ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਦੀਆਂ ਨਹੀਂ ਥੰਮ੍ਹ ਰਹੀਆਂ ਮੁਸੀਬਤਾਂ

05/14/2019 10:14:50 AM

ਜਲੰਧਰ (ਜ.ਬ.)— ਜਲੰਧਰ ਲੋਕ ਸਭਾ ਹਲਕੇ 'ਚ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਦੀਆਂ ਮੁਸੀਬਤਾਂ ਥੰਮ੍ਹਣ ਦਾ ਨਾਂ ਨਹੀਂ ਲੈ ਰਹੀਆਂ ਅਤੇ ਰੋਜ਼ਾਨਾ ਚੌਧਰੀ ਪਰਿਵਾਰ ਨੂੰ ਹਲਕੇ 'ਚ ਕਿਸੇ ਨਾ ਕਿਸੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਜਿਸ ਕਾਰਨ ਲੋਕ ਸਭਾ ਚੋਣਾਂ 'ਚ ਕਾਂਗਰਸੀ ਉਮੀਦਵਾਰ ਸੰਤੋਖ ਚੌਧਰੀ ਦੀ ਜਿੱਤ ਦਾ ਰਾਹ ਕੰਡਿਆਂ ਭਰਿਆ ਹੁੰਦਾ ਜਾ ਰਿਹਾ ਹੈ ਅਤੇ ਇਸ ਰਾਹ ਨੂੰ ਔਖਾ ਕਰਨ ਦਾ ਇਕ ਵੱਡਾ ਕਾਰਨ ਉਨ੍ਹਾਂ ਦਾ ਪੁੱਤਰ ਵਿਕਰਮਜੀਤ ਚੌਧਰੀ ਵੀ ਬਣਦਾ ਦਿਸ ਰਿਹਾ ਹੈ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਚੌਧਰੀ ਪਰਿਵਾਰ ਨੂੰ ਫਿਲੌਰ ਹਲਕੇ ਤੋਂ ਵੀ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਬੀਤ ਦਿਨ ਪਿੰਡ ਮੁਠੱਡਾ ਕਲਾਂ ਅਤੇ ਵਾਰਡ ਨੰ. 13 ਦੇ ਲਾਂਗੜੀਆਂ ਮੁਹੱਲੇ 'ਚ ਆਯੋਜਿਤ ਚੋਣ ਬੈਠਕਾਂ 'ਚ ਕਾਂਗਰਸ ਖਿਲਾਫ ਲੋਕਾਂ ਨੇ ਜੰਮ ਕੇ ਰੋਸ ਪ੍ਰਗਟ ਕੀਤਾ। ਪਿੰਡ ਮੁਠੱਡਾ ਕਲਾਂ 'ਚ ਪਿੰਡ ਵਾਸੀਆਂ ਨੇ ਚੌਧਰੀ ਸੰਤੋਖ ਸਿੰਘ ਅਤੇ ਉਨ੍ਹਾਂ ਦੇ ਪੁੱਤਰ ਅਤੇ ਫਿਲੌਰ ਹਲਕੇ ਦੇ ਇੰਚਾਰਜ ਵਿਕਰਮਜੀਤ ਚੌਧਰੀ ਖਿਲਾਫ ਮੋਰਚਾ ਖੋਲ੍ਹਦਿਆਂ ਉਨ੍ਹਾਂ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਪਿੰਡ ਦੇ ਪੰਚਾਇਤ ਘਰ ਸਾਹਮਣੇ ਕਾਲੀਆਂ ਝੰਡੀਆਂ ਹੱਥਾਂ 'ਚ ਫੜ ਕੇ ਵੱਡੀ ਗਿਣਤੀ 'ਚ ਪਿੰਡ ਵਾਸੀਆਂ ਨੇ ਵਿਕਰਮਜੀਤ ਤੇ ਕਾਂਗਰਸ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ। ਇਸ ਦੌਰਾਨ ਪਿੰਡ 'ਚ ਲੱਗੇ ਸੰਤੋਖ ਚੌਧਰੀ ਤੇ ਵਿਕਰਮਜੀਤ ਚੌਧਰੀ ਦੇ ਪੋਸਟਰਾਂ 'ਤੇ ਕਾਲਖ ਵੀ ਮਲ ਦਿੱਤੀ।

PunjabKesari

ਕਾਂਗਰਸ ਦੀ ਚੋਣ ਬੈਠਕ ਤੋਂ ਪਹਿਲਾਂ ਹੋਏ ਵਿਰੋਧ ਪ੍ਰਦਰਸ਼ਨ ਦਾ ਪਤਾ ਲੱਗਦਿਆਂ ਹੀ ਫਿਲੌਰ ਥਾਣੇ ਦੇ ਮੁਖੀ ਪ੍ਰੇਮ ਸਿੰਘ ਪੁਲਸ ਪਾਰਟੀ ਨਾਲ ਪਿੰਡ ਪਹੁੰਚੇ ਤੇ ਉਨ੍ਹਾਂ ਨੇ ਸਰਪੰਚ ਕਾਂਤੀ ਮੋਹਨ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਮੌਕੇ 'ਤੇ ਮੀਡੀਆ ਕਰਮਚਾਰੀਆਂ ਦੇ ਪਹੁੰਚ ਜਾਣ 'ਤੇ ਥਾਣਾ ਮੁਖੀ ਨੇ ਮੌਕੇ ਤੋਂ ਖਿਸਕਣ 'ਚ ਹੀ ਭਲਾਈ ਸਮਝੀ। ਸਰਪੰਚ ਕਾਂਤੀ ਮੋਹਨ ਨੇ ਦੱਸਿਆ ਕਿ ਪਿੰਡ ਵਾਸੀਆਂ ਨੇ ਗ੍ਰਾਮ ਪੰਚਾਇਤ ਦੀ ਮਾਲਕੀ ਦੀ ਜ਼ਮੀਨ 2 ਪਾਸਿਓਂ ਛੁਡਵਾਉਣ ਦਾ ਕੰਮ ਕੀਤਾ ਹੈ। ਇਕ ਪਾਸੇ ਲੈਂਡ ਮਾਫੀਆ ਤੇ ਦੂਜੇ ਪਾਸੇ ਸਰਕਾਰ ਅਤੇ ਪੁਲਸ ਕੋਲੋਂ ਜ਼ਮੀਨ ਨੂੰ ਬਚਾਇਆ ਗਿਆ ਹੈ ਪਰ ਚੌਧਰੀ ਪਰਿਵਾਰ ਜ਼ਮੀਨ ਨੂੰ ਲੈ ਕੇ ਵਾਰ-ਵਾਰ ਉਨ੍ਹਾਂ ਨੂੰ ਟਾਰਗੈੱਟ ਕਰਨ ਲਈ ਪ੍ਰੋਗਰਾਮ ਬਣਾਉਂਦੇ ਹਨ। ਬਲਾਕ ਸੰਮਤੀ ਚੋਣਾਂ 'ਚ ਵੀ ਲੋਕਾਂ ਨੇ ਚੌਧਰੀਆਂ ਦਾ ਜੰਮ ਕੇ ਵਿਰੋਧ ਕੀਤਾ ਸੀ।
ਉਨ੍ਹਾਂ ਕਿਹਾ ਕਿ ਸੱਤਾ ਦੇ ਹੰਕਾਰ 'ਚ ਡੁੱਬੇ ਚੌਧਰੀ ਜਾਣਬੁੱਝ ਕੇ ਸਾਨੂੰ ਪ੍ਰੇਸ਼ਾਨ ਕਰ ਰਹੇ ਹਨ ਅਤੇ ਦਹਿਸ਼ਤ ਦਾ ਮਾਹੌਲ ਬਣਾਉਂਦੇ ਆ ਰਹੇ ਹਨ। ਇਸੇ ਕਾਰਨ ਗੁੱਸੇ 'ਚ ਆਏ ਪਿੰਡ ਵਾਲਿਆਂ ਨੇ ਚੌਧਰੀ ਨੂੰ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਪਿੰਡ 'ਚ ਦਾਖਲ ਨਾ ਹੋਣ ਦੇਣ ਦੀਆਂ ਤਿਆਰੀਆਂ ਕਰ ਰੱਖੀਆਂ ਸਨ। ਉਪਰੰਤ ਲਾਂਗੜੀਆਂ ਮੁਹੱਲੇ 'ਚ ਵੀ ਔਰਤਾਂ ਨੇ ਬੈਠਕ 'ਚ ਰੁਕਾਵਟ ਪਾਈ ਤੇ ਚੋਣ ਪ੍ਰਚਾਰ ਲਈ ਪਹੁੰਚੇ ਵਿਕਰਮਜੀਤ ਨੂੰ ਘੇਰਿਆ। ਕਾਂਗਰਸ ਨੇ ਕਿਸੇ ਤਰ੍ਹਾਂ ਉਥੇ ਬੈਠਕ ਕਰ ਕੇ ਆਪਣੀ ਜਾਨ ਛੁਡਾਈ।

ਵਿਧਾਇਕ ਪਰਗਟ ਸਿੰਘ ਤੇ ਕੌਂਸਲਰ ਬਾਗੜੀ ਵੀ ਘਿਰੇ ਨੌਜਵਾਨਾਂ ਦੇ ਸਵਾਲਾਂ 'ਚ
ਕਾਂਗਰਸੀ ਉਮੀਦਵਾਰ ਦੇ ਵਿਰੋਧ ਤੇ ਕੈਪਟਨ ਅਮਰਿੰਦਰ ਸਰਕਾਰ ਦੇ ਚੋਣ ਵਾਅਦਿਆਂ ਕਾਰਨ ਜਨਤਾ ਵਲੋਂ ਘੇਰੀ ਜਾ ਰਹੀ ਕਾਂਗਰਸ ਲਈ ਅਗਲੇ 6 ਦਿਨ ਕਿਆਮਤ ਨਾਲ ਭਰੇ ਸਾਬਤ ਹੋ ਸਕਦੇ ਹਨ। ਬੀਤੇ ਦਿਨ ਖੁਰਲਾ ਕਿੰਗਰਾ 'ਚ ਕੌਂਸਲਰ ਬਾਗੜੀ ਅਤੇ ਕੌਂਸਲਰ ਪਤੀ ਅਮਰੀਕ ਬਾਗੜੀ ਨੇ ਚੌਧਰੀ ਦੇ ਸਮਰਥਨ 'ਚ ਇਕ ਬੈਠਕ ਆਯੋਜਿਤ ਕਰ ਰੱਖੀ ਸੀ ਪਰ ਇਹ ਦੌਰਾਨ ਹੀ ਨੌਜਵਾਨਾਂ ਨੇ ਵਿਧਾਇਕ ਪਰਗਟ ਸਿੰਘ ਨੂੰ ਕੈ. ਅਮਰਿੰਦਰ ਸਰਕਾਰ ਦੇ ਚੋਣ ਵਾਅਦਿਆਂ 'ਤੇ ਘੇਰਦਿਆਂ ਉਨ੍ਹਾਂ ਦੇ ਸਾਹਮਣੇ ਸਵਾਲਾਂ ਦੀ ਝੜੀ ਲਾ ਦਿੱਤੀ। ਨੌਜਵਾਨਾਂ ਨੇ ਵਿਧਾਇਕ ਪਰਗਟ ਨੂੰ ਕਿਹਾ ਕਿ ਘਰ-ਘਰ ਨੌਕਰੀ ਦਾ ਵਾਅਦਾ ਕਿੱਥੇ ਗਿਆ? ਬੇਰੋਜ਼ਗਾਰੀ ਭੱਤਾ ਕਿਉਂ ਨਹੀਂ ਮਿਲਿਆ? ਪੈਨਸ਼ਨ ਅਤੇ ਸ਼ਗਨ ਸਕੀਮ ਦਾ ਵਾਅਦਾ ਪੂਰਾ ਕਿਉਂ ਨਹੀਂ ਹੋਇਆ? ਸਰਕਾਰ ਬਣੇ ਨੂੰ ਸਵਾ 2 ਸਾਲ ਹੋ ਚੁੱਕੇ ਹਨ ਪਰ ਉਨ੍ਹਾਂ ਨੂੰ ਸਿਰਫ ਝੂਠੇ ਭਰੋਸੇ ਤੋਂ ਬਿਨਾਂ ਕੁਝ ਨਹੀਂ ਮਿਲ ਰਿਹਾ ਹੈ। ਜੋ ਵੀ ਹੋਵੇ ਜਿਸ ਤਰ੍ਹਾਂ ਹਰੇਕ ਹਲਕੇ 'ਚ ਕਾਂਗਰਸੀ ਉਮੀਦਵਾਰ ਤੇ ਕੈਪਟਨ ਸਰਕਾਰ ਦੇ ਵਾਅਦਿਆਂ ਦਾ ਮੁੱਦਾ ਲੋਕਾਂ ਦੇ ਸਵਾਲਾਂ ਦੇ ਜ਼ਰੀਏ ਉਛਲ ਰਿਹਾ ਹੈ, ਉਸ ਤੋਂ ਪਤਾ ਲੱਗਦਾ ਹੈ ਕਿ ਵਿਰੋਧੀ ਪਾਰਟੀਆਂ ਦਾ ਕੰਮ ਖੁਦ ਕਾਂਗਰਸ ਪਾਰਟੀ ਦਾ ਵਿਰੋਧ ਹੀ ਪੂਰਾ ਕਰ ਰਿਹਾ ਹੈ।


shivani attri

Content Editor

Related News