ਮਾਣੂੰਕੇ ਨੇ ਕੰਵਰ ਸੰਧੂ ਨੂੰ ਪੱਤਰ ਲਿਖ ਕੇ ਜਤਾਇਆ ਖਹਿਰਾ ਦੇ ਵੀਡੀਓ ''ਤੇ ਇਤਰਾਜ਼

Friday, Oct 26, 2018 - 08:58 AM (IST)

ਮਾਣੂੰਕੇ ਨੇ ਕੰਵਰ ਸੰਧੂ ਨੂੰ ਪੱਤਰ ਲਿਖ ਕੇ ਜਤਾਇਆ ਖਹਿਰਾ ਦੇ ਵੀਡੀਓ ''ਤੇ ਇਤਰਾਜ਼

ਚੰਡੀਗੜ੍ਹ (ਰਮਨਜੀਤ)— ਆਮ ਆਦਮੀ ਪਾਰਟੀ 'ਚ ਇਕਜੁਟਤਾ ਲਈ ਹੋ ਰਹੀ ਕੋਸ਼ਿਸ਼ ਸਫਲ ਹੋਣ 'ਚ ਲਗਾਤਾਰ ਅੜਚਣਾਂ ਸਾਹਮਣੇ ਆਉਣ ਲੱਗੀਆਂ ਹਨ। ਹਾਲਾਂਕਿ ਤਾਲਮੇਲ ਕਮੇਟੀਆਂ ਵਲੋਂ ਕੀਤੀ ਗਈ ਪੈਚਅਪ ਮੀਟਿੰਗ ਤੋਂ ਬਾਅਦ ਦੋਵੇਂ ਧੜਿਆਂ ਦੇ ਨੇਤਾਵਾਂ ਵਲੋਂ ਆਪਣੇ ਸੁਰ ਨਰਮ ਰੱਖੇ ਗਏ ਸਨ ਪਰ ਬਾਅਦ 'ਚ ਮਾਮਲਾ ਪਹਿਲਾਂ ਨਾਲੋਂ ਵੀ ਜ਼ਿਆਦਾ ਉਲਝ ਗਿਆ ਲੱਗਦਾ ਹੈ। ਇਕ ਪਾਸੇ ਜਿੱਥੇ ਬੁੱਧਵਾਰ ਨੂੰ ਸੁਖਪਾਲ ਸਿੰਘ ਖਹਿਰਾ ਅਤੇ ਕੰਵਰ ਸੰਧੂ ਧੜੇ ਨੇ ਪ੍ਰੈੱਸ ਕਾਨਫਰੰਸ ਕਰਕੇ ਹਾਈਕਮਾਨ ਸਮਰਥਕ ਧੜੇ 'ਤੇ ਦੋਗਲੀ ਨੀਤੀ ਅਪਣਾਉਣ ਦਾ ਦੋਸ਼ ਲਗਾਇਆ ਸੀ ਅਤੇ 1 ਨਵੰਬਰ ਤੱਕ ਦਾ ਅਲਟੀਮੇਟਮ ਵੀ ਦੇ ਦਿੱਤਾ ਸੀ, ਉਥੇ ਹੀ, ਵੀਰਵਾਰ ਨੂੰ ਪਾਰਟੀ ਸਮਰਥਕ ਧੜੇ ਦੀ ਤਾਲਮੇਲ ਕਮੇਟੀ ਦੀ ਚੇਅਰਪਰਸਨ ਸਰਬਜੀਤ ਕੌਰ ਮਾਣੂੰਕੇ ਦੀ ਆਪਣੇ ਸਾਥੀ ਵਿਧਾਇਕ ਕੰਵਰ ਸੰਧੂ ਨੂੰ ਲਿਖੀ ਚਿੱਠੀ ਸੋਸ਼ਲ ਮੀਡੀਆ 'ਚ ਘੁੰਮ ਗਈ। ਇਸ ਚਿੱਠੀ ਰਾਹੀਂ ਵਿਧਾਇਕ ਮਾਣੂੰਕੇ ਨੇ ਖਹਿਰਾ ਧੜੇ 'ਤੇ ਪਾਰਟੀ ਬੈਠਕ ਅੰਦਰ ਤੈਅ ਹੋਈਆਂ ਗੱਲਾਂ 'ਤੇ ਨਾ ਕਾਇਮ ਰਹਿਣ ਦਾ ਹੀ ਦੋਸ਼ ਲਗਾਇਆ ਹੈ, ਨਾਲ ਹੀ ਖਹਿਰਾ ਵਲੋਂ ਬੈਠਕ ਤੋਂ ਕੁੱਝ ਹੀ ਸਮੇਂ ਬਾਅਦ ਅਪਲੋਡ ਕੀਤੇ ਗਏ ਵੀਡੀਓ 'ਤੇ ਵੀ ਇਤਰਾਜ਼ ਜਤਾਇਆ ਹੈ।

ਆਪਣਾ ਖ਼ਤ 'ਚ ਵਿਧਾਇਕ ਮਾਣੂਕੇ ਨੇ ਕੰਵਰ ਸੰਧੂ ਨੂੰ ਲਿਖਿਆ ਹੈ ਕਿ ਅਸੀ ਦੋਵੇਂ ਵਿਧਾਇਕ ਹਾਂ ਤੇ ਇਕਜੁਟੱਤਾ ਲਈ ਆਪਣੀ-ਆਪਣੀ ਕਮੇਟੀ ਦੀ ਅਗਵਾਈ ਕਰ ਰਹੇ ਹਨ। ਉਨ੍ਹਾਂ ਕਿਹਾ ਹੈ ਕਿ ਮੀਟਿੰਗ ਲਈ ਅਸੀਂ ਬੜੇ ਸਾਫ਼ ਦਿਲ ਨਾਲ ਪੁੱਜੇ ਸੀ, ਜਿਸ ਦੌਰਾਨ ਪਾਰਟੀ ਦੇ ਭੂਤਕਾਲ, ਭਵਿੱਖ ਤੇ ਵਰਤਮਾਨ 'ਤੇ ਗੱਲਾਂ ਹੋਈਆਂ ਅਤੇ ਕਈਆਂ 'ਤੇ ਸਹਿਮਤੀ ਅਤੇ ਕਈ 'ਤੇ ਅਸਹਿਮਤੀ ਬਣੀ। ਪਰ ਦੋਵਾਂ ਧੜਿਆਂ ਵਲੋਂ ਇਹ ਤੈਅ ਕਰ ਲਿਆ ਗਿਆ ਸੀ ਕਿ ਅੱਗੇ ਤੋਂ ਪਾਰਟੀ ਦੀ ਕੋਈ ਵੀ ਮੀਟਿੰਗ ਹੋਵੇਗੀ ਤਾਂ ਬੰਦ ਕਮਰਾ ਹੋਵੇਗੀ ਅਤੇ ਕੋਈ ਵੀ ਕਮੇਟੀ ਮੈਂਬਰ ਮੀਟਿੰਗ ਦੀਆਂ ਗੱਲਾਂ ਨੂੰ ਮੀਡੀਆ ਜਾਂ ਸੋਸ਼ਲ ਮੀਡੀਆ 'ਤੇ ਨਹੀਂ ਲਿਜਾਵੇਗਾ। ਜੇਕਰ ਕੋਈ ਇਤਰਾਜ਼ ਹੋਵੇਗਾ ਤਾਂ ਉਸ ਨੂੰ ਪਾਰਟੀ ਪਰਿਵਾਰ 'ਚ ਹੀ ਬੈਠ ਕੇ ਨਿਪਟਾਇਆ ਜਾਵੇਗਾ। ਬੜੇ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ ਜਾਂ ਤਾਂ ਸੁਖਪਾਲ ਖਹਿਰਾ ਆਪਣੇ ਵਲੋਂ ਬਣਾਈ ਗਈ ਤਾਲਮੇਲ ਕਮੇਟੀ 'ਤੇ ਵਿਸ਼ਵਾਸ ਨਹੀਂ ਕਰਦੇ ਜਾਂ ਫਿਰ ਉਨ੍ਹਾਂ ਨੂੰ ਕਮੇਟੀ ਵਲੋਂ ਲਏ ਫੈਸਲਿਆਂ ਦੀ ਕਦਰ ਹੀ ਨਹੀਂ ਹੈ ਕਿਉਂਕਿ ਤਾਲਮੇਲ ਬੈਠਕ ਹੋਣ ਦੇ ਕੁਝ ਘੰਟਿਆਂ ਦੇ ਅੰਦਰ ਹੀ ਖਹਿਰਾ ਨੇ ਵੀਡੀਓ ਅਪਲੋਡ ਕਰਕੇ ਕਈ ਅਜਿਹੀਆਂ ਗੱਲਾਂ ਕੀਤੀਆਂ, ਜੋ ਨਹੀਂ ਹੋਣੀਆਂ ਚਾਹੀਦੀਆਂ ਸਨ। ਅਜਿਹਾ ਕਰਕੇ ਖਹਿਰਾ ਨੇ ਤਾਲਮੇਲ ਕਮੇਟੀ ਬੈਠਕ ਵਲੋਂ ਖਿੱਚੀ ਗਈ ਲਕਸ਼ਮਣ ਰੇਖਾ ਪਾਰ ਕੀਤੀ ਹੈ ਤੇ ਇਹ ਤੈਅ ਹੈ ਕਿ ਕੋਈ ਵੀ ਪਾਰਟੀ ਜਾਂ ਪਰਿਵਾਰ ਅਨੁਸ਼ਾਸਨ ਦੇ ਬਿਨਾਂ ਨਹੀਂ ਚੱਲ ਸਕਦੇ।

ਮਾਣੂੰਕੇ ਨੇ ਕਿਹਾ ਕਿ ਉਹ ਸਪੱਸ਼ਟ ਕਰਨਾ ਚਾਹੁੰਦੀ ਹੈ ਕਿ ਪਾਰਟੀ ਦੇ ਅਹੁਦੇਦਾਰ ਤਾਇਨਾਤ ਕਰਨਾ ਪਾਰਟੀ ਦੀ ਕੋਰ ਕਮੇਟੀ  ਅਧੀਨ ਹੈ ਤੇ ਇਸ ਲਈ ਉਸ ਨੂੰ ਕਿਸੇ ਤੋਂ ਆਗਿਆ ਲੈਣ ਦੀ ਜ਼ਰੂਰਤ ਨਹੀਂ ਹੈ, ਜਿਸਨੂੰ ਲੈ ਕੇ ਖਹਿਰਾ ਵਲੋਂ ਇਤਰਾਜ਼ ਜਤਾਇਆ ਗਿਆ, ਉਹ ਫੈਸਲਾ ਤਾਲਮੇਲ ਬੈਠਕ ਨਾਲ ਪਹਿਲਾਂ ਹੋਈ ਬੈਠਕ 'ਚ ਲਿਆ ਗਿਆ ਸੀ। ਉਨ੍ਹਾਂ ਲਿਖਿਆ ਹੈ ਕਿ ਉਨ੍ਹਾਂ ਨੇ ਬੈਠਕ 'ਚ ਤੈਅ ਹੋਏ ਫੈਸਲੇ ਮੁਤਾਬਿਕ ਨਾ ਤਾਂ ਪੰਜਾਬ ਪ੍ਰਧਾਨ ਦੇ ਅਹੁਦੇ ਅਤੇ ਵਿਰੋਧੀ ਧਿਰ ਨੇਤਾ ਦੇ  ਅਹੁਦੇ  ਸਬੰਧੀ ਰੱਖੀ ਗਈ ਸ਼ਰਤ ਨੂੰ ਵੀ ਸਪੱਸ਼ਟ ਕੀਤਾ ਹੈ ਅਤੇ ਨਾ ਹੀ ਕਿਸੇ ਹੋਰ ਸ਼ਰਤ ਸਬੰਧੀ ਕੋਈ ਜ਼ਿਕਰ ਕੀਤਾ ਗਿਆ ਹੈ,  ਕਿਉਂਕਿ ਉਹ ਆਪਣੇ ਆਪ ਲਕਸ਼ਮਣ ਰੇਖਾ ਪਾਰ ਨਹੀਂ ਕਰਨਾ ਚਾਹੁੰਦੀ।   ਉਨ੍ਹਾਂ ਲਿਖਿਆ ਹੈ ਕਿ ਪਹਿਲੀ ਬੈਠਕ ਬੜੇ ਖੁਸ਼ਗਵਾਰ ਮਾਹੌਲ 'ਚ ਹੋਈ ਸੀ ਪਰ ਹੁਣ ਹੋਣ ਵਾਲੀ ਬੈਠਕ ਤੋਂ ਪਹਿਲਾਂ ਕੰਵਰ ਸੰਧੂ ਇਹ ਯਕੀਨੀ ਕਰੇ  ਤੇ ਖਹਿਰਾ ਤੋਂ ਵਾਅਦਾ ਲੈ ਕੇ ਆਵੇ ਕਿ ਉਹ (ਕੰਵਰ ਸੰਧੂ) ਜੋ ਫੈਸਲਾ ਲੈਣਗੇ,  ਖਹਿਰਾ ਉਸਦਾ ਉਲੰਘਣਾ ਨਹੀਂ ਕਰਨਗੇ।


Related News