ਸੰਸਦ 'ਚ ਗੂੰਜਿਆ ਸ੍ਰੀ ਗੁਰੂ ਰਵਿਦਾਸ ਮੰਦਿਰ ਦਾ ਮਾਮਲਾ, ਰੱਖੀ ਇਹ ਮੰਗ

Tuesday, Nov 19, 2019 - 10:18 AM (IST)

ਸੰਸਦ 'ਚ ਗੂੰਜਿਆ ਸ੍ਰੀ ਗੁਰੂ ਰਵਿਦਾਸ ਮੰਦਿਰ ਦਾ ਮਾਮਲਾ, ਰੱਖੀ ਇਹ ਮੰਗ

ਜਲੰਧਰ/ਦਿੱਲੀ (ਧਵਨ)- ਦਿੱਲੀ 'ਚ ਸ੍ਰੀ ਗੁਰੂ ਰਵਿਦਾਸ ਮੰਦਿਰ ਦਾ ਮਾਮਲਾ ਬੀਤੇ ਦਿਨ ਸੰਸਦੀ ਸੈਸ਼ਨ ਸ਼ੁਰੂ ਹੁੰਦੇ ਹੀ ਗੂੰਜ ਉਠਿਆ। ਕਾਂਗਰਸ ਸੰਸਦ ਮੈਂਬਰਾਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਤੁਗਲਕਾਬਾਦ 'ਚ ਢਾਹੇ ਗਏ ਮੰਦਿਰ ਦੇ ਨਿਰਮਾਣ ਦਾ ਕੰਮ ਤੁਰੰਤ ਸ਼ੁਰੂ ਕਰਵਾਉਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਸਿਕੰਦਰ ਲੋਧੀ ਦੇ ਸ਼ਾਸਨ ਸਮੇਂ ਸ੍ਰੀ ਗੁਰੂ ਰਵਿਦਾਸ ਜੀ ਨੇ ਇਸ ਸਥਾਨ ਦਾ ਦੌਰਾ ਕੀਤਾ ਸੀ। ਕਾਂਗਰਸੀ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਨੇ ਸੰਸਦ ਦੇ ਸਰਦ ਸੈਸ਼ਨ ਦੇ ਜ਼ੀਰੋ ਆਵਰ ਦੌਰਾਨ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਜੀ ਭਾਰਤ ਦੇ ਮਹਾਨ ਸੰਤ ਸਨ, ਜਿਨ੍ਹਾਂ ਨੇ ਸਮਾਜ 'ਚ ਫੈਲੇ ਜਾਤੀਵਾਦ ਨੂੰ ਖਤਮ ਕਰਨ ਅਤੇ ਲੋਕਾਂ 'ਚ ਸਮਾਜਿਕ ਸਮਾਨਤਾ ਲਿਆਉਣ ਲਈ ਆਪਣਾ ਖਾਸ ਯੋਗਦਾਨ ਪਾਇਆ।

ਉਨ੍ਹਾਂ ਸਦਨ ਨੂੰ ਸੂਚਿਤ ਕੀਤਾ ਕਿ ਸ੍ਰੀ ਗੁਰੂ ਰਵਿਦਾਸ ਮੰਦਿਰ ਨੂੰ 10 ਅਗਸਤ 2019 ਨੂੰ ਦਿੱਲੀ ਡਿਵੈੱਲਪਮੈਂਟ ਅਥਾਰਿਟੀ ਨੇ ਤੁਗਲਕਾਬਾਦ ਇਲਾਕੇ 'ਚ ਢਾਹ ਦਿੱਤਾ ਸੀ, ਜਿਸ ਨਾਲ ਦਲਿਤ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪੁੱਜੀ ਅਤੇ ਇਸ ਨੂੰ ਲੈ ਕੇ ਪ੍ਰੋਟੈਸਟ ਵੀ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਾਂਗਰਸ ਦੇ ਹਰਿਆਣਾ ਦੇ ਸਾਬਕਾ ਸੂਬਾਈ ਪ੍ਰਧਾਨ ਅਸ਼ੋਕ ਤੰਵਰ ਅਤੇ ਸਾਬਕਾ ਮੰਤਰੀ ਪ੍ਰਦੀਪ ਜੈਨ ਵੱਲੋਂ ਦਾਇਰ ਪਟੀਸ਼ਨ ਤੋਂ ਬਾਅਦ ਸੁਪਰੀਮ ਕੋਰਟ ਨੇ ਮੰਦਰ ਦਾ ਮੁੜ ਨਿਰਮਾਣ ਕਰਨ ਦੇ ਨਿਰਦੇਸ਼ ਦਿੱਤੇ ਸਨ।
ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਮੰਿਦਰ ਨਿਰਮਾਣ ਲਈ 400 ਵਰਗ ਮੀਟਰ ਜ਼ਮੀਨ ਦੇਣ ਦਾ ਐਲਾਨ ਕੀਤਾ ਹੈ, ਜੋ ਕਿ ਕਾਫੀ ਨਹੀਂ ਹੈ। ਉਨ੍ਹਾਂ ਕਿਹਾ ਕਿ ਸ਼ਾਨਦਾਰ ਮੰਦਿਰ ਬਣਾਉਣ ਲਈ 12000 ਵਰਗ ਗਜ਼ ਜ਼ਮੀਨ ਦਿੱਤੀ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਅਯੁੱਧਿਆ 'ਚ ਸ੍ਰੀ ਰਾਮ ਮੰਦਿਰ ਨਿਰਮਾਣ ਨੂੰ ਲੈ ਕੇ ਫੈਸਲਾ ਆਇਆ ਹੈ, ਉਸੇ ਤਰ੍ਹਾਂ ਸ੍ਰੀ ਗੁਰੂ ਰਵਿਦਾਸ ਜੀ ਦੇ ਸ਼ਰਧਾਲੂਆਂ ਦੀਆਂ ਭਾਵਨਾਵਾਂ ਨੂੰ ਦੇਖਦੇ ਹੋਏ ਸਮੁੱਚੀ ਜ਼ਮੀਨ 'ਤੇ ਜਲਦੀ ਤੋਂ ਜਲਦੀ ਮੰਦਿਰ ਦਾ ਨਿਰਮਾਣ ਹੋਣਾ ਚਾਹੀਦਾ ਹੈ।


author

shivani attri

Content Editor

Related News