ਗਈ। ਅਭਿਜੀਤ ਨੇ ਦੱਸਿਆ ਕਿ ਬਾਰਡਰ ਦੇ ਪਹਿਲੇ ਚੈਕ ਪੋਸਟ ਤੇ ਪਹੁੰਚਣ ਲਈ ਸਾਨੂੰ ਪੰਜਾਹ ਕਿਲੋਮੀਟਰ ਠੰਡ ਵਿਚ ਪੈਦਲ ਚਲਣਾ ਪਿਆ ਤੇ ਸਾਡੇ ਪੈਰਾਂ ਵਿਚ ਛਾਲੇ ਪੈ ਗਏ । ਪਹਿਲੇ ਚੈਕ ਪੁਆਇੰਟ ਤੇ ਹੀ ਦਿਨ ਅਤੇ ਰਾਤ ਗੁਜ਼ਰ ਗਏ। ਪੋਲੈਂਡ ਦੇ ਬਾਰਡਰ ਤੱਕ ਪਹੁੰਚਣ ਲਈ ਤਿੰਨ ਚੈਕ ਪੋਸਟ ਬਣਾਏ ਗਏ ਸਨ ਜਿੱਥੇ ਵਿਦਿਆਰਥੀ ਅਤੇ ਆਮ ਲੋਕਾਂ ਦੀ ਕਾਫੀ ਭੀੜ ਸੀ ਅਤੇ ਹਫੜਾ ਦਫੜੀ ਦਾ ਮਾਹੋਲ ਸੀ। ਯੂਕ੍ਰੇਨ ਦੀ ਪੁਲਿਸ ਦਾ ਵੀ ਉਥੇ ਫਸੇ ਵਿਦਿਆਰਥੀਆਂ ਨਾਲ ਵਤੀਰਾ ਵਧੀਆ ਨਹੀ ਸੀ ਤੇ ਉਹ ਉਨਾਂ ਨਾਲ ਮਾਰਕੁੱਟ ਵੀ ਕਰ ਰਹੇ ਸਨ।
ਇਹ ਖ਼ਬਰ ਪੜ੍ਹੋ- PAK v AUS : ਪਹਿਲੇ ਦਿਨ ਦੀ ਖੇਡ ਖਤਮ, ਪਾਕਿ ਦਾ ਸਕੋਰ 245/1
ਤਿੰਨਾਂ ਚੈਕ ਪੋਸਟਾਂ ਨੂੰ ਪਾਰ ਕਰਨ ਲਈ ਇੱਕ-ਇੱਕ ਦੀ ਚੈਕਿੰਗ ਕੀਤੀ ਜਾ ਰਹੀ ਸੀ ਅਤੇ ਬੋਰਡਰ ਤੇ ਤਿੰਨ ਪੋਸਟਾਂ ਕਲੀਅਰ ਕਰਨ ਵਿਚ ਸਾਨੂੰ ਪੰਜ ਦਿੰਨ ਅਤੇ ਛੇ ਰਾਤ ਭੁੱਖੇ, ਪਿਆਸੇ ਠੰਡ ਵਿਚ ਬਾਹਰ ਬੈਠ ਕੇ ਗੁਜਾਰਨੀਆ ਪਈਆ। ਖਾਣ ਪੀਣ ਲਈ ਕੁੱਝ ਨਾ ਮਿਲਣ ਤੇ ਦਰਖਤਾਂ ਤੇ ਜੰਮੀ ਬਰਫ ਖਾ ਕੇ ਪੇਟ ਭਰਨ ਨੂੰ ਮਜਬੂਰ ਹੋਣਾ ਪਿਆ। ਉਨਾਂ ਦੱਸਿਆ ਕਈ ਵਿਦਿਆਰਥੀਆਂ ਤਾਂ ਭੁੱਖ ਅਤੇ ਠੰਡ ਕਾਰਣ ਬੇਹੋਸ਼ ਵੀ ਹੋ ਗਏ ਕਿਉਕਿ ਉਥੇ ਤਾਪਮਾਨ ਕਾਫੀ ਘੱਟ ਸੀ ਜਦੋਕਿ ਮੇਰੇ ਨਾਲ ਦੇ ਦੋ ਨੌਜਵਾਨਾਂ ਦੀ ਠੰਡ ਤੇ ਭੁੱਖ ਨਾਲ ਮੌਤ ਵੀ ਗਈ, ਜਿਨਾਂ ਦੇ ਨਾਮ ਪਤੇ ਦੀ ਕੋਈ ਜਾਣਕਾਰੀ ਨਹੀ ਮਿਲ ਸਕੀ ਅਤੇ ਇਕ ਨੌਜਵਾਨ ਨੂੰ ਹਰਦੀਪ ਸਿੰਘ ਨੂੰ ਸਾਥੀਆਂ ਵਲੋਂ ਮੁੱਢਲੀ ਸਹਾਇਤਾ ਦੇ ਕੇ ਬਚਾ ਲਿਆ ਗਿਆ।
ਉਨਾਂ ਦੱਸਿਆ ਕਿ ਸ਼ੈਨੀਮੈਡਿਕਸ ਬਾਰਡਰ ਪਾਰ ਕਰਨ ਤੋਂ ਬਾਅਦ ਪੋਲੈਂਡ ਵਿਚ ਭਾਰਤੀ ਐਬੰਸੀ ਦੇ ਅਧਿਕਾਰੀਆਂ ਵਲੋਂ ਸਾਰੇ ਭਾਰਤੀ ਨਾਗਰਿਕਾਂ ਨੂੰ ਬੱਸਾਂ ਰਾਹੀ ਹੋਟਲ ਵਿਚ ਲੈ ਜਾਇਆ ਗਿਆ ਜਿੱਥੇ ਉਨਾ ਦੀ ਵਧੀਆ ਢੰਗ ਨਾਲ ਦੇਖ ਭਾਲ ਕੀਤੀ ਗਈ ਅਤੇ ਡਾਕਟਰੀ ਸਹਾਇਤਾ ਦੇਣ ਦੇ ਨਾਲ ਨਾਲ ਦਿੱਲੀ ਲਈ ਹਵਾਈ ਜਹਾਜ਼ ਰਾਹੀ ਭੇਜਣ ਦਾ ਪ੍ਰਬੰਧ ਕੀਤਾ ਗਿਆ। ਅਭਿਜੀਤ ਦੇ ਸਕੁਸ਼ਲ ਘਰ ਪਰਤਣ ਤੇ ਉਸ ਦੇ ਮਾਤਾ ਪਿਤਾ ਡਾਕਟਰ ਪ੍ਰੋਮਿਲਾ ਬੈਹਣੀਵਾਲ ਤੇ ਡਾਕਟਰ ਪੀ.ਸੀ.ਬੈਹਣੀਵਾਲ ਅਤੇ ਪਰਿਵਾਰਿਕ ਮੈਂਬਰਾਂ ਨੇ ਭਾਰਤ ਸਰਕਾਰ ਦਾ ਤਹਿ ਦਿਲੋ ਧੰਨਵਾਦ ਕਰਦਿਆ ਯੂਕ੍ਰੇਨ ਵਿਚ ਫਸੇ ਵਿਦਿਆਰਥੀਆਂ ਦੀ ਸਹਾਇਤਾ ਲਈ ਅਪੀਲ ਕੀਤੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।