ਪ੍ਰੋ. ਸਰਚਾਂਦ ਸਿੰਘ ਖਿਆਲਾ ਦਾ ਵੱਡਾ ਬਿਆਨ, ‘ਅੰਮ੍ਰਿਤਪਾਲ ਭਾਰਤੀ ਨਾਗਰਿਕ ਨਹੀਂ ਤਾਂ ਪਾਸਪੋਰਟ ਕਰੇ ਵਾਪਸ’

02/26/2023 10:26:14 PM

ਅੰਮ੍ਰਿਤਸਰ (ਬਿਊਰੋ) : ਭਾਜਪਾ ਦੇ ਸਿੱਖ ਆਗੂ ਅਤੇ ਕੌਮੀ ਘੱਟਗਿਣਤੀ ਕਮਿਸ਼ਨ ਦੇ ਸਲਾਹਕਾਰ ਪ੍ਰੋ. ਸਰਚਾਂਦ ਸਿੰਘ ਖਿਆਲਾ ਨੇ ਵਾਰਿਸ ਪੰਜਾਬ ਦੇ ਜਥੇਬੰਦੀ ਦੇ ਆਗੂ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੇ ਆਪ ਨੂੰ ਭਾਰਤੀ ਨਾਗਰਿਕ ਨਾ ਹੋਣ ਬਾਰੇ ਦਿੱਤੇ ਬਿਆਨ ਲਈ ਉਸ ਨੂੰ ਆੜੇ ਹੱਥੀਂ ਲਿਆ ਅਤੇ ਸਵਾਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਜੇ ਉਹ ਭਾਰਤੀ ਨਹੀਂ ਤਾਂ ਦੱਸੇ ਕਿ ਉਹ ਕਿਸ ਦੇਸ਼ ਦਾ ਵਾਸੀ ਹੈ? ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੂੰ ਭਾਰਤੀ ਪਾਸਪੋਰਟ ਭਾਰਤ ਸਰਕਾਰ ਨੂੰ ਵਾਪਸ ਸੌਂਪ ਦੇਣਾ ਚਾਹੀਦਾ ਹੈ। ਅਜਿਹਾ ਨਹੀਂ ਕਰਦਾ ਤਾਂ ਸਰਕਾਰ ਨੂੰ ਉਸ ਤੋਂ ਪਾਸਪੋਰਟ ਵਾਪਸ ਲੈ ਲੈਣਾ ਚਾਹੀਦਾ ਹੈ। ਭਾਰਤੀ ਪਾਸਪੋਰਟ ਰੱਖਣ ਦੇ ਬਾਵਜੂਦ ਉਹ ਆਪਣੇ ਆਪ ਨੂੰ ਭਾਰਤੀ ਨਾਗਰਿਕ ਨਹੀਂ ਮੰਨਦਾ ਤਾਂ ਫਿਰ ਉਹ ਇਕ ਪਾਖੰਡੀ ਅਤੇ ਫ਼ਰੇਬੀ ਕਿਉਂ ਨਹੀਂ ਹੈ?

ਇਹ ਖ਼ਬਰ ਵੀ ਪੜ੍ਹੋ : ਵੱਡੀ ਖ਼ਬਰ : ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੂੰ CBI ਨੇ ਕੀਤਾ ਗ੍ਰਿਫ਼ਤਾਰ

ਜੇਕਰ ਉਹ ਭਾਰਤੀ ਨਾਗਰਿਕ ਨਹੀਂ ਹੈ ਤਾਂ ਉਸ ਨੂੰ ਭਾਰਤ ਅਤੇ ਪੰਜਾਬ ਵਿਚ ਮਾਹੌਲ ਖ਼ਰਾਬ ਕਰਨ ਦਾ ਕੋਈ ਅਧਿਕਾਰ ਨਹੀਂ। ਆਪਣੇ ਆਪ ਨੂੰ ਭਾਰਤੀ ਨਾਗਰਿਕ ਨਾ ਸਮਝਣ ਵਾਲਿਆਂ ਨੂੰ ਭਾਰਤ ’ਚ ਧਰਨਾ ਮੁਜ਼ਾਹਰੇ ਕਰਨ ਦਾ ਅਧਿਕਾਰ ਕਿਸ ਨੇ ਦਿੱਤਾ? ਕੀ ਅੰਮ੍ਰਿਤਪਾਲ ਨੂੰ ਇਹ ਨਹੀਂ ਪਤਾ ਕਿ ਪੰਜਾਬ ਦਾ ਨੌਜਵਾਨ ਵਰਗ ਨਸ਼ਿਆਂ ਦਾ ਆਦੀ ਹੋ ਰਿਹਾ ਹੈ ਅਤੇ ਨਸ਼ੇ ਪਾਕਿਸਤਾਨ ਤੋਂ ਆ ਰਹੇ ਹਨ। ਜੇਕਰ ਉਸ ਨੂੰ ਵਾਕਿਆ ਹੀ ਪੰਜਾਬ ਦੀ ਨੌਜਵਾਨੀ ਨਾਲ ਸਰੋਕਾਰ ਹੈ ਤਾਂ ਫਿਰ ਉਹ ਨਸ਼ੇ ਭੇਜਣ ਵਾਲੇ ਪਾਕਿਸਤਾਨ ਖ਼ਿਲਾਫ਼ ਕਿਉਂ ਨਹੀਂ ਕੁਝ ਬੋਲਦਾ? ਉਸ ਦੇ ਅੰਦਰ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਬਾਰੇ ਬੋਲਣ ਅਤੇ ਧਮਕੀ ਦੇਣ ਦੀ ਹਿੰਮਤ ਹੈ ਤਾਂ, ਤੁਸੀਂ ਅਜਨਾਲਾ ਥਾਣੇ ਅਗੇ ਧਰਨਾ ਦੇਣ ਦੀ ਬਜਾਏ ਨਵੀਂ ਦਿੱਲੀ ਸਥਿਤ ਪਾਕਿਸਤਾਨ ਅੰਬੈਸੀ ਅੱਗੇ ਭੇਜੇ ਜਾ ਰਹੇ ਨਸ਼ਿਆਂ ਲਈ ਕਿਉਂ ਨਹੀਂ ਧਰਨਾ-ਮੁਜ਼ਾਹਰਾ ਕਰਦੇ?  ਗ਼ੁਲਾਮੀ-ਗ਼ੁਲਾਮੀ ਦਾ ਰੋਣਾ ਰੋ ਰਿਹਾ ਹੈ, ਕੂਕ ਰਿਹਾ ਹੈ, ਜਿਸ ਦੀ ਕੋਈ ਸੱਚਾਈ ਨਹੀਂ। ਫਿਰ ਵੀ ਲੋਕਾਂ ਨੂੰ ਗੁੰਮਰਾਹ ਕਰਨ ’ਤੇ ਲੱਕ ਬੰਨ੍ਹਿਆ ਹੋਇਆ ਹੈ।

ਇਹ ਵੀ ਪੜ੍ਹੋ : ਡਿਊਟੀ ’ਤੇ ਜਾ ਰਹੇ ਪੁਲਸ ਮੁਲਾਜ਼ਮ ਨਾਲ ਵਾਪਰਿਆ ਭਿਆਨਕ ਹਾਦਸਾ, ਹੋਈ ਦਰਦਨਾਕ ਮੌਤ

ਭਾਰਤ ਵਿਚ ਘੱਟਗਿਣਤੀ ਕੌਮਾਂ ਨੂੰ ਕੁਝ ਨਾ ਕੁਝ ਚੁਣੌਤੀਆਂ ਜ਼ਰੂਰ ਦਰਪੇਸ਼ ਹਨ ਪਰ ਇਸ ਦਾ ਮਤਲਬ ਇਹ ਨਹੀਂ ਕਿ ਘੱਟਗਿਣਤੀ ਕੌਮਾਂ ਗ਼ੁਲਾਮ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਦੇਸ਼ ਦੇ ਵਿਕਾਸ ਏਜੰਡੇ ਲਈ ਬਿਨਾਂ ਕਿਸੇ ਫ਼ਿਰਕੂ ਭੇਦਭਾਵ ਦੇ ਦ੍ਰਿੜ੍ਹ ਸੰਕਲਪ ਹੋਣ ਕਾਰਨ ਅੱਜ ਘੱਟਗਿਣਤੀਆਂ ਦੇ ਮਾਮਲਿਆਂ ਨੂੰ ਲੈ ਕੇ ਭਾਰਤ ਪ੍ਰਤੀ ਵਿਸ਼ਵ ਦਾ ਨਜ਼ਰੀਆ ਬਦਲ ਚੁੱਕਾ ਹੈ। ਗਲੋਬਲ ਘੱਟਗਿਣਤੀ ਰਿਪੋਰਟ ਵਿਚ ਘੱਟਗਿਣਤੀਆਂ ਨਾਲ ਚੰਗੇ ਸਲੂਕ ਲਈ 110 ਦੇਸ਼ਾਂ ਦੀ ਰੈਂਕਿੰਗ ’ਚ ਭਾਰਤ ਸਭ ਤੋਂ ਉੱਪਰ ਆਇਆ ਹੈ। ਕੇਂਦਰ ਸਰਕਾਰ ਦੇ ਘੱਟਗਿਣਤੀ ਮੰਤਰਾਲੇ ਅਧੀਨ ਕੌਮੀ ਘੱਟਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਦੀ ਅਗਵਾਈ ’ਚ ਗ਼ਰੀਬਾਂ, ਔਰਤਾਂ ਅਤੇ ਹਾਸ਼ੀਏ ’ਤੇ ਪਏ ਘੱਟਗਿਣਤੀਆਂ ਦੀ ਸਮਾਜਿਕ-ਆਰਥਿਕ ਭਲਾਈ ਲਈ ਪ੍ਰਧਾਨ ਮੰਤਰੀ ਦੇ ਨਵੇਂ 15 ਨੁਕਾਤੀ ਪ੍ਰੋਗਰਾਮ ਨੂੰ ਲਾਗੂ ਕਰਨ ’ਤੇ ਬਹੁਤ ਜ਼ੋਰ ਦਿੱਤਾ ਜਾ ਰਿਹਾ ਹੈ। ਘੱਟਗਿਣਤੀ ਦੇ ਨੌਜਵਾਨਾਂ ਲਈ ਪੜ੍ਹਾਈ ਦੌਰਾਨ ਵਜ਼ੀਫੇ, ਸਿੱਖੋ ਤੇ ਕਮਾਓ, ਨਵੀਂ ਮੰਜ਼ਿਲ ਅਤੇ ਨਵੀਂ ਰੌਸ਼ਨੀ ਵਰਗੀਆਂ ਰੋਜ਼ਗਾਰ ਮੁਖੀ ਯੋਜਨਾਵਾਂ ਚਲਾਈਆਂ ਜਾ ਰਹੀਆਂ ਹਨ।

ਇਹ ਖ਼ਬਰ ਵੀ ਪੜ੍ਹੋ : ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, ਇਕ ਹੋਰ ਪੰਜਾਬੀ ਨੌਜਵਾਨ ਦੀ ਹੋਈ ਮੌਤ 

ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਿੱਖਾਂ ਨੂੰ ਪਿਆਰ ਕਰਨ ਵਾਲੇ ਹਨ। 2014 ਵਿਚ ਸੱਤਾ ਵਿਚ ਆਉਂਦਿਆਂ ਹੀ ਉਨ੍ਹਾਂ ਸਿੱਖਾਂ ਨੂੰ ਦਰਪੇਸ਼ ਮਸਲਿਆਂ ਨੂੰ ਪੂਰੀ ਸੰਜੀਦਗੀ ਨਾਲ ਲਿਆ ਹੈ। ਸਿੱਖ ਕਤਲੇਆਮ ਦੇ ਦੋਸ਼ੀ ਕਾਂਗਰਸੀ ਆਗੂਆਂ ਨੂੰ ਸਜ਼ਾਵਾਂ ਦਿਵਾਉਣ, ਕਈ ਬੰਦੀ ਸਿੰਘਾਂ ਦੀ ਰਿਹਾਈ, ਕਾਲੀ ਸੂਚੀ ਨੂੰ ਖ਼ਤਮ ਕਰਨਾ, ਕਰਤਾਰਪੁਰ ਲਾਂਘੇ ਦੀ ਉਸਾਰੀ, ਹੇਮਕੁੰਟ ਸਾਹਿਬ ਰੋਪ-ਵੇਅ, ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਅਤੇ ਲਾਸਾਨੀ ਭੂਮਿਕਾ ਨੂੰ ਦੇਸ਼-ਵਿਦੇਸ਼ ਵਿਚ ਜਾਣੂ ਕਰਾਉਣ ਲਈ ਵੀਰ ਬਾਲ ਦਿਵਸ ਦਾ ਮਨਾਇਆ ਜਾਣਾ, ਗੁਰੂ ਸਾਹਿਬਾਨ ਦੇ ਸ਼ਤਾਬਦੀ ਗੁਰਪੁਰਬ ਅਤੇ ਲਾਲ ਕਿਲ੍ਹੇ ’ਤੇ ਗੁਰੂ ਤੇਗ਼ ਬਹਾਦਰ ਸਾਹਿਬ ਦਾ ਪ੍ਰਕਾਸ਼ ਪੁਰਬ ਵਰਗੇ ਹੋਰ ਵੀ ਅਨੇਕਾਂ ਕੰਮ ਗਿਣਾਏ ਜਾ ਸਕਦੇ ਹਨ, ਜੋ ਉਨ੍ਹਾਂ ਨਿਰ ਸਵਾਰਥ ਹੋ ਕੇ ਕੀਤੇ ਹਨ। ਜਿਸ ਕਰਕੇ ਸਿੱਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਕਮੇਟੀ ਨੂੰ ਉਨ੍ਹਾਂ ਨੂੰ ਕੌਮੀ ਸੇਵਾ ਐਵਾਰਡ ਨਾਲ ਸਨਮਾਨਿਤ ਕੀਤਾ ਹੈ।


Manoj

Content Editor

Related News