ਲੁਧਿਆਣਾ : ਪੇਸ਼ੀ ਲਈ ਅਦਾਲਤ ਪੁੱਜੇ ਸੰਜੇ ਸਿੰਘ ਨੇ ਖਹਿਰਾ ਨੂੰ ਲਾਏ ਰਗੜੇ
Saturday, Jan 19, 2019 - 12:48 PM (IST)

ਲੁਧਿਆਣਾ : ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵਲੋਂ ਦਾਇਰ ਕੀਤੇ ਮਾਣਹਾਨੀ ਕੇਸ ਦੇ ਮਾਮਲੇ 'ਚ 'ਆਪ' ਦੇ ਸੀਨੀਅਰ ਨੇਤਾ ਸੰਜੇ ਸਿੰਘ ਲੁਧਿਆਣਾ ਅਦਾਲਤ 'ਚ ਪੇਸ਼ੀ ਲਈ ਪੁੱਜੇ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਜੇ ਸਿੰਘ ਨੇ ਕਿਹਾ ਕਿ ਜੇਕਰ ਪਾਰਟੀ ਸੰਗਠਿਤ ਰਹਿੰਦੀ ਤਾਂ ਪੰਜਾਬ 'ਚ ਪਾਰਟੀ ਸ਼ਾਨਦਾਰ ਪ੍ਰਦਰਸ਼ਨ ਕਰ ਸਕਦੀ ਸੀ। ਇਸ ਮੌਕੇ ਸੁਖਪਾਲ ਖਹਿਰਾ ਵਲੋਂ 'ਆਪ' 'ਦੇ ਖਤਮ ਹੋਣ ਦੇ ਦਾਅਵਿਆਂ ਦਾ ਜਵਾਬ ਦਿੰਦਿਆਂ ਸੰਜੇ ਸਿੰਘ ਨੇ ਕਿਹਾ ਕਿ ਕੌਣ ਖਤਮ ਹੋਇਆ ਅਤੇ ਕੌਣ ਜ਼ਿੰਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
ਉਨ੍ਹਾਂ ਕਿਹਾ ਕਿ ਪਾਰਟੀ ਖਿਲਾਫ ਮੁਹਿੰਮ ਛੇੜਨ ਵਾਲਿਆਂ ਨੇ ਸਿਰਫ ਪਾਰਟੀ ਦਾ ਹੀ ਨਹੀਂ, ਸਗੋਂ ਪੰਜਾਬ ਦਾ ਵੀ ਨੁਕਸਾਨ ਕੀਤਾ ਹੈ। ਸੰਜੇ ਸਿੰਘ ਨੇ ਕਿਹਾ ਕਿ ਕਾਂਗਰਸ ਆਪਣੇ ਸਾਰੇ ਵਾਅਦੇ ਪੂਰੇ ਕਰਨ 'ਚ ਨਾਕਾਮਯਾਬ ਰਹੀ ਹੈ, ਜਦੋਂ ਕਿ ਅਕਾਲੀ ਦਲ ਗੁਨਾਹਾਂ ਨਾਲ ਭਰੀ ਹੋਈ ਪਾਰਟੀ ਹੈ। ਇਸ ਲਈ ਪੰਜਾਬ ਦੇ ਲੋਕਾਂ ਕੋਲ ਕੋਈ ਬਦਲ ਨਹੀਂ ਹੈ। ਸੰਜੇ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਇਕ ਵਾਰ ਫਿਰ ਪੰਜਾਬ ਦੇ ਲੋਕਾਂ 'ਚ ਆਪਣਾ ਭਰੋਸਾ ਕਾਇਮ ਕਰੇਗੀ ਅਤੇ ਸੱਤਾ 'ਚ ਆਵੇਗੀ।