ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ-ਛੋਹ ਪ੍ਰਾਪਤ ਸੰਗਰੂਰ ਦੇ 14 ਪਿੰਡਾਂ ਦੀ ਬਦਲ ਰਹੀ ਹੈ ਨੁਹਾਰ

Saturday, Oct 12, 2019 - 03:11 PM (IST)

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਚਰਨ-ਛੋਹ ਪ੍ਰਾਪਤ ਸੰਗਰੂਰ ਦੇ 14 ਪਿੰਡਾਂ ਦੀ ਬਦਲ ਰਹੀ ਹੈ ਨੁਹਾਰ

ਸੰਗਰੂਰ (ਬੇਦੀ,ਰਾਜੇਸ਼ ਕੋਹਲੀ) : ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਪੁਰਬ ਕੌਮਾਂਤਰੀ ਪੱਧਰ 'ਤੇ ਮਨਾਇਆ ਜਾ ਰਿਹਾ ਹੈ। ਇਸ ਤਹਿਤ ਸੂਬੇ ਵਿਚ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ-ਛੋਹ ਪ੍ਰਾਪਤ ਪਿੰਡਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਇਹ ਜਾਣਕਾਰੀ ਦਿੰਦੇ ਹੋਏ ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਕੈਬਨਿਟ ਮੰਤਰੀ ਪੰਜਾਬ ਸ੍ਰੀ ਵਿਜੈਇੰਦਰ ਸਿੰਗਲਾ ਦੇ ਯਤਨਾਂ ਨਾਲ ਜ਼ਿਲਾ ਸੰਗਰੂਰ ਦੇ 14 ਪਿੰਡ ਇਸ ਯੋਜਨਾ ਦੇ ਤਹਿਤ ਸਰਵਪੱਖੀ ਵਿਕਾਸ ਲਈ ਚੁਣੇ ਗਏ ਹਨ, ਜਿਨਾਂ 'ਤੇ ਪੰਜਾਬ ਸਰਕਾਰ ਵੱਲੋਂ ਪ੍ਰਤੀ ਪਿੰਡ 1-1 ਕਰੋੜ ਰੁਪਏ ਖਰਚ ਕੀਤੇ ਜਾ ਰਹੇ ਹਨ।

PunjabKesari

ਉਨਾਂ ਦੱਸਿਆ ਕਿ ਪਹਿਲੇ ਪੜਾਅ ਅਧੀਨ ਜ਼ਿਲਾ ਸੰਗਰੂਰ ਦੇ 6 ਪਿੰਡਾਂ ਕਮਾਲਪੁਰ, ਅਕੋਈ ਸਾਹਿਬ, ਮੰਗਵਾਲ, ਬਹਾਦਰਪੁਰ, ਕਾਂਝਲਾ ਤੇ ਗਹਿਲਾਂ ਦੀ ਚੋਣ ਕੀਤੀ ਗਈ ਸੀ। ਇਨਾਂ ਪਿੰਡਾਂ ਦੇ ਵਿਕਾਸ ਕਾਰਜ ਅੰਤਿਮ ਪੜਾਅ 'ਤੇ ਹਨ ਤੇ 20 ਅਕਤੂਬਰ ਤੱਕ ਕੰਮ ਮੁਕੰਮਲ ਹੋਣ ਦੀ ਉਮੀਦ ਹੈ। ਇਸੇ ਤਰਾਂ ਦੂਜੇ ਪੜਾਅ ਅਧੀਨ ਜ਼ਿਲੇ ਦੇ 8 ਪਿੰਡਾਂ ਦੀ ਚੋਣ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ ਵੱਲੋਂ ਕੀਤੀ ਗਈ ਹੈ, ਜਿਨਾਂ ਵਿਚ ਭਲਵਾਨ, ਭੱਦਲਵੱਡ, ਖੇੜੀ ਜੱਟਾਂ, ਢਢੋਗਲ, ਭਸੌੜ, ਘਨੌੜ ਜੱਟਾਂ, ਖੁਰਾਣਾ ਤੇ ਮਸਤੂਆਣਾ ਸ਼ਾਮਲ ਹਨ। ਇਨਾਂ ਪਿੰਡਾਂ ਵਿਚ ਵੀ ਵਿਕਾਸ ਕਾਰਜ ਸ਼ੁਰੂ ਕਰਵਾਏ ਜਾ ਚੁੱਕੇ ਹਨ, ਜਿਨਾਂ ਨੂੰ 15 ਨਵੰਬਰ ਤੱਕ ਮੁਕੰਮਲ ਕਰਨ ਦਾ ਟੀਚਾ ਮਿੱਥਿਆ ਗਿਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਨਾਂ ਵਿਕਾਸ ਕਾਰਜਾਂ ਦੀ ਹਫਤਾਵਾਰੀ ਸਮੀਖਿਆ ਕੀਤੀ ਜਾ ਰਹੀ ਹੈ ਤਾਂ ਜੋ ਇਹ ਕੰਮ ਸਮੇਂ ਸਿਰ ਮੁਕੰਮਲ ਕਰਵਾ ਕੇ ਸਬੰਧਤ ਪਿੰਡਾਂ ਦੇ ਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦਾ ਤੋਹਫਾ ਦਿੱਤਾ ਜਾ ਸਕੇ।

PunjabKesari

ਇਸ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ੍ਰੀ ਰਜਿੰਦਰ ਬੱਤਰਾ ਨੇ ਦੱਸਿਆ ਕਿ ਜ਼ਿਲੇ ਦੇ ਇਨਾਂ 14 ਪਿੰਡਾਂ ਵਿਚ ਪਾਰਕ, ਜਿੰਮ ਲਈ ਕਮਰਿਆਂ ਦੀ ਉਸਾਰੀ, ਗੁਰਦੁਆਰਿਆਂ ਨੂੰ ਜਾਂਦੇ ਰਸਤਿਆਂ ਦਾ ਸੁਧਾਰ, ਪਿੰਡਾਂ ਵਿਚ ਸੀ.ਸੀ.ਟੀ.ਵੀ. ਕੈਮਰੇ, ਸਟਰੀਟ ਲਾਈਟਾਂ, ਆਂਗਣਵਾੜੀ ਸੈਂਟਰਾਂ ਦੀ ਉਸਾਰੀ, ਛੱਪੜਾਂ ਦਾ ਨਵੀਨੀਕਰਨ ਤੇ ਸੁਧਾਰ, ਸਟੇਡੀਅਮਾਂ ਦੀ ਉਸਾਰੀ, ਪਸ਼ੂ ਹਸਪਤਾਲ, ਸਿਵਲ ਹਸਪਤਾਲ ਤੇ ਪਿੰਡਾਂ ਵਿਚ ਪਹਿਲਾਂ ਤੋਂ ਮੌਜੂਦ ਬੁਨਿਆਦੀ ਢਾਂਚੇ ਦੀ ਮੁਰੰਮਤ ਤੇ ਸੰਭਾਲ ਜਿਹੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ, ਜਿਨਾਂ ਨਾਲ ਪਿੰਡਾਂ ਦੀ ਨੁਹਾਰ ਬਦਲ ਜਾਵੇਗੀ। ਇਸ ਮੌਕੇ ਕਾਰਜਕਾਰੀ ਇੰਜਨੀਅਰ ਪੰਚਾਇਤੀ ਰਾਜ ਰਣਜੀਤ ਸਿੰਘ ਸ਼ੇਰਗਿੱਲ ਨੇ ਦੱਸਿਆ ਕਿ ਉਪਰੋਕਤ ਵਿਕਾਸ ਕਾਰਜ ਪੰਚਾਇਤੀ ਰਾਜ ਵਿਭਾਗ ਵੱਲੋਂ ਪੂਰੀ ਤੇਜ਼ੀ ਨਾਲ ਕਰਾਏ ਜਾ ਰਹੇ ਹਨ ਤੇ ਅਗਲੇ ਮਹੀਨੇ ਇਨਾਂ ਪਿੰਡਾਂ ਦੇ ਵਾਸੀਆਂ ਨੂੰ ਗੁਰਪੁਰਬ ਦਾ ਤੋਹਫਾ ਮਿਲ ਜਾਵੇਗਾ।

PunjabKesari


author

cherry

Content Editor

Related News