ਸੰਗਰੂਰ ਜ਼ਿਲ੍ਹੇ ’ਚ ਕੋਵਿਡ-19 ਦੀ ਪਾਜ਼ੇਟਿਵ ਦਰ 4 ਫੀਸਦੀ ਤੋਂ ਵੀ ਘੱਟ : ਡੀ. ਸੀ.

10/22/2020 11:04:00 PM

ਸੰਗਰੂਰ,(ਵਿਵੇਕ ਸਿੰਧਵਾਨੀ, ਬੇਦੀ, ਯਾਦਵਿੰਦਰ, ਸਿੰਗਲਾ)– ਮਿਸ਼ਨ ਫ਼ਤਿਹ ਤਹਿਤ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸੰਗਰੂਰ ਤੇ ਜ਼ਿਲਾ ਪ੍ਰਸ਼ਾਸਨ ਸੰਗਰੂਰ ਦੇ ਫ਼ੇਸਬੱਕ ਪੇਜ਼ ’ਤੇ ਹਫ਼ਤਾਵਾਰੀ ਲਾਈਵ ਪ੍ਰੋਗਰਾਮ ਦੌਰਾਨ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਜ਼ਿਲਾ ਸੰਗਰੂਰ ’ਚ ਕੋਵਿਡ-19 ਦੀ ਪਾਜ਼ੇਟਿਵ ਦਰ 4 ਫ਼ੀਸਦੀ ਤੋਂ ਘੱਟ ਹੈ ਜੋ ਜ਼ਿਲੇ ਦੇ ਲੋਕਾਂ ਲਈ ਚੰਗਾ ਸੰਕੇਤ ਹੈ। ਉਨ੍ਹਾਂ ਕੋਰੋਨਾ ਮਹਾਮਾਰੀ ਦੀ ਪਾਜ਼ੇਟਿਵ ਨਤੀਜਿਆਂ ’ਚ ਕਮੀ ਆਉਣ ਲਈ ਲੋਕਾਂ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ, ਜਿਨ੍ਹਾਂ ਨੇ ਸਿਹਤ ਵਿਭਾਗ ਦੀਆਂ ਟੀਮਾਂ ਨੂੰ ਸੈਂਪਲਿੰਗ ਦੌਰਾਨ ਪੂਰਾ ਸਹਿਯੋਗ ਕੀਤਾ।

ਉਨ੍ਹਾਂ ਕਿਹਾ ਕਿ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋ ਚੁੱਕਿਆ ਹੈ ਜਿਸ ਨੂੰ ਅਸੀਂ ਮਨਾਉਣਾ ਹੈ ਪਰ ਕੋਰੋਨਾ ਵਾਇਰਸ ਨੂੰ ਭੁੱਲਣਾ ਵੀ ਨਹੀਂ ਹੈ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਦਾ ਪ੍ਰਭਾਵ ਪਹਿਲਾਂ ਨਾਲੋਂ ਜ਼ਰੂਰ ਘਟਿਆ ਹੈ ਪਰ ਇਹ ਖ਼ਤਮ ਨਹੀਂ ਹੋਇਆ। ਇਸ ਲਈ ਸਿਹਤ ਵਿਭਾਗ ਤੇ ਜ਼ਿਲਾ ਪ੍ਰਸ਼ਾਸਨ ਵੱਲੋਂ ਜਾਰੀ ਸਾਵਧਾਨੀਆਂ ਜਿਵੇਂ ਮਾਸਕ ਪਾਉਣਾ, ਵਾਰ-ਵਾਰ ਹੱਥ ਧੋਣਾ ਤੇ ਢੁੱਕਵੀਂ ਸਮਾਜਿਕ ਦੂਰੀ ਬਣਾਈ ਰੱਖਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਮਾਹਿਰਾਂ ਮੁਤਾਬਕ ਹੋ ਸਕਦਾ ਹੈ ਕਿ ਕੋਵਿਡ-19 ਦੀ ਦੂਜੀ ਲਹਿਰ ਆਵੇ ਪਰ ਸਾਵਧਾਨੀਆਂ ਵਰਤਣ ਨਾਲ ਅਸੀਂ ਇਸ ਦੂਜੀ ਲਹਿਰ ਨੂੰ ਰੋਕ ਸਕਦੇ ਹਾਂ। ਉਨ੍ਹਾਂ ਕਿਹਾ ਕਿ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਸਕੂਲ ਵੀ ਖੁੱਲ੍ਹ ਚੁੱਕੇ ਹਨ ਜਿਨ੍ਹਾਂ ਵਿਦਿਆਰਥੀਆਂ ਦੇ ਮਪਿਆਂ ਨੇ ਸਹਿਮਤੀ ਦਿੱਤੀ ਉਹ ਸਕੂਲ ਜਾ ਰਹੇ ਜੋ ਕਿ ਬਹੁਤ ਖ਼ੁਸ਼ੀ ਦੀ ਗੱਲ ਹੈ।


Bharat Thapa

Content Editor

Related News