ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਪੰਥ ਦਾ ਇਕ ਹਿੱਸਾ ਸਨ: ਸੁਖਬੀਰ ਬਾਦਲ
Saturday, Jun 04, 2022 - 03:24 PM (IST)
ਬੇਗੋਵਾਲ (ਰਜਿੰਦਰ)- ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲੇ ਪੰਥ ਦਾ ਇਕ ਹਿੱਸਾ ਸਨ, ਉਨ੍ਹਾਂ ਦੇ ਖ਼ੂਨ ਦੇ ਇਕ-ਇਕ ਕਤਰੇ ਵਿਚ ਪੰਥ ਸੀ। ਜਿਵੇਂ ਆਪਣੀ ਕੌਮ ਨੂੰ ਮੀਰੀ ਪੀਰੀ ਦਾ ਸਿਧਾਂਤ ਦਿੱਤਾ ਗਿਆ ਹੈ, ਉਹ ਉਸੇ ਸਿਧਾਂਤ 'ਤੇ ਚੱਲਣ ਵਾਲੇ ਸਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕੀਤਾ। ਬਾਦਲ ਬੇਗੋਵਾਲ ਵਿਖੇ ਸੰਤ ਬਾਬਾ ਪ੍ਰੇਮ ਸਿੰਘ ਜੀ ਮੁਰਾਲੇ ਵਾਲਿਆਂ ਦੀ 72ਵੀਂ ਬਰਸੀ ਮੌਕੇ ਆਯੋਜਿਤ ਕੀਤੇ ਸਮਾਗਮ ਦੌਰਾਨ ਸੰਗਤਾਂ ਦੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਸੰਤ ਮਹਾਂਪੁਰਖਾਂ ਨੇ ਵਿੱਦਿਆ ਦੇ ਖ਼ੇਤਰ ਅਤੇ ਸਮਾਜ ਦੇ ਖ਼ੇਤਰ ਵਿਚ ਜਿੱਥੇ ਯੋਗਦਾਨ ਪਾਇਆ, ਉੱਥੇ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਿਆ।
ਉਨ੍ਹਾਂ ਕਿਹਾ ਕਿ ਬੀਬੀ ਜਗੀਰ ਕੌਰ ਇਸ ਅਸਥਾਨ ਦੀ ਸੇਵਾ ਸੰਭਾਲ ਰਹੇ ਹਨ ਅਤੇ ਹਰੇਕ ਸਾਲ ਇਥੇ ਸਮਾਗਮ ਕਰਵਾਉਂਦੇ ਹਨ। ਆਪਾਂ ਨਵੀਆਂ ਪੀੜ੍ਹੀਆਂ ਨੂੰ ਇਨ੍ਹਾਂ ਧਾਰਮਿਕ ਸਮਾਗਮਾਂ ਵਿਚ ਨਾਲ ਲਿਆ ਕੇ ਪੁਰਾਣੇ ਇਤਿਹਾਸ ਬਾਰੇ ਜਾਣੂ ਕਰਵਾਉਂਦੇ ਹਾਂ, ਅਜਿਹਾ ਕਰਕੇ ਆਪਾਂ ਇਤਿਹਾਸ ਨੂੰ ਜਿਊਂਦਾ ਰੱਖਦੇ ਹਾਂ। ਉਨ੍ਹਾਂ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਦਿਆਂ ਕਿਹਾ ਕਿ ਸਾਨੂੰ ਸੰਤ ਮਹਾਂਪੁਰਖਾਂ ਦੇ ਦੱਸੇ ਹੋਏ ਰਸਤੇ 'ਤੇ ਚੱਲਣਾ ਚਾਹੀਦਾ ਹੈ। ਸਮਾਗਮ ਦੌਰਾਨ ਉਚੇਚੇ ਤੌਰ 'ਤੇ ਪਹੁੰਚੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕਰਦਿਆਂ ਕਿਹਾ ਕੇ ਸੰਤ ਮਹਾਂਪੁਰਖਾਂ ਨੇ ਆਪਣੇ ਸਰਕਲ ਵਿਚ ਆਉਂਦੇ ਸਾਰੇ ਸਿੱਖਾਂ ਨੂੰ ਜਿੱਥੇ ਨਾਮ ਬਾਣੀ ਅਤੇ ਗੁਰਬਾਣੀ ਨਾਲ ਜੋੜਿਆ, ਉਥੇ ਪੈਰਾਂ 'ਤੇ ਖੜ੍ਹੇ ਹੋਣ ਲਈ ਗਿਆਨਵਾਨ ਬਣਾਉਣ ਦਾ ਨਿਸ਼ਚਾ ਵੀ ਕੀਤਾ ਅਤੇ ਇਸ ਲਈ ਸਕੂਲ ਖੋਲ੍ਹੇ ਜੋਕਿ ਬਹੁਤ ਵੱਡਾ ਪਰਉਪਕਾਰ ਹੈ।
ਇਹ ਵੀ ਪੜ੍ਹੋ: ਪੰਜਾਬ ’ਚ 45 ਗੈਂਗਸਟਰਾਂ ਸਰਗਰਮ, ਗਾਇਕਾਂ ਤੇ ਅਭਿਨੇਤਾਵਾਂ ਤੋਂ ਲੈ ਵੀ ਚੁੱਕੇ ਨੇ 10-10 ਲੱਖ ਦੀ ਰੰਗਦਾਰੀ
ਉਨ੍ਹਾਂ ਕਿਹਾ ਕਿ ਕਿਸੇ ਨੂੰ ਰੋਜ਼ਗਾਰ ਦੇ ਲਾਇਕ ਬਣਾ ਦੇਣਾ ਜਾਂ ਰੋਜ਼ਗਾਰ ਦੇਣਾ ਸਭ ਤੋਂ ਵੱਡਾ ਪੁੰਨ ਹੈ ਅਤੇ ਕਿਸੇ ਦਾ ਰਿਜ਼ਕ ਜਾਂ ਰੋਜ਼ਗਾਰ ਖੋਹਣਾ ਇਸ ਤੋਂ ਵੱਡਾ ਕੋਈ ਗੁਨਾਹ ਨਹੀਂ ਹੈ। ਉਨ੍ਹਾਂ ਕਿਹਾ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਨੇ ਗੁਰੂ ਨਾਨਕ ਜੀ ਦੇ ਘਰ ਦੇ ਅਨੇਕਾਂ ਸਿੱਖਾਂ ਦੇ ਬੱਚਿਆਂ ਨੂੰ ਪੜ੍ਹਾਇਆ ਅਤੇ ਪੈਰਾਂ ਸਿਰ ਖੜ੍ਹੇ ਹੋਣ ਵਾਸਤੇ ਯੋਗ ਸਹਾਇਤਾ ਦਿੱਤੀ। ਜਿਸ ਕਰਕੇ ਅੱਜ ਉਹ ਪਰਿਵਾਰ ਦੇਸ਼ਾਂ-ਵਿਦੇਸ਼ਾਂ ਵਿਚ ਖ਼ੁਸ਼ਹਾਲ ਜ਼ਿੰਦਗੀ ਬਤੀਤ ਕਰ ਰਹੇ ਹਨ। ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਸ਼ਹੀਦਾਂ ਦੇ ਸਿਰਤਾਜ ਸ੍ਰੀ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਗੱਲ ਕਰੀਏ ਤਾਂ ਉਨ੍ਹਾਂ ਦੀਆਂ ਦੇਣਾ ਬਹੁਤ ਵੱਡੀਆਂ ਹਨ ਅਤੇ ਉਨ੍ਹਾਂ ਦੀ ਸ਼ਹਾਦਤ ਸਾਰੇ ਸਿੱਖਾਂ ਲਈ ਪ੍ਰੇਰਨਾ ਸਰੋਤ ਰਹੀ ਹੈ ਤੇ ਰਹੇਗੀ। ਅਸਥਾਨ ਦੀ ਮੁੱਖ ਸੇਵਾਦਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਸੰਤ ਬਾਬਾ ਪ੍ਰੇਮ ਸਿੰਘ ਜੀ ਦੀ ਜੀਵਨੀ ਬਾਰੇ ਜਾਣਕਾਰੀ ਦਿੰਦੇ ਹੋਏ ਸੰਤਾਂ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ। ਉਨ੍ਹਾਂ ਦਸਿਆ ਕਿ ਸੰਤ ਬਾਬਾ ਪ੍ਰੇਮ ਸਿੰਘ ਜੀ ਜਿੱਥੇ 28 ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ, ਉਥੇ ਉਹ ਦੋ ਵਾਰ ਵਿਧਾਇਕ ਚੁਣੇ ਗਏ। ਇਸ ਦੇ ਨਾਲ ਹੀ ਸੰਤਾਂ ਨੇ ਵਿੱਦਿਆ ਦੇ ਖ਼ੇਤਰ ਵਿਚ ਪ੍ਰਸਾਰ ਕਰਦੇ ਹੋਏ ਪੰਜ ਸਕੂਲ ਵੀ ਖੋਲ੍ਹੇ।
ਇਹ ਵੀ ਪੜ੍ਹੋ: ਪੰਜਾਬ ਦੇ 2700 ਇੱਟਾਂ ਦੇ ਭੱਠੇ ਅਗਸਤ ਤੋਂ ਅਣਮਿੱਥੇ ਸਮੇਂ ਲਈ ਬੰਦ ਕਰਨ ਦਾ ਐਲਾਨ, ਜਾਣੋ ਕਿਉਂ
ਉਨ੍ਹਾਂ ਦੱਸਿਆ ਕਿ ਸੰਤਾਂ ਨੇ ਲੱਖਾਂ ਦੀ ਗਿਣਤੀ ਵਿਚ ਲੋਕਾਂ ਨੂੰ ਅੰਮ੍ਰਿਤ ਛਕਾਇਆ ਅਤੇ ਸਿੱਖ ਧਰਮ ਨਾਲ ਜੋਡ਼ਿਆ ਅਤੇ ਲੋਕਾਂ ਨੂੰ ਪਾਖੰਡਾਂ ਭਰਮਾਂ ਤੇ ਵਹਿਮਾਂ ਵਿੱਚ ਪੈਣ ਤੋਂ ਵਰਜਿਤ ਕੀਤਾ। ਇਸ ਮੌਕੇ ਯੁਵਰਾਜ ਭੁਪਿੰਦਰ ਸਿੰਘ, ਰਜਨੀਤ ਕੌਰ ਡੇਜੀ,ਸੁਰਜੀਤ ਸਿੰਘ ਰੱਖੜਾ ,ਕਰਨੈਲ ਸਿੰਘ ਪੰਜੋਲੀ, ਸੁਰਿੰਦਰ ਸਿੰਘ ਭੂਲੇਵਾਲ ਰਾਠਾਂ, ਸ਼੍ਰੋਮਣੀ ਕਮੇਟੀ ਮੈਂਬਰ ਅਮਰੀਕ ਸਿੰਘ, ਤਾਰਾ ਸਿੰਘ ਸੱਲਾ, ਭਾਈ ਰਾਮ ਸਿੰਘ ਅਤੇ ਕੁਲਵੰਤ ਸਿੰਘ ਮੰਨਣ, ਨਗਰ ਪੰਚਾਇਤ ਬੇਗੋਵਾਲ ਦੇ ਪ੍ਰਧਾਨ ਰਜਿੰਦਰ ਸਿੰਘ ਲਾਡੀ, ਕੌਂਸਲਰ ਦਲਜੀਤ ਸਿੰਘ, ਕੌਂਸਲਰ ਕੈਪਟਨ ਬਲਕਾਰ ਸਿੰਘ, ਗੁਰਮੀਤ ਕੌਰ ਭਟਨੂਰਾ, ਲਖਵਿੰਦਰ ਸਿੰਘ ਲੱਖੀ, ਸੁਰਜੀਤ ਸਿੰਘ ਅਬਲੋਵਾਲ ਅਤੇ ਜਰਨੈਲ ਸਿੰਘ ਡੋਗਰਾਂਵਾਲ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋ: ਕਪੂਰਥਲਾ ਦੇ ਸਿਵਲ ਹਸਪਤਾਲ ’ਚ ਰੂਹ ਕੰਬਾਊ ਵਾਰਦਾਤ, ਪਤੀ ਨੇ ਪਤਨੀ ਦਾ ਬੇਰਹਿਮੀ ਨਾਲ ਕੀਤਾ ਕਤਲ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ