ਸਰਬੱਤ ਖਾਲਸਾ ''ਤੇ ਬੋਲੇ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ, ਦਿੱਤਾ ਹੈਰਾਨ ਕਰਦਾ ਬਿਆਨ
Tuesday, Nov 17, 2015 - 05:32 PM (IST)
ਚੰਡੀਗੜ੍ਹ, ਸ੍ਰੀ ਮਾਛੀਵਾੜਾ ਸਾਹਿਬ (ਟੱਕਰ) - ਗੁਰਦੁਆਰਾ ਪ੍ਰਮੇਸ਼ਵਰ ਦੁਆਰ ਦੇ ਮੁੱਖ ਸੇਵਾਦਾਰ ਅਤੇ ਸਿੱਖ ਧਰਮ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਵਲੋਂ 10 ਨਵੰਬਰ ਨੂੰ ਅੰਮ੍ਰਿਤਸਰ ਨੇੜੇ ਚੱਬਾ ਵਿਖੇ ਬੁਲਾਏ ਗਏ ਸਰਬੱਤ ਖਾਲਸਾ ''ਚ ਸ਼ਮੂਲੀਅਤ ਨਾ ਕੀਤੇ ਜਾਣ ਬਾਰੇ ਆਪਣੇ ਪੱਖ ਸੋਸ਼ਲ ਮੀਡੀਆ ਰਾਹੀਂ ਸੰਗਤਾਂ ਅੱਗੇ ਰੱਖਦਿਆਂ ਕਿਹਾ ਕਿ ਉਹ ''ਨਾ ਤਾਂ ਬਾਦਲਾਂ ਕੋਲ ਵਿਕੇ ਹਨ ਅਤੇ ਨਾ ਹੀ ਉਨ੍ਹਾਂ ਕੋਈ ਗੱਦਾਰੀ ਕੀਤੀ ਹੈ''। ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਸਮੇਂ ਦੀ ਜ਼ਰੂਰਤ ਹੈ ਪਰ ਉਸ ਦਾ ਵਿਧੀ ਵਿਧਾਨ ਠੀਕ ਨਹੀਂ ਸੀ। ਇਸ ਲਈ ਉਨ੍ਹਾਂ ਅਤੇ ਕਈ ਹੋਰ ਸਿੱਖ ਧਰਮ ਪ੍ਰਚਾਰਕਾਂ ਨੇ ਇਸ ''ਚ ਸ਼ਮੂਲੀਅਤ ਨਹੀਂ ਕੀਤੀ।
ਇਕ ਵੀਡੀਓ ਰਾਹੀਂ ਉਨ੍ਹਾਂ ਸੋਸ਼ਲ ਮੀਡੀਆ ''ਤੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਕਿਸੇ ਧੜੇ ਨਾਲ ਸੰਬੰਧਤ ਨਹੀਂ ਹਨ ਅਤੇ ਗੁਰੂ ਦੀ ਕ੍ਰਿਪਾ ਨਾਲ ਉਨ੍ਹਾਂ ਦਾ ਮੁੱਖ ਉਦੇਸ਼ ਸਿੱਖ ਧਰਮ ਦਾ ਪ੍ਰਚਾਰ ਕਰਨਾ, ਸੰਗਤ ਨੂੰ ਬਾਣੀ ਤੇ ਬਾਣੇ ਨਾਲ ਜੋੜਨਾ ਹੈ, ਉਨ੍ਹਾਂ ਵਲੋਂ ਚਲਾਈ ਲਹਿਰ ਸਦਕਾ ਭਾਰੀ ਗਿਣਤੀ ''ਚ ਲੋਕ ਸਿੱਖੀ ਸਰੂਪ ''ਚ ਸਜੇ ਹਨ। ਭਾਈ ਸਾਹਿਬ ਨੇ ਸਪੱਸ਼ਟ ਕੀਤਾ ਕਿ ਉਹ ਸਰਬੱਤ ਖਾਲਸਾ ਬੁਲਾਏ ਜਾਣ ਦੇ ਓਲਟ ਨਹੀਂ, ਉਨ੍ਹਾਂ ਇਸ ਨੂੰ ਬੁਲਾਏ ਜਾਣ ਤੋਂ ਪਹਿਲਾਂ ਮੀਟਿੰਗ ''ਚ ਮਸ਼ਵਰਾ ਦਿੱਤਾ ਸੀ ਕਿ 10 ਨਵੰਬਰ ਨੂੰ ''ਸਿੱਖ ਕਨਵੈਨਸ਼ਨ'' ਦਾ ਨਾਮ ਦਿੱਤਾ ਜਾਵੇ ਜਦਕਿ ਸਰਬੱਤ ਖਾਲਸਾ ਵਿਸਾਖੀ ਵਾਲੇ ਦਿਨ 13 ਅਪ੍ਰੈਲ ਨੂੰ ਸੱਦਿਆ ਜਾਵੇ।
ਉਨ੍ਹਾਂ ਕਿਹਾ ਕਿ ਸਰਬੱਤ ਖਾਲਸਾ ਤੋਂ ਪਹਿਲਾਂ ਉਨ੍ਹਾਂ ਨੂੰ ਤਖਤ ਸਾਹਿਬ ਦੇ ਜਥੇਦਾਰ ਦੇ ਅਹੁਦੇ ਵਜੋਂ ਪੇਸ਼ਕਸ਼ ਹੋਈ ਸੀ ਪਰ ਉਹ ਇਸ ਮਾਣਮੱਤੇ ਅਹੁਦੇ ਦੇ ਕਾਬਿਲ ਨਹੀਂ। ਢੱਡਰੀਆਂ ਵਾਲਿਆਂ ਸਪੱਸ਼ਟ ਕੀਤਾ ਕਿ ਉਹ ਸਰਬੱਤ ਖਾਲਸਾ ਦੇ ਓਲਟ ਨਹੀਂ। ਅੰਤ ''ਚ ਉਨ੍ਹਾਂ ਸਿੱਖ ਸੰਗਤ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਦੌਰਾਨ ਅਜਿਹੇ ਉਮੀਦਵਾਰਾਂ ਦੀ ਚੋਣ ਕੀਤੀ ਜਾਵੇ, ਜੋ ਪੜ੍ਹੇ-ਲਿਖੇ ਹੋਣ, ਪੰਥ ਦੀ ਸੇਵਾ ਵਾਲੇ ਹੋਣ ਅਤੇ ਸਿੱਖ ਧਰਮ ਪ੍ਰਤੀ ਨਿਰਪੱਖਤਾ ਨਾਲ ਫੈਸਲੇ ਕਰਨ ਵਾਲੇ ਅਕਾਲ ਤਖਤ ਸਾਹਿਬ ਦੇ ਜਥੇਦਾਰਾਂ ਦੀ ਚੋਣ ਕਰਨ ਵਾਲੇ ਹੋਣ ਤਾਂ ਹੀ ਸਿੱਖ ਪੰਥ ਦਾ ਭਲਾ ਹੋ ਸਕਦਾ ਹੈ। ਉਨ੍ਹਾਂ ਸਰਕਾਰ ਤੋਂ ਵੀ ਮੰਗ ਕੀਤੀ ਕਿ ਸਰਬੱਤ ਖਾਲਸਾ ''ਚ ਸ਼ਮੂਲੀਅਤ ਕਰਨ ਵਾਲੇ ਆਗੂਆਂ ਅਤੇ ਸੰਗਤ ''ਤੇ ਜੋ ਦੇਸ਼ ਧ੍ਰੋਹ ਦੇ ਪਰਚੇ ਦਰਜ ਕੀਤੇ ਜਾ ਰਹੇ ਹਨ, ਉਹ ਬਹੁਤ ਹੀ ਗਲਤ ਹਨ, ਇਸ ਨਾਲ ਮਾਹੌਲ ਹੋਰ ਖ਼ਰਾਬ ਹੋਵੇਗਾ। ਇਸ ਲਈ ਸਰਕਾਰ ਇਹ ਮਾਮਲੇ ਰੱਦ ਕਰਕੇ ਜੇਲਾਂ ''ਚ ਡੱਕੇ ਆਗੂਆਂ ਨੂੰ ਰਿਹਾਅ ਕਰੇ।