ਡੇਰਾ ਮੁਖੀ ਨੂੰ ਅਦਾਲਤ ''ਚ ਪੇਸ਼ ਹੋਣ ਦੇ ਹੁਕਮ, ਸ਼ਰਧਾਲੂਆਂ ਨੇ ਕਿਹਾ ''ਪਿਤਾ ਜੀ ਪੇਸ਼ੀ ''ਤੇ ਗਏ ਤਾਂ ਲੱਗ ਜਾਣਗੇ ਲਾਸ਼ਾਂ ਦੇ ਢੇਰ

08/19/2017 10:06:28 PM

ਬਠਿੰਡਾ (ਬਲਵਿੰਦਰ)-ਡੇਰਾ ਸਿਰਸਾ ਦੇ ਮੁਖੀ ਪ੍ਰਤੀ ਉਨ੍ਹਾਂ ਦੇ ਸ਼ਰਧਾਲੂਆਂ ਦੀ ਸ਼ਰਧਾ ਇਸ ਪੱਧਰ ਤੱਕ ਪਹੁੰਚ ਚੁੱਕੀ ਹੈ ਕਿ ਉਹ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਹੋਣ ਤੋਂ ਵੀ ਰੋਕ ਰਹੇ ਹਨ, ਜਿਨ੍ਹਾਂ ਬੀਤੀ ਰਾਤ ਸੰਤ ਗੁਰਮੀਤ ਸਿੰਘ ਨੂੰ ਸਪੱਸ਼ਟ ਕਹਿ ਦਿੱਤਾ ਕਿ 'ਪਿਤਾ ਜੀ, ਅਦਾਲਤ ਜਾਣਾ ਹੋਵੇ ਤਾਂ ਸਾਡੀਆਂ ਲਾਸ਼ਾਂ ਤੋਂ ਗੁਜ਼ਰਨਾ ਪਵੇਗਾ।' ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਡੇਰੇ ਦੇ ਹੱਕ 'ਚ ਦਿੱਲੀ ਦਰਬਾਰ ਵਿਚ ਵੀ ਮੀਟਿੰਗਾਂ ਕਰ ਰਹੇ ਹਨ।
ਭਰੋਸੇਯੋਗ ਸੂਤਰਾਂ ਅਨੁਸਾਰ ਸੀ. ਬੀ. ਆਈ. ਕੋਰਟ ਪੰਚਕੂਲਾ 'ਚ ਚੱਲ ਰਹੇ ਕੇਸ ਦਾ ਫੈਸਲਾ ਸੁਣਾਉਣ ਖਾਤਰ 25 ਅਗਸਤ 2017 ਰਾਖਵੀਂ ਰੱਖੀ ਗਈ ਹੈ, ਜਿਸ ਵਿਚ ਡੇਰਾ ਮੁਖੀ ਨੂੰ ਖੁਦ ਪੇਸ਼ ਹੋਣ ਦੇ ਆਦੇਸ਼ ਦਿੱਤੇ ਗਏ ਹਨ। ਇਸ ਤੋਂ ਪਹਿਲਾਂ ਉਹ ਡੇਰਾ ਸਿਰਸਾ ਤੋਂ ਵੀਡੀਓ ਕਾਨਫਰੰਸ ਰਾਹੀਂ ਹੀ ਅਦਾਲਤ ਵਿਚ ਪੇਸ਼ ਹੋ ਰਹੇ ਸਨ। ਉਸ ਦਿਨ ਫੈਸਲਾ ਡੇਰਾ ਮੁਖੀ ਦੇ ਹੱਕ 'ਚ ਜਾਂਦਾ ਹੈ ਜਾਂ ਖਿਲਾਫ, ਇਹ ਸਵਾਲ ਤਾਂ ਬਾਅਦ ਵਿਚ ਖੜ੍ਹਾ ਹੋਵੇਗਾ ਪਰ ਰੌਲਾ ਉਸ ਤੋਂ ਪਹਿਲਾਂ ਹੀ ਪੈ ਗਿਆ ਹੈ ਕਿਉਂਕਿ ਬੀਤੀ ਰਾਤ ਡੇਰਾ ਸਿਰਸਾ ਦੀ ਗੁਫਾ ਵਿਚ ਇਕ ਵਿਸ਼ਾਲ ਮੀਟਿੰਗ ਹੋਈ। ਇਥੇ ਸੰਤ ਗੁਰਮੀਤ ਸਿੰਘ ਵੀ ਮੌਜੂਦ ਸਨ।
ਸੰਤ ਗੁਰਮੀਤ ਸਿੰਘ ਦਾ ਕਹਿਣਾ ਸੀ ਕਿ ਉਹ 25 ਅਗਸਤ ਨੂੰ ਅਦਾਲਤ ਵਿਚ ਪੇਸ਼ ਹੋਣਗੇ ਪਰ ਮੌਕੇ 'ਤੇ ਡੇਰਾ ਪ੍ਰੇਮੀ ਨਾ ਪਹੁੰਚਣ ਤੇ ਨਾ ਹੀ ਕਾਨੂੰਨ ਨੂੰ ਹੱਥ ਵਿਚ ਲਿਆ ਜਾਵੇ ਕਿਉਂਕਿ ਅਦਾਲਤ ਦਾ ਮਾਣ-ਸਤਿਕਾਰ ਬਹਾਲ ਰੱਖਣਾ ਬਹੁਤ ਜ਼ਰੂਰੀ ਹੈ। ਇਸ ਤਰ੍ਹਾਂ ਦੇ ਭਾਸ਼ਣ ਤੋਂ ਬਾਅਦ ਡੇਰਾ ਪ੍ਰੇਮੀ ਭੜਕ ਗਏ, ਜਿਨ੍ਹਾਂ ਦਾ ਕਹਿਣਾ ਸੀ ਕਿ ''ਪਿਤਾ ਜੀ, ਡੇਰਾ ਸਲਾਬਪੁਰਾ ਵਿਖੇ ਜਾਮ-ਏ-ਇੰਸਾਂ ਪਿਲਾਉਣ ਸਮੇਂ ਤੁਸੀਂ ਕਿਹਾ ਸੀ ਕਿ ਅੱਜ ਤੋਂ ਬਾਅਦ ਸਮੂਹ ਡੇਰਾ ਪ੍ਰੇਮੀ ਤੇ ਡੇਰਾ ਮੁਖੀ ਇਕ ਹਨ, ਸਾਰੇ ਡੇਰਾ ਪ੍ਰੇਮੀ ਉਨ੍ਹਾਂ ਦੀ ਹਰੇਕ ਗੱਲ ਮੰਨਣਗੇ ਅਤੇ ਉਹ ਸਾਰੇ ਡੇਰਾ ਪ੍ਰੇਮੀਆਂ ਦੀ ਹਰੇਕ ਗੱਲ ਮੰਨਣ ਦੇ ਪਾਬੰਦ ਹੋਣਗੇ। ਇਸ ਲਈ ਸਾਡਾ ਫੈਸਲਾ ਹੈ ਕਿ ਉਹ ਸਮੂਹ ਡੇਰਾ ਪ੍ਰੇਮੀਆਂ ਦੀ ਗੱਲ ਮੰਨ ਕੇ ਅਦਾਲਤ ਵਿਚ ਪੇਸ਼ ਹੋਣ ਦਾ ਖਿਆਲ ਛੱਡ ਦੇਣ। ਜੇਕਰ ਉਨ੍ਹਾਂ ਅਦਾਲਤ ਵਿਚ ਪੇਸ਼ ਹੋਣ ਦੀ ਕੋਸ਼ਿਸ਼ ਕੀਤੀ ਤਾਂ ਉਹ ਕਾਫਲੇ ਦੀਆਂ ਕਾਰਾਂ ਅੱਗੇ ਲੇਟ ਜਾਣਗੇ, ਜੇਕਰ ਉਹ ਉਨ੍ਹਾਂ ਦੀਆਂ ਲਾਸ਼ਾਂ ਤੋਂ ਲੰਘ ਕੇ ਜਾਣਾ ਚਾਹੁਣ ਤਾਂ ਜ਼ਰੂਰ ਚਲੇ ਜਾਣ, ਕਿਉਂਕਿ ਉਨ੍ਹਾਂ ਦੇ ਜਿਊਂਦੇ-ਜੀਅ ਉਹ ਅਦਾਲਤ 'ਚ ਪੇਸ਼ ਨਹੀਂ ਹੋ ਸਕਣਗੇ।'' ਉਨ੍ਹਾਂ ਦਾ ਕਹਿਣਾ ਸੀ ਕਿ ਉਹ ਸਾਰੇ ਆਪਣੇ ਗੁਰੂ ਦੀ ਹੀ ਗੱਲ ਮੰਨਦੇ ਰਹੇ ਹਨ ਪਰ ਇਸ ਮਾਮਲੇ 'ਚ ਉਹ ਆਪਣੀ ਗੱਲ ਹੀ ਮਨਵਾਉਣਗੇ। ਸੰਤ ਗੁਰਮੀਤ ਸਿੰਘ ਨੇ ਸਭ ਨੂੰ ਬਹੁਤ ਸਮਝਾਇਆ ਪਰ ਦੇਰ ਰਾਤ ਤੱਕ ਡੇਰਾ ਪ੍ਰੇਮੀ ਆਪਣੀ ਜ਼ਿੱਦ 'ਤੇ ਅੜੇ ਰਹੇ।
ਦੂਜੇ ਪਾਸੇ ਸੂਤਰਾਂ ਤੋਂ ਇਹ ਵੀ ਪਤਾ ਲੱਗਾ ਹੈ ਕਿ ਡੇਰਾ ਸਿਰਸਾ ਦੇ ਸਹਿਯੋਗ ਨਾਲ ਬਣੀ ਹਰਿਆਣਾ ਭਾਜਪਾ ਸਰਕਾਰ ਵੀ ਡੇਰਾ ਮੁਖੀ ਦੀ ਮਦਦ ਕਰਨ ਦੇ ਮੂਡ ਵਿਚ ਹੈ ਕਿਉਂਕਿ ਬੀਤੇ ਕੱਲ ਮੁੱਖ ਮੰਤਰੀ ਹਰਿਆਣਾ ਦਿੱਲੀ ਵਿਚ ਅਮਿਤ ਸ਼ਾਹ ਪ੍ਰਧਾਨ ਭਾਜਪਾ ਨੂੰ ਮਿਲ ਕੇ ਆਏ ਹਨ। ਸ਼ੱਕ ਹੈ ਕਿ ਉਨ੍ਹਾਂ ਡੇਰਾ ਮੁਖੀ ਦੀ ਮਦਦ ਕਰਨ ਦੀ ਗੁਹਾਰ ਹੀ ਲਗਾਈ ਹੋਵੇਗੀ। ਫਿਰ ਸ਼ਾਮ ਸਮੇਂ ਹਰਿਆਣਾ ਦੇ ਸਿੱਖਿਆ ਮੰਤਰੀ ਡੇਰੇ 'ਚ ਪਹੁੰਚੇ ਅਤੇ ਪ੍ਰੇਮੀਆਂ ਨੂੰ ਭਰੋਸਾ ਦਿਵਾਇਆ ਕਿ ਉਹ ਡੇਰੇ ਦੇ ਨਾਲ ਖੜ੍ਹੇ ਹਨ, ਜਦਕਿ ਮੁੱਖ ਮੰਤਰੀ ਹਰਿਆਣਾ ਖੁਦ ਦਿੱਲੀ ਵਿਚ ਜਾ ਕੇ ਪਾਰਟੀ ਪ੍ਰਧਾਨ ਨਾਲ ਗੱਲ ਕਰ ਚੁੱਕੇ ਹਨ।


Related News